ਕੇਂਦਰੀ ਕੈਬਨਿਟ ਦਾ ਫੇਰਬਦਲ : ਮੋਦੀ ਦਾ ਇੱਕ ਤੀਰ, ਕਈ ਨਿਸ਼ਾਨੇ

modi
-ਦਰਬਾਰਾ ਸਿੰਘ ਕਾਹਲੋਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਈ 2014 ਵਿੱਚ ਸੱਤਾ ਸੰਭਾਲਣ ਪਿੱਛੋਂ ਤਿੰਨ ਸਤੰਬਰ 2017 ਨੂੰ ਆਪਣੇ ਮੰਤਰੀ ਮੰਡਲ ਵਿੱਚ ਤੀਜੀ ਵਾਰ ਅਦਲਾ-ਬਦਲੀ ਦੀ ਪ੍ਰਕਿਰਿਆ ਰਾਹੀਂ ਇੱਕ ਤੀਰ ਨਾਲ ਕਈ ਨਿਸ਼ਾਨੇ ਵਿੰਨ੍ਹੇ ਹਨ। ਇਸ ਬਾਰੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਪਿਛਲੇ ਕੁਝ ਸਮੇਂ ਤੋਂ ਸੰਕੇਤ ਕਰ ਰਹੇ ਸਨ ਕਿ ਸੰਨ 2019 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਭਾਜਪਾ ਰਿਕਾਰਡ ਤੋੜ ਜਿੱਤ ਪ੍ਰਾਪਤ ਕਰੇਗੀ।
ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ 31 ਅਕਤੂਬਰ 1984 ਨੂੰ ਕਤਲ ਪਿੱਛੋਂ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਦਸੰਬਰ 1984 ਵਿੱਚ ਹੋਈਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਹਮਦਰਦੀ ਅਤੇ ਖਾਲਿਸਤਾਨ ਦੇ ਡਰਾਵੇ ਦੀ ਲਹਿਰ ਉੱਤੇ ਸਵਾਰ ਹੁੰਦਿਆਂ 544 ਮੈਂਬਰੀ ਲੋਕ ਸਭਾ ਵਿੱਚ 414 ਸੀਟਾਂ ਜਿੱਤ ਕੇ ਰਿਕਾਰਡ ਕਾਇਮ ਕੀਤਾ ਸੀ, ਜਿਸ ਨੂੰ ਭਾਜਪਾ ਪ੍ਰਧਾਨ ਹੁਣ ਤੋੜਨ ਦਾ ਐਲਾਨ ਅਤੇ ਦਾਅਵਾ ਕਰ ਰਹੇ ਹਨ। ਇਸ ਨੂੰ ਮੁੱਖ ਰੱਖ ਕੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨੇ ਡੂੰਘਾ ਮੰਥਨ ਕਰਦਿਆਂ ਫੈਸਲਾ ਲਿਆ ਕਿ ਕੈਬਨਿਟ ਵਿੱਚ ਫੇਰਬਦਲ ਕਰ ਕੇ ਸਿਰਫ ਭਾਜਪਾ ਦੇ ਪ੍ਰਤੀਨਿਧਾਂ ਨੂੰ ਮੰਤਰੀ ਬਣਾਇਆ ਜਾਵੇ। ਇਸ ਲਈ ਐਨ ਡੀ ਏ ਸਹਿਯੋਗੀਆਂ ਵਿੱਚੋਂ ਕਿਸੇ ਨੂੰ ਮੰਤਰੀ ਨਹੀਂ ਲਿਆ ਗਿਆ।
ਇਸ ਅਦਲਾ-ਬਦਲੀ ਤੋਂ ਸਪੱਸ਼ਟ ਹੋ ਗਿਆ ਕਿ ਪਾਰਟੀ ਅੰਦਰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਹੀ ਸੁਪਰੀਮ ਤੇ ਸ਼ਕਤੀਸ਼ਾਲੀ ਹੈ। ਵਰਣਨ ਯੋਗ ਹੈ ਕਿ ਕੈਬਨਿਟ ਦੇ ਫੇਰਬਦਲ ਵਿੱਚ ਕਿਸ ਨੂੰ ਬਾਹਰ ਦਾ ਰਸਤਾ ਵਿਖਾਉਣਾ ਹੈ, ਕਿਸ ਨੂੰ ਪ੍ਰਮੋਟ ਕਰਨਾ ਅਤੇ ਕਿਸ-ਕਿਸ ਨੂੰ ਮੰਤਰੀ ਬਣਾਉਣਾ ਹੈ, ਇਸ ਦਾ ਸਿਵਾਏ ਇਸ ਜੋੜੀ ਦੇ ਕਿਸੇ ਨੂੰ ਕੋਈ ਪਤਾ ਨਹੀਂ ਸੀ। ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਸਹੁੰ-ਚੁੱਕ ਸਮਾਗਮ ਵੇਲੇ ਭਾਜਪਾ ਤੇ ਸੰਘ ਪਰਵਾਰ ਅੰਦਰ ਇਸ ਦਾ ਪ੍ਰਗਟਾਵਾ ਕਰਦੇ ਦਰਸਾਇਆ ਕਿ ਸੰਗਠਨ ਅਤੇ ਸ਼ਾਸਨ ਅੰਦਰ ਅਮਿਤ ਸ਼ਾਹ ਨੰਬਰ ਦੋ ਦੀ ਪੁਜ਼ੀਸ਼ਨ ਰੱਖਦੇ ਹਨ।
ਨਵੇਂ ਮੰਤਰੀ ਲੈਣ ਸਮੇਂ ਨਿਪੁੰਨਤਾ ਤੇ ਤਜਰਬੇ ਦਾ ਧਿਆਨ ਰੱਖਿਆ ਗਿਆ ਹੈ। ਤਰੱਕੀ ਦੇ ਕੇ ਕੈਬਨਿਟ ਰੈਂਕ ਦੇਣ ਅਤੇ ਕੈਬਨਿਟ ਤੋਂ ਬਾਹਰਲਾ ਰਸਤਾ ਵਿਖਾਉਣ ਵੇਲੇ ‘ਇਨਾਮ ਅਤੇ ਸਜ਼ਾ’ ਦੇ ਸਿਧਾਂਤ ਨੂੰ ਧਿਆਨ ਗੋਚਰੇ ਰੱਖਿਆ ਗਿਆ ਹੈ। ਕਲਰਾਜ ਮਿਸ਼ਰ ਅਤੇ ਰਾਜੀਵ ਪ੍ਰਤਾਪ ਰੂਡੀ ਨੂੰ ਵਧੀਆ ਕੰਮ ਨਾ ਕਰਨ ਕਰ ਕੇ ਕੈਬਨਿਟ ਤੋਂ ਬਾਹਰ ਕੀਤਾ, ਜਦ ਕਿ ਇਸੇ ਪੈਮਾਨੇ ਹੇਠ ਸਾਧਵੀ ਉਮਾ ਭਾਰਤੀ ਦੇ ਪਰ ਕਤਰੇ ਗਏ। ਉਸ ਕੋਲੋਂ ਦਰਿਆਈ ਵਿਕਾਸ ਅਤੇ ਗੰਗਾ ਪੁਨਰ-ਜੀਵਨ ਮੰਤਰਾਲਾ ਵਾਪਸ ਲੈ ਕੇ ਨਿਤਿਨ ਗਡਕਰੀ ਨੂੰ ਦੇ ਦਿੱਤੇ ਹਨ। ਸੁਰੇਸ਼ ਪ੍ਰਭੂ ਤੋਂ ਰੇਲ ਮੰਤਰਾਲਾ ਵਾਪਸ ਲੈ ਕੇ ਉਨ੍ਹਾਂ ਨੂੰ ਵਣਜ ਮੰਤਰਾਲਾ ਦਿੱਤਾ ਹੇ, ਕਿਉਂਕਿ ਪਿਛਲੇ ਦਿਨੀਂ ਲਗਾਤਾਰ ਰੇਲ ਹਾਦਸੇ ਹੋਣ ਕਰ ਕੇ ਵੱਡਾ ਨੁਕਸਾਨ ਅਤੇ ਯਾਤਰੂਆਂ ਦੀਆਂ ਮੌਤਾਂ ਹੋਣ ਕਰ ਕੇ ਉਨ੍ਹਾਂ ਦੀ ਕਿਰਕਿਰੀ ਹੋ ਰਹੀ ਸੀ। ਵਧੀਆ ਕਾਰਗੁਜ਼ਾਰੀ ਦਰਸਾਉਣ ਵਾਲੇ ਰਾਜ ਮੰਤਰੀਆਂ ਧਰਮਿੰਦਰ ਪ੍ਰਧਾਨ, ਪਿਊਸ਼ ਗੋਇਲ, ਨਿਰਮਲਾ ਸੀਤਾਰਮਨ ਤੇ ਮੁਖਤਾਰ ਅੱਬਾਸ ਨਕਵੀ ਨੂੰ ਕੈਬਨਿਟ ਰੈਂਕ ਵਜੋਂ ਤਰੱਕੀ ਦਿੱਤੀ ਗਈ। ਧਰਮਿੰਦਰ ਪ੍ਰਧਾਨ ਨੂੰ ਪੈਟਰੋਲੀਅਮ, ਕੁਦਰਤੀ ਗੈਸ, ਮੁਹਾਰਤ ਵਿਕਾਸ ਅਤੇ ਉਦਮਤਾ, ਪਿਊਸ਼ ਗੋਇਲ ਨੂੰ ਰੇਲਵੇ ਅਤੇ ਕੋਲਾ, ਨਿਰਮਲਾ ਸੀਤਾਰਮਨ ਨੂੰ ਰੱਖਿਆ, ਮੁਖਤਾਰ ਅੱਬਾਸ ਨਕਵੀ ਨੂੰ ਘੱਟਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਅਲਾਟ ਕੀਤੇ ਗਏ ਹਨ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਰੱਖਿਆ ਮਹਿਕਮਾ ਆਪਣੇ ਕੋਲ ਕੁਝ ਸਮਾਂ ਰੱਖਣ ਕਰ ਕੇ ਨਿਰਮਲਾ ਸੀਤਾਰਮਨ ਦੂਸਰੀ ਔਰਤ ਅਤੇ ਪਹਿਲੀ ਕੈਬਨਿਟ ਰੈਂਕ ਦੀ ਰੱਖਿਆ ਮੰਤਰੀ ਬਣੀ ਹੈ। ਨਿਰਮਲਾ ਸੀਤਾਰਮਨ ਮਿਹਨਤੀ ਤੇ ਸਿਰੜੀ ਔਰਤ ਹੈ, ਜਿਸ ਨੇ ਆਪਣੀ ਪ੍ਰਤਿਭਾ ਨਾਲ ਕੈਬਨਿਟ ਦੇ ਨਾਲ ਪਾਰਟੀ ਸੰਗਠਨ ਵਿੱਚ ਵੀ ਕੰਮ ਕਰ ਕੀਤਾ ਹੈ, ਪਰ ਉਸ ਨੂੰ ਇਸ ਚੁਣੌਤੀ ਭਰੇ ਵਿਭਾਗ ਵਿੱਚ ਕਿੰਨੀ ਕੁ ਖੁਦਮੁਖਤਿਆਰੀ ਦਿੱਤੀ ਜਾਂਦੀ ਹੈ, ਇਹ ਸਮਾਂ ਦੱਸੇਗਾ। ਉਚ ਕੋਟੀ ਦੇ ਆਈ ਐੱਫ ਐੱਸ (ਵਿਦੇਸ਼ ਸੇਵਾ) ਦੇ ਅਧਿਕਾਰੀ ਹਰਦੀਪ ਸਿੰਘ ਪੁਰੀ ਨੇ ਵੱਖ-ਵੱਖ ਦੇਸ਼ਾਂ ਅਤੇ ਯੂ ਐੱਨ ਓ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੋਈ ਹੈ। ਉਹ ਪਾਰਲੀਮੈਂਟ ਦੇ ਕਿਸੇ ਸਦਨ ਦੇ ਮੈਂਬਰ ਨਹੀਂ, ਫਿਰ ਵੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦਾ ਆਜ਼ਾਦ ਚਾਰਜ ਦਿੱਤਾ ਗਿਆ ਹੈ। ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਤ ਹਨ।
ਇਸ ਵਜ਼ਾਰਤੀ ਫੇਰਬਦਲ ਅਤੇ ਵਾਧੇ ਵਿੱਚ ਐੱਨ ਡੀ ਏ ਭਾਈਵਾਲਾਂ ਨੂੰ ਨਾ ਭਰੋਸੇ ਵਿੱਚ ਲਿਆ ਗਿਆ ਅਤੇ ਨਾ ਸਹੁੰ ਚੁੱਕ ਸਮਾਗਮ ਦਾ ਸੱਦਾ ਦਿੱਤਾ ਗਿਆ। ਸ਼ਿਵ ਸੈਨਾ, ਅੰਨਾ ਡੀ ਐੱਮ ਕੇ, ਨਵੇਂ ਸ਼ਾਮਲ ਹੋਏ ਜਨਤਾ ਦਲ (ਯੂ), ਅਕਾਲੀ ਦਲ (ਬਾਦਲ) ਆਦਿ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੀ ਤਾਂਘ ਸੀ, ਪਰ ਇਨ੍ਹਾਂ ਦਾ ਹਾਲ ਇਹ ਹੋਇਆ ‘ਕਾਰਵਾਂ ਗੁਜ਼ਰ ਗਿਆ, ਗੁਬਾਰ ਦੇਖਦੇ ਰਹੇ।’ ਮੁੱਖ ਮੰਤਰੀ ਤੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਉੱਤੇ ਲਾਲੂ ਪ੍ਰਸਾਦ ਯਾਦਵ ਤਨਜ਼ ਕੱਸਦੇ ਕਹਿ ਰਹੇ ਸਨ ਕਿ ਜੋ ਆਪਣੇ ਲੋਕਾਂ ਨੂੰ ਧੋਖਾ ਦਿੰਦੇ ਹਨ, ਦੂਜੇ ਉਨ੍ਹਾਂ ਨੂੰ ਮੂੰਹ ਨਹੀਂ ਲਾਉਂਦੇ। ਸ਼ਿਵ ਸੈਨਾ ਆਗੂ ਵੀ ਆਪਣੇ ਕੰਡੇ ਸਾੜਦੇ ਵੇਖੇ ਗਏ। ਦਰਅਸਲ 282 ਸੀਟਾਂ ਲੋਕ ਸਭਾ ਸਦਨ ਵਿੱਚ ਰੱਖਣ ਵਾਲੀ ਭਾਜਪਾ ਅਤੇ ਇਸ ਦੇ ਗਤੀਸ਼ੀਲ ਪ੍ਰਧਾਨ ਅਮਿਤ ਸ਼ਾਹ ਦੇ ਬਹੁਤ ਵੱਡੇ ਆਜ਼ਾਦਾਨਾ ਇਰਾਦੇ ਹਨ।
ਕੈਬਨਿਟ ਦੇ ਇਸ ਫੇਰਬਦਲ ਦਾ ਚਿੰਤਾ ਜਨਕ ਪਹਿਲੂ ਇਹ ਹੈ ਕਿ ਨੋਟਬੰਦੀ ਕਰ ਕੇ ਦੇਸ਼ ਦੀ ਜੀ ਡੀ ਪੀ ਇਸ ਸਮੇਂ 5.7 ਫੀਸਦੀ ਵਿਕਾਸ ਦਰ ਨਾਲ ਬਹੁਤ ਹੇਠਾਂ ਆ ਚੁੱਕੀ ਹੈ, ਭਿ੍ਰਸ਼ਟਾਚਾਰ ਦੇ ਖੇਤਰ ਵਿੱਚ ਏਸ਼ੀਆ ਦੇ ਸਭ ਤੋਂ ਵੱਧ ਭਿ੍ਰਸ਼ਟਾਚਾਰੀ ਦੇਸ਼ ਵਜੋਂ ਭਾਰਤ ਬਦਨਾਮ ਹੋਇਆ ਹੈ। ਕਿਸਾਨੀ, ਛੋਟੇ ਕਾਰੋਬਾਰੀ ਤੇ ਆਮ ਲੋਕ ਬਹੁਤ ਦੁਖੀ ਹਨ। ਉਨ੍ਹਾਂ ਨੂੰ ‘ਅੱਛੇ ਦਿਨਾਂ’ ਦੀ ਕੋਈ ਆਸ ਨਹੀਂ, ਉਲਟਾ ਮਹਿੰਗਾਈ ਅਤੇ ਤੰਗਦਸਤੀ ਉਨ੍ਹਾਂ ਦਾ ਲੱਕ ਤੋੜ ਰਹੀ ਹੈ। ਮੋਦੀ ਸਰਕਾਰ ਨੇ ਆਰਥਿਕ, ਮਹਿੰਗਾਈ, ਕਿਸਾਨ ਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਸਥਿਤੀ ਨਾ ਸੁਧਾਰੀ ਤਾਂ ਬਿਨਾਂ ਸ਼ੱਕ ਮੋਦੀ-ਸ਼ਾਹ ਜੋੜੀ ਦੇ ਭਵਿੱਖੀ ਇਰਾਦੇ ਧਰੇ-ਧਰਾਏ ਵੀ ਰਹਿ ਸਕਦੇ ਹਨ। ਹੁਣ ਜੁਮਲੇਬਾਜ਼ੀਆਂ ਦੇ ਦਿਨ ਲੱਦ ਗਏ ਹਨ।