ਕੂੰਜ

-ਸੁਖਦੇਵ ਸਿੰਘ ਮਾਨ
ਮੇਰੇ ਵੀਰ ਬਲਵੀਰ ਦੇ ਭਵਨ ਵਿੱਚ ਸੰਨਾਟਾ ਹੈ। ਭਵਨ ਦੀ ਇਕ ਨੁੱਕਰੇ ਮੈਂ ਦੁਬਕੀ ਹੋਈ ਹਾਂ। ਮੇਰੇ ਕਮਰੇ ਵਿੱਚ ਅੰਧਕਾਰ ਹੈ। ਹਨੇਰਾ ਮੇਰੀ ਜ਼ਿੰਦਗੀ ਦੇ ਨਾਲ ਚੱਲਦਾ ਹੈ। ਜਦੋਂ ਕੈਂਪ ਵਿੱਚ ਪੰਦਰਾਂ ਵਰ੍ਹਿਆਂ ਦਾ ਨਰਕ ਭੋਗਿਆ, ਉਦੋਂ ਵੀ ਚਾਨਣ ਨਸੀਬ ਨਹੀਂ ਹੋਇਆ। ਹੁਣ ਜਦੋਂ ਪੰਦਰਾਂ ਵਰ੍ਹਿਆਂ ਬਾਅਦ ਕੈਂਪ ਵਿੱਚੋਂ ਰੂਹ ਨੂੰ ਪੱਛ ਦੇਣ ਵਾਲੀਆਂ ਯਾਦਾਂ ਦਾ ਭਾਰ ਲੈ ਕੇ ਆਪਣੇ ਘਰ ਪਰਤੀ ਹਾਂ ਤਾਂ ਰੌਸ਼ਨੀ ਨਹੀਂ, ਹਨੇਰਾ ਹੀ ਮਿਲਿਆ ਹੈ।
ਮਾਂ ਕਮਰੇ ਨੂੰ ਲੱਗੇ ਪਰਦੇ ਖਿੱਚਦੀ ਹੈ। ਉਸ ਦੇ ਹੱਥ ਕੰਬ ਰਹੇ ਹਨ। ਆਵਾਜ਼ ਭਰੜਾਈ ਹੋਈ ਹੈ। ਉਹ ਕੱਲ੍ਹ ਦੀ ਵੀਰ ਬਲਵੀਰ ਨਾਲ ਪਤਾ ਨਹੀਂ ਕਿੰਨੇ ਯੁੱਧ ਲੜ ਚੁੱਕੀ ਹੈ। ਟੀ ਵੀ ਦੀ ਡਿਸ਼ ਨੂੰ ਮਾਂ ਮਰੋੜ ਚੁੱਕੀ ਹੈ। ਉਹ ਪਤਾ ਨਹੀਂ ਮੈਨੂੰ ਕਿਹੜੇ ਸਪਸ਼ਟੀਕਰਨ ਦਿੰਦੀ ਬੋਲਦੀ ਹੈ, ‘ਇਹ ਖਬਰਾਂ ਵੀ ਰਾਈ ਦਾ ਪਹਾੜ ਬਣਾ ਦਿੰਦੀਆਂ ਹਨ। ਭਾਣਾ ਵਰਤ ਗਿਆ। ਬੰਦਿਆਂ ਦੀ ਕੱਲਰੀ ਜਿਥੇ ਲਿਖੀ ਹੁੰਦੀ, ਉਥੇ ਭਾਵੀ ਖਿੱਚ ਕੇ ਲੈ ਜਾਂਦੀ ਹੈ। ਯੋਗੀਸ਼ਵਰ ਦੇ ਲੇਖਾਂ ‘ਚ ਏਦਾਂ ਲਿਖਿਆ ਸੀ।’ ਮਾਂ ਬੇਵਸੀ ਵਿੱਚ ਹੱਥ ਮਲਦੀ ਮੇਰੇ ਵੱਲ ਦੇਖਦੀ ਹੈ। ਉਸ ਦੀਆਂ ਨਜ਼ਰਾਂ ਵਿੱਚ ਓਪਰਾਪਣ ਹੈ।
ਮੈਂ ਬੋਲਣਾ ਚਾਹੁੰਦੀ ਹਾਂ। ਮਾਂ ਮੈਨੂੰ ਚੁੱਪ ਰਹਿਣ ਦੀਆਂ ਨਸੀਹਤ ਦੇ ਰਹੀ ਹੈ, ‘ਹੁਣ ਤੂੰ ਬੀਤੀਆਂ ਗੱਲਾਂ ਭੁੱਲਣ ਦਾ ਯਤਨ ਕਰ। ਮੈਨੂੰ ਕੁਝ ਸੋਚਣ ਦਾ ਸਮਾਂ ਦੇ।’
ਮੈਂ ਕੱਲ੍ਹ ਦੀ ਭੁੱਖੀ ਪਿਆਸੀ ਹਾਂ। ਜਿਸ ਤਰ੍ਹਾਂ ਬਲਵੀਰ ਮੈਨੂੰ ਆਪਣੀ ਵੱਡੀ ਕਾਰ ਵਿੱਚ ਕੈਂਪ ਵਿੱਚੋਂ ਲਿਆਇਆ ਸੀ, ਉਹ ਸਮਾਂ ਵੀ ਮੇਰੇ ਲਈ ਦਰਦ ਵਾਲਾ ਸੀ। ਥਾਂ-ਥਾਂ ਪੁਲਸ ਦੇ ਨਾਕੇ ਸਨ। ਅੱਗਾਂ ਲੱਗੀਆਂ ਹੋਈਆਂ ਸਨ। ਕੁਲਹਿਣੀ ਰਾਤ ਸੀ ਉਹ। ਬਲਵੀਰ ਮੋਬਾਈਲ ‘ਤੇ ਪਤਾ ਨਹੀਂ ਕਿੱਧਰ-ਕਿੱਧਰ ਹਦਾਇਤਾਂ ਦੇ ਰਿਹਾ ਸੀ। ਪਿਛਲੀ ਸੀਟ ਉਤੇ ਉਸ ਨੇ ਮੈਨੂੰ ਇਸ ਤਰ੍ਹਾਂ ਮੂੰਹ ਸਿਰ ਲਪੇਟ ਕੇ ਬਿਠਾ ਰੱਖਿਆ ਸੀ, ਜਿਵੇਂ ਮੈਂ ਕੋਈ ਅਪਰਾਧਣ ਹੋਵਾਂ। ਜਿਵੇਂ ਮੈਂ ਹੀ ਅੱਗਾਂ ਲਾਈਆਂ ਹੋਣ। ਮੈਂ ਹੀ ਨਾਕੇ ਲਾਏ ਹੋਣ। ਜਿਵੇਂ ਮੈਂ ਬਲਵੀਰ ਦੀ ਸਲਤਨਤ ਨੂੰ ਤਬਾਹ ਕਰ ਦਿੱਤਾ ਹੋਵੇ। ਸਾਰੇ ਰਾਹ ਮੇਰਾ ਮਨ ਭਰ-ਭਰ ਡੁੱਲ੍ਹਦਾ ਰਿਹਾ। ਬਲਵੀਰ ਆਪਣੇ ਭਵਨ ਵਿੱਚ ਪਤਾ ਨਹੀਂ ਕਿਹੜੀਆਂ ਚੋਰ ਮੋਰੀਆਂ ਵਿਚ ਦੀ ਦਾਖਲ ਹੋਇਆ। ਮੇਰੀ ਬਾਂਹ ਮਾਂ ਦੇ ਹੱਥ ਫੜਾ ਉਹ ਆਪ ਪਤਾ ਨਹੀਂ ਕਿੱਧਰ ਹਦਾਇਤਾਂ ਦਿੰਦਾ ਚਲਾ ਗਿਆ।
***
ਮਾਂ ਭਵਨ ਦੇ ਕਮਰੇ ਵਿੱਚ ਫਿਰ ਪਰਤ ਆਈ। ਰੌਸ਼ਨੀ ਦੀ ਇਕ ਕਿਰਨ ਕਮਰੇ ਵਿੱਚ ਰਿਸ ਆਈ। ਮਾਂ ਕਿਰਨ ਨੂੰ ਖਤਮ ਕਰਨ ਲਈ ਪਰਦਾ ਹੋਰ ਤਾਣ ਦਿੰਦੀ ਹੈ। ਮੈਨੂੰ ਕੈਂਪ ਵਿੱਚ ਦੇਖੀ ਉਸ ਯਹੂਦੀ ਮੁੰਡੇ ਦੀ ਤਸਵੀਰ ਯਾਦ ਆਈ ਜਿਹੜਾ ਨਾਜ਼ੀ ਜੇਲ੍ਹ ਵਿੱਚ ਯੱਖ ਕਰ ਦੇਣ ਵਾਲੀ ਸਰਦ ਰਾਤ ਵਿੱਚ ਅਰਧ ਚੰਦਰਮਾ ਦੀ ਤਸਵੀਰ ਕੰਧ ਉਤੇ ਵਾਹ ਕੇ ਆਜ਼ਾਦੀ ਲਈ ਤਾਂਘਦਾ ਹੈ। ਮੈਂ ਹਾਉਕਾ ਭਰਦੀ ਹਾਂ। ਵਕਤ ਦੀ ਪਈ ਮਾਰ ਬੰਦੇ ਨੂੰ ਕਿਵੇਂ ਤੂੰਬਾ-ਤੂੰਬਾ ਕਰਕੇ ਉਡਾਉਂਦੀ ਹੈ, ਇਹ ਕੋਈ ਮੇਰੇ ਕੋਲੋਂ ਪੁੱਛੇ।
ਮਾਂ ਅਗਲਾ ਨਾਟਕ ਕੀ ਕਰੇਗੀ, ਇਹ ਦੇਖਣ ਲਈ ਮੈਂ ਥਕਾਵਟ, ਪਿਆਸ ਅਤੇ ਉਨੀਂਦਰੇ ਨਾਲ ਭਰੀਆਂ ਅੱਖਾਂ ਉਘਾੜਦੀ ਹਾਂ। ਛੋਟੀ ਹੁੰਦੀ ਕਸਬੇ ਦੀਆਂ ਕੁੜੀਆਂ ਨਾਲ ਮੰਡੀ ‘ਚ ਨਾਟਕ ਦੇਖਣ ਜਾਇਆ ਕਰਦੀ ਸਾਂ। ਬਿਲਕੁਲ ਇਸ ਕਮਰੇ ਵਿੱਚ ਤਣੇ ਪਰਦਿਆਂ ਵਰਗੇ ਕੱਪੜੇ ਦੇ ਖਿਸਕਣ ਦਾ ਅਸੀਂ ਕੁੜੀਆਂ ਪੱਬਾਂ ਭਾਰ ਹੋ ਕੇ ਇੰਤਜ਼ਾਰ ਕਰਦੀਆਂ। ਅੱਜ ਮੈਂ ਖੁਦ ਪਰਦਿਆਂ ਓਹਲੇ ਸਿਮਟੀ ਪਰਦਾ ਖਿਸਕਣ ਦਾ ਇੰਤਜ਼ਾਰ ਕਰ ਰਹੀ ਹਾਂ। ਮੈਂ ਆਪਣਾ ਸਰੀਰ ਟੋਂਹਦੀ ਹਾਂ, ਇਹ ਪਤਾ ਕਰਨ ਲਈ ਕਿ ਮੈਂ ਜ਼ਿੰਦਾ ਵੀ ਹਾਂ ਜਾਂ ਮਰ ਰਹੀ ਹਾਂ।
ਦੇਹ ‘ਚੋਂ ਗਿਲਾਨੀ ਮਹਿਸੂਸ ਹੁੰਦੀ ਹੈ, ਜਿਵੇਂ ਮੈਨੂੰ ਕਿਸੇ ਨਾਗਣ ਨੇ ਡੱਸਿਆ ਹੋਵੇ। ਇਸ ਗਿਲਾਨੀ ਬਾਰੇ ਸੋਚ ਕੇ ਅੱਖਾਂ ਫਿਰ ਭਰ ਆਈਆਂ। ਕੈਂਪ ਵਿੱਚ ਮੈਂ ਗਜ਼ਨਵੀ ਦਾ ਇਤਿਹਾਸ ਪੜ੍ਹਿਆ ਕਰਦੀ ਸੀ ਕਿ ਧੀਆਂ ਭੈਣਾਂ ਗਜ਼ਨੀ ਦੀਆਂ ਗਲੀਆਂ ‘ਚ ਟਕੇ-ਟਕੇ ਦੀਆਂ ਵਿਕੀਆਂ ਸਨ। ਰੋਂਦੀਆਂ, ਮੂੰਹ ਸਿਰ ਲਪੇਟੀ, ਗਲਾਜ਼ਤ ਦੀਆਂ ਭਰੀਆਂ ਧੀਆਂ ਭੈਣਾਂ ਦਾ ਰੂਹ ਨੂੰ ਪੱਛ ਦੇਣ ਵਾਲਾ ਇਤਿਹਾਸ। ਮੈਂ ਕੈਂਪ ਵਿੱਚ ਰੋਮ ਦੇ ਗੁਲਾਮਾਂ ਦੇ ਦੁੱਖਾਂ ਦੇ ਇਤਿਹਾਸ ਦੀਆਂ ਪੁਸਤਕਾਂ ਦੇ ਪੰਨੇ ਪਲਟੇ ਸਨ। ਹਲਟੀਆਂ, ਗੇੜਦੇ ਗੁਲਾਮ ਮੈਨੂੰ ਕੋਹਲੂ ਦੇ ਬੈਲ ਵਰਗੇ ਜਾਪਦੇ, ਜਿਸ ਦੀਆਂ ਅੱਖਾਂ ‘ਤੇ ਮਾਲਕ ਖੋਪੇ ਚਾੜ੍ਹ ਦਿੰਦਾ ਹੈ। ਆਪਣਾ ਸਰੀਰ, ਅੰਤਰ ਆਤਮਾ ਮਾਲਕ ਨੂੰ ਸੌਂਪ ਦੇਣ ਵਾਲੇ ਹੀ ਗੁਲਾਮ ਹੁੰਦੇ ਹਨ। ਜਾਗਦੀ ਜ਼ਮੀਰ ਵਾਲੇ ਤਾਂ ਸਿਰਾਂ ਧੜਾਂ ਦੀ ਬਾਜ਼ੀ ਲਾ ਕੇ ਤਖਤਾਂ ਦੇ ਪਾਵੇ ਹਿਲਾ ਦਿੰਦੇ ਹਨ। ਇਹ ਮੈਂ ਕੈਂਪ ਵਿੱਚ ਮਹਿਸੂਸ ਕਰਦੀ ਹੁੰਦੀ ਸੀ।
***
ਉਦੋਂ ਮੈਂ ਸਤਾਰਾਂ ਸਾਲ ਦੀ ਸੀ, ਜਦੋਂ ਵੀਰ ਬਲਵੀਰ ਦੀ ਕਬੀਲਦਾਰੀ ਕੱਕੇ ਰੇਤੇ ਦੇ ਟਿੱਬਿਆਂ ਵਾਂਗ ਰੋਜ਼ ਰੂਪ ਬਦਲਦੀ ਸੀ। ਉਸ ਦੀ ਜ਼ਮੀਨ ਸੁੰਗੜ ਰਹੀ ਸੀ ਤੇ ਮੈਂ ਵੇਲ ਵਾਂਗ ਵਧ ਰਹੀ ਸੀ। ਬਲਵੀਰ ਟਿੱਬਿਆਂ ਨੂੰ ਦੇਖ-ਦੇਖ ਰੋਂਦਾ। ਆਏ ਸਾਲ ਖੇਤੀ ਘਾਟਾ ਦੇ ਜਾਂਦੀ। ਮਾਂ ਤੇ ਬਲਵੀਰ ਇਕ ਦਿਨ ਉਚੀ ਪੜ੍ਹਾਈ ਦਾ ਸੁਪਨਾ ਦਿਖਾ ਕੇ ਮੈਨੂੰ ਕੈਂਪ ‘ਚ ਛੱਡ ਆਏ। ਉਥੇ ਜਾ ਕੇ ਇਕ ਵਾਰੀ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਵਿੱਦਿਆ ਦੀ ਮੰਜ਼ਿਲ ਪਾ ਲਵਾਂਗੀ, ਪਰ ਅਣਹੋਣੀਆਂ ਮੇਰੇ ਕਮਰੇ ਦੇ ਦਰਵਾਜ਼ੇ ਨੇੜੇ ਹੀ ਘੁੰਮਣ ਲੱਗੀਆਂ। ਬਾਕੀ ਕੁੜੀਆਂ ਨਾਲੋਂ ਮੇਰਾ ਕੱਦ ਲੰਬਾ ਸੀ। ਯੋਗੀਸ਼ਵਰ ਮੇਰੇ ਕਿਤਾਬਾਂ ‘ਚ ਖੁੱਭਣ ਵਾਲੇ ਦੋ ਘੰਟੇ ਚਿੜੀ ਬੱਲੇ ‘ਤੇ ਬਰਬਾਦ ਕਰਵਾ ਦਿੰਦਾ। ਉਹ ਚਿੜੀ ਨੂੰ ਸ਼ਾਟ ਦਿੰਦਾ ਤਾਂ ਉਸ ਦਾ ਪਰਛਾਵਾ ਮੇਰੇ ਉਤੇ ਪੈ ਜਾਂਦਾ। ਮੈਂ ਤ੍ਰਭਕ ਜਾਂਦੀ। ਦਿਮਾਗ ਵਿੱਚ ਹਲਚਲ ਪੈਦਾ ਕਰਦੇ ਵਿਚਾਰਾਂ ਨੂੰ ਰੱਦ ਕਰਨ ਲਈ ਮੈਂ ਕਿਤਾਬਾਂ ਦੇ ਪੰਨੇ ਪਲਟਦੀ। ਯੋਗੀਸ਼ਵਰ ਕੈਂਪ ‘ਚ ਸਾਨੂੰ ਪ੍ਰਵਚਨ ਕਰਦਾ-
‘‘ਤੁਸੀਂ ਆਪਣੇ ਗੁਨਾਹਾਂ ਦੀ ਪੰਡ ਮੇਰੀ ਝੋਲੀ ਪਾ ਦੇਵੋ। ਸੁਤੰਤਰ ਅਤੇ ਸ਼ੁੱਧ ਆਤਮਾ ਪਾ ਕੇ ਭਾਰ ਮੁਕਤ ਹੋ ਜਾਵੇ। ਆਤਮਾ ‘ਤੇ ਤਿਣਕਾ ਮਾਤਰ ਭਾਰ ਵੀ ਬੜੀ ਤਕਲੀਫ ਦਿੰਦਾ ਹੈ।”
ਪ੍ਰਵਚਨ ਵੇਲੇ ਮੈਂ ਅੱਖਾਂ ਮੀਟ ਲੈਂਦੀ, ਪਰ ਮੇਰਾ ਦਿਲ ਜ਼ੋਰ ਜ਼ੋਰ ਦੀ ਧੜਕਦਾ। ਮੇਰੇ ਅੰਦਰ ਅੰਤਰ ਯੁੱਧ ਚੱਲਦਾ, ਜੇ ਆਤਮਾ ਬੋਝ ਮੁਕਤ ਹੈ ਤਾਂ ਯੋਗੀਸ਼ਵਰ ਦਾ ਪਰਛਾਵਾਂ ਕਿਉਂ ਡਰਾਉਂਦਾ ਹੈ? ਇਸ ਸਵਾਲ ਦਾ ਜਵਾਬ ਕੈਂਪ ਵਿੱਚੋਂ ਨਾ ਮਿਲਿਆ। ਮੈਂ ਬਾਗੀ ਹੋ ਗਈ। ਕੈਂਪ ਛੱਡ ਪਿੰਡ ਨੂੰ ਦੌੜ ਆਈ। ਮੈਨੂੰ ਦੇਖ ਕੇ ਬਲਵੀਰ ਹੱਕਾ ਬੱਕਾ ਰਹਿ ਗਿਆ। ਮੈਂ ਮਾਂ ਦੇ ਗਲ ਲੱਗ ਰੋਣ ਲੱਗੀ।
‘‘ਤੂੰ ਸੂਰਜ ਨੂੰ ਕਲੰਕ ਲਾਉਂਦੀ ਏਂ। ਤੂੰ ਕੁਫਰ ਤੋਲਦੀ ਏਂ। ਤੂੰ ਆਸਥਾ ਦੇ ਨਾਂ ਉਤੇ ਕਲੰਕ ਏਂ। ਤੇਰੀ ਜੀਭ ਸੜ ਜਾਏ ਸੱਤੀਏ!” ਬਲਵੀਰ ਮੈਨੂੰ ਬਦਦੁਆਵਾਂ ਦੇਣ ਲੱਗਿਆ। ਮੈਂ ਕੈਂਪ ਬਾਰੇ ਬਹਿਸਦੀ ਰਹੀ। ਬਲਵੀਰ ਮੈਨੂੰ ਧੂਹ ਕੇ ਫਿਰ ਕੈਂਪ ਵਿੱਚ ਛੱਡ ਆਇਆ। ਮੇਰੇ ਬਾਗੀ ਰੌਂਅ ਨੂੰ ਕੈਂਪ ਵਾਲੇ ਤਾੜ ਗਏ। ਮੇਰੇ ‘ਤੇ ਸਖਤੀ ਹੋ ਗਈ। ਮੇਰੀ ਆਤਮਾ ਅੰਦਰਲਾ ਬਾਗੀ ਤੱਤ ਵਿਸ਼ ਘੋਲਦਾ ਰਹਿੰਦਾ। ਮੈਂ ਘਰ ਦੇ ਜੀਆਂ ਬਾਰੇ ਸੋਚਣਾ ਛੱਡ ਦਿੱਤਾ। ਤੂੰਬਾ-ਤੂੰਬਾ ਉਡਦੀ ਜਿੰਦ ਨੂੰ ਇਕ ਵਿਚਾਰ ਆਸਰਾ ਦਿੰਦਾ, ਬੰਦੇ ਦੀਆਂ ਦੱਸ ਦੇਹੀਆਂ ਹਨ, ਇਕ ਵਿਹਾਅ ਵੀ ਗਈ ਤਾਂ ਕੀ ਹੋਇਆ? ਮੈਂ ਜੀਵਾਂਗੀ ਜਾਂ ਮੱਥੇ ‘ਚ ਗੋਲੀ ਖਾ ਕੇ ਮਰ ਜਾਵਾਂਗੀ। ਮੈਨੂੰ ਸੁਪਨਿਆਂ ‘ਚ ਦਿਸਦਾ ਜਿਵੇਂ ਕੋਈ ਅਗਿਆਤ ਹੱਥ ਮੇਰੇ ਵਰਗੀ ਕੁੜੀ ਨੂੰ ਕੁਟੀਆ ਕੋਲ ਦੀ ਵਗਦੀ ਵੈਤਰਣੀ ਵਿਚ ਦੀ ਯੋਗੀਸ਼ਵਰ ਵੱਲ ਧੂਹ ਰਿਹਾ ਹੋਵੇ..।
***
ਇਹ ਰਾਤ ਬੜੀ ਕੁਲਹਿਣੀ ਸੀ। ਬੜੀ ਡਰਾਵਣੀ। ਯੋਗੀਸ਼ਵਰ ਬਦਾਮਾਂ ਦੇ ਬਾਗ ਵਿੱਚ ਟਹਿਲਦਾ ਫਿਰਦਾ ਸੀ। ਬਿਲਕੁਲ ਇਕੱਲਾ। ਚੰਨ ਦੀ ਚਾਨਣੀ ਬਦਾਮਾਂ ਦੇ ਬੂਟਿਆਂ ‘ਚੋਂ ਝਰ-ਝਰ ਉਸ ਦੇ ਮੁਕਟ ‘ਤੇ ਪੈ ਰਹੀ ਸੀ। ਵੈਤਰਣੀ ਕਿਨਾਰੇ ਖੜੀ ਮੈਂ ਸੋਚ ਰਹੀ ਸਾਂ, ਅੱਜ ਅਗਿਆਤ ਹੱਥ ਕਿਸ ਅਬਲਾ ਨੂੰ ਧੂਹੇਗਾ। ਇੰਨੇ ਨੂੰ ਅਚਾਨਕ ਬਦਾਮਾਂ ਦੇ ਬੂਟੇ ‘ਚੋਂ ਨਾਗਣ ਨੇ ਫੁੰਕਾਰਾ ਮਾਰਿਆ। ਯੋਗੀਸ਼ਵਰ ਕੰਬ ਗਿਆ। ਨਾਗਣ ਅੱਗੇ ਵਧੀ। ਨਾਗਣ ਦਾ ਭਰਵਾਂ ਡੰਗ ਯੋਗੀਸ਼ਵਰ ਨੂੰ ਪਿਆ। ਉਹ ਲੜਖੜਾਇਆ। ਕੱਚੇ ਬਦਾਮਾਂ ਦੇ ਗੁੱਛਿਆਂ ਨੂੰ ਹੱਥ ਪਾਉਂਦਾ ਕੁਟੀਆ ਵੱਲ ਦੌੜਦਾ ਮੂਧੇ ਮੂੰਹ ਜਾ ਡਿੱਗਿਆ। ਮੂੰਹ ‘ਚੋਂ ਝੱਗ ਵਗਣ ਲੱਗੀ। ਦੇਹ ਨੀਲੀ ਪੈ ਗਈ। ਕੈਂਪ ‘ਚ ਹਾਹਾਕਾਰ ਮੱਚ ਗਈ। ਨਾਗਣ ਬਦਾਮਾਂ ਦੇ ਬਾਗ ਤੱਕ ਪੁੱਜ ਕਿਵੇਂ ਗਈ? ਪੈਰੋਕਾਰਾਂ ਨੂੰ ਇਹ ਸਾਜ਼ਿਸ਼ ਜਾਪੀ। ਉਹ ਭੜਕ ਗਏ..।
***
ਮਾਂ ਬਲਵੀਰ ਨਾਲ ਇਕ ਹੋਰ ਯੁੱਧ ਲੜ ਕੇ ਕਮਰੇ ਵਿੱਚ ਪਰਤੀ ਹੈ। ਬਲਵੀਰ ਦੇ ਹੱਥਾਂ ‘ਚ ਅਖਬਾਰ ਦੇ ਪੰਨੇ ਖੜਕ ਰਹੇ ਹਨ। ਉਹ ਉਚੀ ਆਵਾਜ਼ ‘ਚ ਰੌਲਾ ਪਾ ਰਿਹਾ ਹੈ, ‘‘ਮਾਂ, ਤੁਸੀਂ ਮੇਰੀ ਇਕ ਨਾ ਮੰਨੀ। ਮੇਰੇ ਕੋਲ ਕੈਂਪ ਬਾਰੇ ਮਾੜੀਆਂ ਕਨਸੋਆਂ ਰੋਜ਼ ਆਉਂਦੀਆਂ ਸੀ। ਹੁਣ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਲੋਕਾਂ ਦਾ ਮੈਂ ਮੂੰਹ ਫੜ ਲਵਾਂ ਜਾਂ ਕਤਲ ਕਰ ਦਿਆਂ?” ਉਹ ‘ਤੁਸੀਂ’ ਸ਼ਬਦ ਵਰਤ ਕੇ ਮੈਨੂੰ ਵੀ ਗੁਨਾਹ ‘ਚ ਧੂਹ ਰਿਹਾ ਹੈ। ਮੈਂ ਹੈਰਾਨ ਹਾਂ, ਉਸ ਦੇ ਧੜ ‘ਤੇ ਮੂੰਹ ਕਦੋਂ ਦਾ ਲੱਗਿਆ ਹੈ, ਜਿਸ ਨੂੰ ਲੋਕਾਂ ਤੋਂ ਲੁਕਾਉਣ ਦੀ ਨੌਬਤ ਆ ਗਈ? ਰਿਸ਼ਤੇ ਗਿਰਗਿਟ ਵਾਂਗ ਰੰਗ ਬਦਲਦੇ ਹਨ, ਇਹ ਮੈਂ ਬਲਵੀਰ ਵਿਚ ਦੀ ਦੇਖ ਰਹੀ ਹਾਂ। ਇਹ ਉਹੀ ਬਲਵੀਰ ਹੈ, ਜੋ ਯੋਗੀਸ਼ਵਰ ਖਿਲਾਫ ਇਕ ਲਫਜ਼ ਵੀ ਬਰਦਾਸ਼ਤ ਨਹੀਂ ਕਰਦਾ ਸੀ। ਦਰਅਸਲ ਯੋਗੀਸ਼ਵਰ ਨੇ ਹੀ ਉਸ ਦਾ ਸ਼ੋਅਰੂਮ ਚਲਵਾ ਕੇ ਦਿੱਤਾ। ਯੋਗੀਸ਼ਵਰ ਦੀ ਨਜ਼ਰ ਸਵੱਲੀ ਹੋਈ ਤਾਂ ਉਸ ਦੇ ਟਿੱਬਿਆਂ ‘ਚ ਉਗੇ ਕੌੜੇ ਬਦਾਮ ਲੱਖਾਂ ਦੇ ਵਿਕਣ ਲੱਗੇ। ਉਹ ਮਹਿੰਗੀ ਗੱਡੀ ‘ਚ ਘੁੰਮਦਾ। ਸਿਆਸੀ ਲੋਕਾਂ ਨੂੰ ਉਂਗਲਾਂ ‘ਤੇ ਨਚਾਉਂਦਾ।
‘ਮੈਂ ਬਾਗੀ ਹੋ ਕੇ ਕੈਂਪ ਛੱਡਿਆ ਤਾਂ ਮੈਨੂੰ ਧੂਹ ਕੇ ਛੱਡ ਕੇ ਕੌਣ ਆਇਆ?’ ਬਲਵੀਰ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ।
ਬਲਵੀਰ ਦੀ ਹਰਖੀ ਆਵਾਜ਼ ਸੁਣ ਕੇ ਮਾਂ ਅਫਸੋਸ ‘ਚ ਸਿਰ ਮਾਰਦੀ ਹੈ। ਖੂਨ ਦੇ ਰਿਸ਼ਤੇ ਹੀ ਸਭ ਤੋਂ ਵੱਧ ਖੂਨ ਪੀਂਦੇ ਨੇ। ਮੇਰੀਆਂ ਅੱਖਾਂ ਗੁੱਸੇ ਨਾਲ ਭਰ ਗਈਆਂ। ਮਾਂ ਨੇ ਅਗਲਾ ਹੁਕਮ ਸੁਣਾ ਦਿੱਤਾ, ‘‘ਸੱਤੀ, ਬਲਵੀਰ ਤੈਨੂੰ ਭਵਨ ‘ਚ ਕਿਸੇ ਹੀਲੇ ਰੱਖਣਾ ਨਹੀਂ ਚਾਹੁੰਦਾ।” ਮੇਰੇ ਅੰਦਰਲੀ ਬਾਗੀ ਸੱਤੀ ਨੇ ਹੰੁਕਾਰ ਭਰੀ, ‘ਬਲਵੀਰ, ਮੇਰੀਆਂ ਕਿੰਨੇ ਥਾਂ ਬੋਲੀਆਂ ਲਾਵੇਗਾ। ਆਪਣੀ ਸਲਤਨਤ ਲਈ ਮੈਨੂੰ ਕਿੰਨੇ ਥਾਂ ਵੇਚੇਗਾ?’
‘‘..”
ਜਿਵੇਂ ਚੀਰਹਰਨ ਵੇਲੇ ਦਰੋਪਦੀ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲਿਆ ਸੀ, ਮੈਨੂੰ ਵੀ ਨਾ ਮਿਲਿਆ। ਮਾਂ ਨੇ ਦੋਸ਼ੀਆਂ ਵਾਂਗ ਨੀਵੀਂ ਪਾ ਲਈ।
***
ਮੈਂ ਮੁਰੱਬਿਆਂ ਵਾਲੇ ਦੁਹਾਜੂ ਸਰਦਾਰ ਦੇ ਵਸਣ ਲੱਗੀ। ਸਰਦਾਰ ਦੇ ਦੂਰ ਤੱਕ ਫੈਲੇ ਟਿੱਬੇ ਹਨ। ਛੋਲਿਆਂ ਦੇ ਖੇਤ ਹਨ। ਸਰਦਾਰ ਦੇ ਵਸਦਿਆਂ ਮੈਂ ਨੌਂ ਦੇਹੀਆਂ ਦੀ ਤਲਾਸ਼ ਲਈ ਮਨੋਰਥ ਪੈਦਾ ਕਰ ਲਿਆ। ਸਰਦਾਰ ਦੀ ਜ਼ਮੀਨ ਵਾਹੁੰਦੇ ਗਰੀਬ ਕਿਸਾਨਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਦਾ ਮਨੋਰਥ ਤਾਂ ਜੋ ਅੰਧਕਾਰ ‘ਚ ਫਸੇ ਬੱਚਿਆਂ ਦੇ ਮਾਪੇ ਇਨ੍ਹਾਂ ਨੂੰ ਕਿਸੇ ਵੈਤਰਣੀ ਵੱਲ ਨਾ ਧੱਕਣ। ਮੈਂ ਨਿੱਘੀ ਧੁੱਪ ‘ਚ ਖੂਬਸੂਰਤ ਸੁਪਨਾ ਉਣ ਰਹੀ ਹਾਂ। ਸਾਹਮਣੇ ਖੇਤ ‘ਚ ਇਕ ਕੂੰਜ, ਡਾਰ ਤੋਂ ਵੱਖਰੀ ਛੋਲਿਆਂ ਦੇ ਖਟਾਸ ਭਰੇ ਪੱਤੇ ਚੁਗ ਰਹੀ ਹੈ। ਮੈਨੂੰ ਆਪਣਾ ਆਪ ਕੂੰਜ ਵਰਗਾ ਜਾਪਿਆ, ਜੋ ਖੁੱਲ੍ਹੇ ਆਕਾਸ਼ ਵਿੱਚ ਉਡ ਸਕਦੀ ਹੈ, ਲੋੜ ਜ਼ਿੰਦਗੀ ‘ਚ ਮਿਲੀਆਂ ਹਾਰਾਂ ਨਾਲ ਦੋ ਹੱਥ ਕਰਨ ਦੀ ਹੈ। ਮੇਰਾ ਸੋਹਣਾ ਖਿਆਲ ਗੋਲੀ ਦੇ ਖੜਾਕ ਨਾਲ ਭੰਗ ਹੋ ਗਿਆ। ਸਰਦਾਰ ਨੇ ਮਰਦਊਪੁਣਾ ਦਿਖਾਉਣ ਲਈ ਕੂੰਜ ‘ਤੇ ਨਿਸ਼ਾਨਾ ਸਾਧਿਆ ਹੈ। ਚੌਕੰਨੀ ਕੂਜ ਆਪਣੀ ਡਾਰ ਵੱਲ ਉਡ ਗਈ। ਮੇਰਾ ਪਾਰਾ ਚੜ੍ਹ ਗਿਆ। ਮੈਂ ਸਰਦਾਰ ਦੀ ਦੁਨਾਲੀ ਖਿੱਚ ਲਈ। ਮੇਰੇ ਤੇਵਰ ਤੱਕ ਕੇ ਸਰਦਾਰ ਇਕ ਵਾਰੀ ਤਾਂ ਡੈਂਬਰਿਆਂ ਵਾਂਗ ਮੇਰੇ ਵੱਲ ਝਾਕਿਆ, ਫਿਰ ਰੋਮਾਂਟਿਕ ਗੱਲਾਂ ਕਰਨ ਲੱਗਾ। ਉਸ ਦੀ ਕਲਫ ਰੰਗੀ ਦਾੜ੍ਹੀ ਦੇ ਕਰਚਿਆਂ ‘ਚੋ ਚਿੱਟੇ ਝਾਕ ਰਹੇ ਹਨ। ਉਹ ਧੁੱਪ ਵਾਲੇ ਪਾਸੇ ਘੁੰਮਿਆ ਤਾਂ ਮੇਰੇ ‘ਤੇ ਛਾਂ ਪੈਣ ਲੱਗੀ। ਮੈਂ ਫਿਰ ਤੋਂ ਖੂਬਸੂਰਤ ਸੁਪਨੇ ਨਾਲ ਜੁੜਨ ਲਈ ਨਿਮਰਤਾ ਤੇ ਸਖਤੀ ਦੇ ਰਲੇ ਮਿਲੇ ਭਾਵ ਨਾਲ ਕਿਹਾ, ‘ਸਰਦਾਰਾ, ਪਾਸੇ ਹਟ। ਧੁੱਪ ਆਉਣ ਦੇ।’