ਕੁੱਝ ਮੰਗਾਂ ਨੂੰ ਪਾਸੇ ਰੱਖ ਕੇ ਜਲਦ ਸਿਰੇ ਚੜ੍ਹਾਈ ਜਾ ਸਕਦੀ ਹੈ ਨਾਫਟਾ ਡੀਲ : ਟਰੂਡੋ

ਵਾਸਿੰ਼ਗਟਨ, 15 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਹ ਗੱਲ ਜੋ਼ਰ ਦੇ ਕੇ ਆਖੀ ਗਈ ਕਿ ਜੇ ਕੁੱਝ ਮੰਗਾਂ ਨੂੰ ਪਾਸੇ ਰੱਖ ਦਿੱਤਾ ਜਾਵੇ ਤਾਂ ਨਾਫਟਾ ਸਮਝੌਤਾ ਜਲਦ ਸਿਰੇ ਚੜ੍ਹ ਸਕਦਾ ਹੈ।
ਮਾਹਿਰਾਂ ਵੱਲੋਂ ਇਸ ਡੀਲ ਸਬੰਧੀ ਗੱਲਬਾਤ ਦੇ ਅਗਲੇ ਸਾਲ ਤੱਕ ਟਲ ਜਾਣ ਤੋਂ ਪਹਿਲਾਂ ਟਰੂਡੋ ਵੱਲੋਂ ਇਸ ਸਬੰਧ ਵਿੱਚ ਮਾਰਿਆ ਗਿਆ ਇਹ ਆਖਰੀ ਹੰਭਲਾ ਮੰਨਿਆ ਜਾ ਰਿਹਾ ਹੈ। ਟਰੂਡੋ ਵੱਲੋਂ ਟਰੰਪ ਨੂੰ ਦਿੱਤੇ ਗਏ ਸੁਨੇਹੇ ਨੂੰ ਮੈਕਸਿਕੋ ਵਿੱਚ ਇੱਕ ਟੀਵੀ ਇੰਟਰਵਿਊ ਵਿੱਚ ਵਿਖਾਇਆ ਗਿਆ। ਉੱਥੋਂ ਦੇ ਇਕੌਨਮੀ ਮੰਤਰੀ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਦੋਵਾਂ ਆਗੂਆਂ ਦੀ ਚੈਟ ਦੇ ਕੁੱਝ ਹਿੱਸਿਆਂ ਦਾ ਖੁਲਾਸਾ ਕੀਤਾ ਸੀ।
ਅਮਰੀਕਾ ਦੇ ਰਾਸ਼ਟਰਪਤੀ ਨਾਲ ਹੋਈ ਗੱਲਬਾਤ ਬਾਰੇ ਜਦੋਂ ਟਰੂਡੋ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਮੰਨਦੇ ਹਨ ਕਿ ਇਹ ਸਮਝੌਤਾ ਜਲਦ ਸਿਰੇ ਚੜ੍ਹ ਸਕਦਾ ਹੈ। ਕੈਲਗਰੀ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਨਾਫਟਾ ਡੀਲ ਦਾ ਫਾਇਦਾ ਅਮਰੀਕਾ, ਕੈਨੇਡਾ ਤੇ ਮੈਕਸਿਕੋ ਤਿੰਨਾਂ ਮੁਲਕਾਂ ਨੂੰ ਹੋਵੇਗਾ। ਅਸੀਂ ਇਸ ਸਮਝੌਤੇ ਨੂੰ ਸਿਰੇ ਚੜ੍ਹਾਉਣ ਦੇ ਕਾਫੀ ਨੇੜੇ ਹਾਂ।
ਉਨ੍ਹਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਪਾਸੇ ਹੋਰ ਮਿਹਨਤ ਕਰਾਂਗੇ ਤੇ ਇਹ ਡੀਲ ਸਿਰੇ ਚੜ੍ਹਾ ਕੇ ਹੀ ਸਾਹ ਲਵਾਂਗੇ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਕੋਈ ਵੀ ਸਮਝੌਤਾ ਉਦੋਂ ਤੱਕ ਸਿਰੇ ਚੜ੍ਹਿਆ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਉਸ ਉੱਤੇ ਸਹੀ ਨਾ ਪੈ ਜਾਵੇ। ਅਸੀਂ ਆਪਣੀ ਸੋਚ ਨੂੰ ਸਕਾਰਾਤਮਕ ਰੱਖਕੇ ਅੱਗੇ ਵੱਧਦੇ ਰਹਾਂਗੇ। ਜਦੋਂ ਤੱਕ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਜਾਂਦਾ ਉਦੋਂ ਤੱਕ ਅਸੀਂ ਚੈਣ ਦਾ ਸਾਹ ਨਹੀਂ ਲਵਾਂਗੇ।