ਕੁੱਖ `ਚ ਉਗਦੀਆਂ ਸੂਲਾਂ

-ਡਾ ਗੁਰਬਖ਼ਸ਼ ਸਿੰਘ ਭੰਡਾਲ

ਚਿਰਾਂ ਬਾਅਦ ਕਾਲਜ ਵਿਚ ਪੜਾਉਂਦਾ ਸੰਵੇਦਨਸ਼ੀਲ ਮਿੱਤਰ ਮਿਲਿਆ। ਬੀਤੇ ਦੀਆਂ ਬਾਤਾਂ ਕਰਨ ਤੋਂ ਬਾਅਦ ਜਦ ਅਜੋਕੇ ਦੌਰ ਦੀਆਂ ਗੱਲਾਂ ਸ਼ੁਰੂ ਹੋਈਆਂ ਤਾਂ ਉਦਾਸ ਜੇਹਾ ਹੋ ਕੇ ਕਹਿਣ ਲੱਗਾ ਕਿ ਪੰਜਾਬ ਦੀਆਂ ਬਦਨਸੀਬੀ ਦੇ ਉਲਾਹਮੇ ਜਦ ਭਵਿੱਖ ਵਿਚ ਸਾਡੇ ਬੱਚੇ ਸਾਨੂੰ ਦੇਣਗੇ ਤਾਂ ਉਹਨਾਂ ਦਾ ਕੋਈ ਵੀ ਜਵਾਬ ਸਾਡੇ ਕੋਲ ਨਹੀਂ ਹੋਵੇਗਾ। ਹੁਣ ਪੰਜਾਬ ਦੇ ਤਿੰਨ ਚੌਥਾਈ ਗੱਭਰੂ ਜਾਂ ਤਾਂ ਨਸਿ਼ਆਂ `ਚ ਗਲਤਾਨ ਹੋ ਚੋਰੀਆਂ ਤੇ ਲੁੱਟਾਂ-ਖੋਹਾਂ ਦੇ ਰਾਹ ਤੁਰ ਪਏ ਨੇ ਜਾਂ ਧੀਆਂ ਭੈਣਾਂ ਦੀਆਂ ਪੱਤ ਰੋਲ ਰਹੇ ਨੇ।  ਇਹ ਕੇਹੋ ਜਹੀ ਪੰਜਾਬੀਅਤ ਅਤੇ ਮਰਦਾਊਪੁਣਾ ਸਾਡੀ ਮਾਨਸਿਕਤਾ ਵਿਚ ਘਰ ਕਰ ਗਿਆ ਏ ਕਿ ਇੱਜਤਾਂ ਬਚਾਉਣ ਵਾਲੇ ਹੁਣ ਇਜਤਾਂ ਰੋਲਣ ਵਾਲਿਆਂ ਦਾ ਖਿਤਾਬ ਪਾ ਚੁੱਕੇ ਨੇ। ਮੂਕ ਹੋ ਗਏ ਨੇ ਸਾਡੇ ਧਾਰਮਿਕ, ਰਾਜਸੀ ਜਾਂ ਸਮਾਜਿਕ ਲੀਡਰ ਜੋ ਸਿਰਫ ਼ਆਪਣੀਆਂ ਹੀ ਕੁਰਸੀਆਂ ਦੀ ਸਲਾਮਤੀ ਜਾਂ ਨਿੱਜੀ ਮੁਫਾਦ ਦੀ ਪੂਰਤੀ ਤੱਕ ਹੀ ਸੀਮਤ ਹੋ ਕੇ ਰਹਿ ਗਏ ਨੇ।

ਉਸਦਾ ਕਹਿਣਾ ਸੀ ਕਿ ਮੈਂਨੂੰ ਇਉਂ ਲੱਗਦਾ ਏ ਕਿ ਹੁਣ ਪੰਜਾਬੀਆਂ ਨੂੰ ਕੁੱਖਾਂ ਵਿਚ ਧੀਆਂ ਦੇ ਗਰਭਪਾਤ ਬੰਦ ਕਰ ਦੇਣੇ ਚਾਹੀਦੇ ਨੇ ਸਗੋਂ ਜਿਹੜੇ ਮਾਪੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਕਰਨ ਅਤੇ ਉਹਨਾਂ ਨੂੰ ਮਾਨਵੀ ਕਦਰਾਂ ਕੀਮਤਾਂ ਦੇਣ ਦੇ ਕਾਬਲ ਨਹੀਂ ਉਹਨਾਂ ਨੂੰ ਬੱਚੇ ਪੈਦਾ ਹੀ ਨਹੀਂ ਕਰਨੇ ਚਾਹੀਦੇ ਜਾਂ ਬੱਚਿਆਂ ਨੂੰ ਕੁੱਖ ਵਿਚ ਹੀ ਗਰਭਪਾਤ ਕਰਵਾ ਦੇਣਾ ਚਾਹੀਦਾ ਹੈ। ਲੋੜ ਹੈ ਕਿ ਅਸੀਂ ਮੁੰਡਿਆਂ ਨੂੰ ਜੀਵਨ ਜਾਚ ਅਤੇ ਜੀਵਨ ਸੇਧ ਦੇਈਏ ਤਾਂ ਹੀ ਸਾਡੀਆਂ ਧੀਆਂ ਦੀ ਪੱਤ ਵੀ ਮਹਿਫੂਜ਼ ਹੋਵੇਗੀ। ਉਹ ਨਸਿ਼ਆਂ ਜਾਂ ਡਾਕਿਆਂ ਦੀਆਂ ਕੁਰੀਤਿਆਂ ਤੋਂ ਬਚੇ ਰਹਿਣਗੇ। ਵਰਨਾ ਪੰਜਾਬ ਦਾ ਕੋਈ ਬਚਾਅ ਨਹੀਂ।

ਚਲੰਤ  ਸਮਾਜਿਕ ਵਰਤਾਰੇ ਦੇ ਉਲਟ ਵਿਚਾਰ, ਕਿਸੇ ਚਿੰਤਕ ਦੇ ਮਨ ਵਿਚ ਉਸ ਸਮੇਂ ਹੀ ਪਨਪਦੇ ਨੇ ਜਦ ਪਾਣੀ ਪੁੱਲਾਂ ਤੋਂ ਟੱਪ ਜਾਵੇ ਅਤੇ ਸਮਾਜਿਕ ਵਹਿਸ਼ੀਪੁਣੇ ਜਾਂ ਹਨੇਰਗਰਦੀ ਦੀ ਅੱਤ ਹੋ ਜਾਵੇ। ਅਜੇਹਾ ਪੰਜਾਬ ਵਿਚ ਹੋ ਰਿਹਾ ਏ ਜਿਥੇ ਧੀ ਦੀ ਪੱਤ ਦੀ ਰਾਖੀ ਦੇ ਬਦਲੇ ਬਾਪ ਨੂੰ ਗੋਲੀ ਮਿਲਦੀ ਏ। ਵਿਆਂਹਦੜ ਧੀਆਂ ਨੂੰ ਕਪੜਿਆਂ ਵਾਂਗ ਬਦਲਣ ਵਾਲੇ ਕੁਝ ਕੁ ਪੰਜਾਬੀ ਵਕਤ ਦਾ ਸਭ ਤੋਂ ਵੱਡਾ ਕਲੰਕ ਬਣ ਚੁੱਕੇ ਨੇ।

ਦਰਅਸਲ ਅੱਜ ਕੱਲ ਕੁੱਖਾਂ ਵਿਚ ਧੀਆਂ ਅਤੇ ਪੁੱਤ ਨਹੀਂ ਜੰੰਮਦੇ ਨੇ ਸਗੋਂ ਸਾਡੇ ਅਜੋਕੇ ਸਮਾਜਿਕ ਵਰਤਾਰੇ ਅਨੁਸਾਰ ਸੂਲਾਂ ਜਨਮਦੀਆਂ ਨੇ ਜੋ ਸਮਾਜ ਤੇ ਪਰਿਵਾਰ ਲਈ ਜਿ਼ਆਦਾਤਰ ਦਰਦ ਹੀ ਪੈਦਾ ਕਰਦੀਆਂ ਨੇ। ਪਰ ਇਹ ਦਰਦ ਧੀਆਂ ਨਾਲੋਂ ਮੂੰਡੇ ਜਿ਼ਆਦਾ ਦਿੰਦੇ ਨੇ।

ਯਾਦ ਰੱਖਣਾ! ਜਦ ਕਿਸੇ ਕਾਲਜ ਵਿਚ ਪੜਾਉਂਦਾ ਅਤੇ ਸਮਾਜ ਸੇਵੀ ਸਖ਼ਸ਼ ਮੁੰਡੇ ਦੇ ਜਨਮ `ਤੇ ਕਹੇ ਕਿ ਮੈਂ ਹੁਣ ਕੇਅਰਲੈਸ ਫਾਦਰ ਬਣ ਗਿਆ ਹਾਂ ਤਾਂ ਅਜੇਹੇ ਮੁੰਡੇ ਅਵਾਰਗੀ/ਨਲਾਇਕੀ ਦਾ ਨਾਮਕਰਣ ਹੀ ਕਰਨਗੇ। ਧੀਆਂ ਨੂੰ ਸਭ ਤੋਂ ਵੱਡਾ ਖਤਰਾ ਅਜੇਹੇ ਵੱਡੇ ਘਰਾਂ ਦੇ ਕਾਕਿਆਂ ਤੋਂ ਹੀ ਹੁੰਦਾ ਏ।

ਅਸੀਂ ਲੜਕੀ ਨੂੰ ਉਸਦਾ ਮਾਣਮੱਤਾ ਰੁੱਤਬਾ ਦੇਣ ਤੋਂ ਹਮੇਸ਼ਾ ਆਨਾਕਾਨੀ ਕਰਦੇ ਹਾਂ ਅਤੇ ਇਸ ਵਿਚ ਸਾਡੇ ਧਾਰਮਿਕ ਅਦਾਰੇ ਵੀ ਘੱਟ ਨਹੀਂ ਹਨ। ਪਿਛਲੇ ਦਿਨੀਂ ਦੋਸਤ ਦੀ ਬੇਟੀ ਦੇ ਅਨੰਦ ਕਾਰਜ ਦੇ ਮੌਕੇ `ਤੇ ਕਿਸੇ ਗਰੁਦੁਆਰੇ ਵਿਚ ਸਾਂ। ਲਾਵਾਂ ਤੋਂ ਬਾਅਦ ਇਕ ਪ੍ਰਚਾਰਕ ਨੇ ਲੜਕੀ ਨੂੰ ਸੰਬੋਧਨ ਹੁੰਦਿਆ ਕਿਹਾ ਕਿ ..ਏਤਰਾ ਭੈਣੇ ਵੇਸ ਕਰ ਤਾਂ ਵੱਸ ਆਵੇ ਕੰਤਿ…,ਤਾਂ ਮਨ ਸੋਚਣ ਲੱਗਾ ਕਿ ਕੀ ਇਹ ਸਿਖਿਆ ਸਿਰਫ਼ ‘ਭੈਣ’ ਲਈ ਹੀ ਹੈ ‘ਵੀਰ’ ਲਈ ਨਹੀਂ ਹੈ। ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਨੀਵਾਂ ਦਿਖਾਉਣ ਦਾ ਰੁਝਾਨ ਕਦੋਂ ਖਤਮ ਹੋਵੇਗਾ? ਇਸ ਸਿਖਿਆ ਸਮੇਂ ਲੜਕੀ ਦੇ ਮਨ `ਤੇ ਕੀ ਬੀਤਦੀ ਹੋਵੇਗੀ? ਕੀ ਮੂੰਡੇ ਧੁਰੋਂ ਹੀ ਸਿਆਣੇ ਹਨ ਜਾਂ ਸਾਡੇ ਪ੍ਰਚਾਰਕਾਂ ਨੇ ਇਹ ਮੰਨ ਲਿਆ ਹੈ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਸਿਖਿਆਂ ਦੀ ਲੋੜ ਨਹੀਂ ਹੈ? ਕੀ ਅਸੀਂ ਅਜੇਹਾ ਕਰਕੇ ਔਰਤ-ਜਾਤ ਦੀ ਤੌਹੀਨ ਤਾਂ ਨਹੀਂ ਕਰਦੇ? ਕੀ ਸਾਡੇ ਪ੍ਰਚਾਰਕ ਗੁਰਬਾਣੀ `ਚ ਔਰਤ ਨੂੰ ਦਿਤੇ ਗਏ ਉਚ ਦਰਜੇ ਨੂੰ ਨੀਵਾਂ ਦਿਖਾਉਣ ਦੀ ਕੋਸਿ਼ਸ਼ ਤਾਂ ਨਹੀਂ ਕਰ ਰਹੇ? ਕਿਉਂ ਹੈ ਸਾਡੀ ਅਜੇਹੀ ਮਾਨਸਿਕਤਾ?  ਕੀ ਅਸੀਂ ਧੀਆਂ ਨੂੰ ਹਮੇਸ਼ਾ ਲਾਚਾਰ, ਨਿਤਾਣੀਆਂ ਅਤੇ ਗਰੀਬੜੀਆਂ ਹੀ ਸਮਝਦੇ ਰਹਾਂਗੇ ਭਾਵੇਂ ਕਿ ਉਹਨਾਂ ਵਲੋਂ ਮਾਰੀਆਂ ਮੱਲਾਂ ਅਤੇ ਸਥਾਪਤ ਕੀਤੇ ਕੀਰਤੀਮਾਨਾਂ ਨੇ ਮਨੁੱਖਤਾ ਦਾ ਮਾਣ ਵਧਾਇਆ ਹੈ।

ਅਕਸਰ ਅਜੇਹਾ ਹੁੰਦਾ ਏ ਕਿ ਕੁੜੀ ਨੂੰ ਦੇਖਣ ਸਮੇਂ ਸਹੁਰੇ ਪਰਿਵਾਰ ਦੀਆਂ ਬਾਕੀ ਮੰੰਗਾਂ ਦੇ ਨਾਲ ਨਾਲ ਇਹ ਵੀ ਮੰਗ ਹੁੰਦੀ ਏ ਕਿ ਕੁੜੀ, ਸੱਸ-ਸਹੁਰੇ ਦੀ ਸੇਵਾ ਕਰਨ ਵਾਲੀ ਅਤੇ ਪਤੀ ਦੀ ਆਗਿਆਕਾਰ ਹੋਵੇ। ਕੀ ਮੁੰਡੇ ਨੂੰ ਆਪਣੇ ਸੱਸ-ਸਹੁਰੇ ਦੀ ਸੇਵਾ ਕਰਨ ਵਾਲਾ ਜਾਂ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਨਹੀਂ ਹੋਣਾ ਚਾਹੀਦਾ? ਕੀ ਉਸਨੂੰ ਇਸ ਕਰਕੇ ਸਭ ਕੁਝ ਮੁਆਫ਼ ਹੈ ਕਿ ਉਹ ਮੁੰਡਾ ਹੈ? ਅਜੇਹੀ ਅਸਾਵੀਂ ਮਨੁੱਖੀ ਸੋਚ ਅਤੇ ਫਿਤਰਤ ਨੇ ਹੀ ਮਨੁੱਖੀ ਵਿੱਤਕਰਿਆਂ ਨੂੰ ਜਨਮ ਦਿਤਾ ਹੈ ਜਿਹੜੇ ਕੁੱਖਾਂ ਵਿਚ ਧੀਆਂ ਦੇ ਕਤਲ ਦਾ ਮੁੱਖ ਕਾਰਨ ਹਨ।

ਪਰ ਬਦਲੇ ਹਾਲਤਾਂ ਕਾਰਨਾਂ, ਆਉਣ ਵਾਲੇ ਸਮੇਂ ਅਜੇਹਾ ਹੋਣ ਦੀ ਪੂਰੀ ਸੰਭਾਵਨਾ ਹੈ ਜਦ ਆਯੋਗ ਮਾਪੇ ਕੁੱਖ ਵਿਚ ਪੈਦਾ ਹੋਣ ਵਾਲੇ ਬੱਚਿਆਂਾਂ ਦਾ ਜਰੂਰ ਗਰਭਪਾਤ ਕਰਵਾਉਣਗੇ ਜਿਹਨਾਂ ਨੇ ਵੱਡੇ ਹੋ ਕੇ ਨਸ਼ੇੜੀ ਬਣਨਾ ਏ, ਮਾਪਿਆਂ ਲਈ ਸ਼ਰਮਿੰਦਗੀ ਬਣਨਾ ਏ ਜਾਂ ਘਰ ਦੀ ਜਾਇਦਾਦ ਨੂੰ ਡਰੱਗ ਦੇ ਲੇਖੇ ਲਾਉਣਾ ਹੈ। ਕਿੰਨਾ ਸੱਚ ਹੈ ਕਿ ‘ਪੁੱਤ ਵੰਡਾਉਣ ਜਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ’।

ਇਕ ਪੋ੍ਰਫੈਸਰ ਦੀ ਆਪਣੀ ਐਮਏ ਦੀ ਵਿਦਿਆਰਥਣ ਨੂੰ ਦਿਤੀ ਸਲਾਹ ਕਿੰਨੀ ਸੱਚ ਹੈ ਜਦ ਉਸਨੇ ਕਿਹਾ ਕਿ ਤੂੰ ਆਪਣੇ ਮਾਪਿਆਂ ਨੂੰ ਕਹੂ ਕਿ ਮੇਰੀ ਰਾਖੀ ਜਾਂ ਫਿ਼ਕਰ ਨਾ ਕਰੋ, ਆਪਣੇ ਵਿਗੜੇ ਪੁੱਤ ਬਾਰੇ ਕੁਝ ਕਰੋ ਜਿਸਨੂੰ ਜੇ ਸਮੇਂ ਸਿਰ ਨਾ ਸੰਭਾਲਿਆ ਗਿਆ ਤਾਂ ਉਸਨੇ ਤੁਹਾਡਾ ਨਾਮ ਮਿੱਟੀ ਵਿਚ ਮਿਲਾ ਦੇਣਾ ਏ। ਅਗਰ ਪੰਜਾਬ ਵਿਚ ਅਸੀਂ ਮੁੰਡਿਆਂ ਨੂੰ ਹੀ ਸੰਭਾਲ ਲਈਏ ਅਤੇ ਉਹਨਾਂ ਨੂੰ ਚੰਗੀ ਵਿਦਿਆ ਤੇ ਮਾਨਵੀ ਕਦਰਾਂ ਕੀਮਤਾਂ ਦੀ ਗੁੱੜਤੀ ਦੇ ਸਕੀਏ ਤਾਂ ਪੰਜਾਬ ਆਪਣੇ ਧੁਆਂਖੇ ਦਿਨਾਂ ਨੂੰ ਭੁੱਲ ਕੇ ਮਾਣਮੱਤੇ ਵਕਤ ਦਾ ਸੁੱਚਾ ਹਰਫ਼ ਬਣ ਜਾਵੇਗਾ।

ਸਿਆਣੇ ਪਾਠਕੋ ਤੁਸੀਂ ਇਸ ਬਾਰੇ ਜਰੂਰ ਸੋਚਣਾ ਕਿ ਕੁੱਖਾਂ ਵਿਚ ਪੈਦਾ ਹੋਣ ਵਾਲੀਆਂ ਸੂਲਾਂ ਦਾ ਗਰਭਪਾਤ ਹੋਣਾ ਚਾਹੀਦਾ ਹੈ ਜਾਂ ਨਹੀਂ ?

ਆਮੀਨ……