ਕੁਵੈਤ ਵਿੱਚ ਮਰਦ ਐਂਕਰ ਦੀ ਸਿਫਤ ਕਰਨਾ ਟੀ ਵੀ ਮਹਿਲਾ ਐਂਕਰ ਨੂੰ ਮਹਿੰਗਾ ਪਿਆ


ਕੁਵੈਤ, 27 ਮਈ (ਪੋਸਟ ਬਿਊਰੋ)- ਖਾੜੀ ਦੇ ਦੇਸ਼ ਕੁਵੈਤ ਵਿੱਚ ਇਕ ਕੌਮੀ ਨਿਊਜ਼ ਚੈਨਲ ਦੇ ਲਾਈਵ ਟੀ ਵੀ ਸ਼ੋਅ ਵਿੱਚ ਨਿਊਜ਼ ਐਂਕਰ ਨੂੰ ਸਾਥੀ ਐਂਕਰ ਦੀ ਤਰੀਫ ਕਰਨ ਦੀ ਸਜ਼ਾ ਦਾ ਮਾਮਲਾ ਚਰਚਿਤ ਹੋ ਰਿਹਾ ਹੈ।
ਜਾਣਕਾਰ ਸੂਤਰਾਂ ਮੁਤਾਬਕ ਬਸਿਮਾ ਅਲ ਸ਼ਮਰ ਨਾਂ ਦੀ ਐਂਕਰ ਓਥੇ ਮਿਉਂਸਪਲ ਚੋਣਾਂ ਦੀਆਂ ਖਬਰਾਂ ਸੁਣਾ ਰਹੀ ਸੀ ਤੇ ਇਸ ਸਮੇਂ ਉਸ ਨੇ ਪੁਰਸ਼ ਐਂਕਰ ਨੂੰ ‘ਹੈਂਡਸਮ’ ਕਹਿ ਦਿੱਤਾ। ਅਸਲ ਵਿੱਚ ਇਸ ਬਾਰੇ ਹੋਰ ਜਾਣਕਾਰੀ ਦੇਣ ਵਾਲਾ ਉਸ ਦਾ ਸਾਥੀ ਐਂਕਰ ਸਿਰ ਉੱਤੇ ਲੈਣ ਵਾਲਾ ਕੱਪੜਾ ਠੀਕ ਕਰ ਰਿਹਾ ਸੀ ਤਾਂ ਬਸਿਮਾ ਅਲ ਸ਼ਮਰ ਨੇ ਉਸ ਨੂੰ ਕਿਹਾ ਕਿ ਉਸ ਨੂੰ ਕੱਪੜਾ ਠੀਕ ਕਰਨ ਦੀ ਲੋੜ ਨਹੀਂ, ਉਹ ਇਸੇ ਤਰ੍ਹਾਂ ਵੀ ਹੈਂਡਸਮ ਲੱਗਦਾ ਹੈ। ਐਂਕਰ ਬਸਿਮਾ ਅਲ ਸ਼ਮਰ ਦਾ ਇਹ ਕਹਿਣਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ, ਜਿਸ ਨਾਲ ਕੁਵੈਤੀ ਪਾਰਲੀਮੈਂਟ ਮੈਂਬਰ ਨੂੰ ਕਾਫੀ ਸ਼ਰਮਿੰਦਗੀ ਸਹਿਣ ਕਰਨੀ ਪਈ। ਇਸ ਪਿੱਛੋਂ ਐਂਕਰ ਅਲ ਸ਼ਮਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸ ਨੇ ਆਪਣੀ ਸਫਾਈ ਵਿੱਚ ਕਿਹਾ; ‘ਇਹ ਕੋਈ ਮਜ਼ਾਕ ਨਹੀਂ ਹੈ, ਖਾੜੀ ਦੇਸ਼ਾਂ ਵਿੱਚ ਜੇ ਕੋਈ ਕੱਪੜਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅਸੀਂ ਦੱਸਦੇ ਹਾਂ ਕਿ ਉਹ ਹੈਂਡਸਮ ਲੱਗਦਾ ਹੈ। ਮੈਂ ਵੀ ਸਿਰਫ ਇਹੀ ਕਿਹਾ ਸੀ।’
ਕੁਵੈਤ ਦੇ ਪਾਰਲੀਮੈਂਟ ਮੈਂਬਰ ਮੁਹੰਮਦ ਅਲ ਹਾਏਕ ਨੇ ਦੇਸ਼ ਦੇ ਸੂਚਨਾ ਮੰਤਰੀ ਤੋਂ ਮੰਗ ਕੀਤੀ ਸੀ ਕਿ ਮਹਿਲਾ ਐਂਕਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਐਂਕਰ ਨੂੰ ਕੱਢ ਦੇਣ ਪਿੱਛੋਂ ਇਸ ਦੀ ਜਾਂਚ ਹੋ ਚੁੱਕੀ ਹੈ। ਟਵਿੱਟਰ ਉੱਤੇ ਕਈ ਲੋਕ ਇਸ ਫੈਸਲੇ ਨੂੰ ਗਲਤ ਦੱਸ ਰਹੇ ਹਨ ਅਤੇ ਕਈ ਇਸ ਦੇ ਸਮਰਥਨ ਵਿੱਚ ਹਨ।