ਕੁਵੈਤ ਵਿੱਚ ਭਾਰਤੀ ਨਰਸਾਂ ਦੀ ਨਿਯੁਕਤੀ ਲਈ ਨਿਯਮ ਬਦਲੇ ਗਏ

indian nurses
ਦੁਬਈ, 10 ਅਪ੍ਰੈਲ (ਪੋਸਟ ਬਿਊਰੋ)- ਕੁਵੈਤ ਵਿਚ ਭਾਰਤੀ ਨਰਸਾਂ ਦੀ ਨਿਯੁਕਤੀ ਦੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਉੱਥੇ ਭਾਰਤੀ ਦੂਤਘਰ ਨੇ ਕਿਹਾ ਹੈ ਕਿ ਨਰਸਾਂ ਦੀ ਭਰਤੀ ਸਿਰਫ ਸਰਕਾਰੀ ਏਜੰਸੀਆਂ ਰਾਹੀਂ ਹੋਵੇਗੀ। ਭਾਰਤ ਸਰਕਾਰ ਨੇ ਇਹ ਕਦਮ ਕੁਵੈਤ ਵਿਚ ਨਰਸਾਂ ਦੀ ਭਰਤੀ ਵਿਚ ਪਾਰਦਰਸ਼ਿਤਾ ਲਈ ਚੁੱਕਿਆ ਹੈ।
ਵਰਨਣ ਯੋਗ ਹੈ ਕਿ ਸਾਲ 2015 ਤੋਂ ਨਰਸਾਂ ਦੀ ਭਰਤੀ ਦੀ ਇਹ ਪ੍ਰਕਿਰਿਆ ਲਾਗੂ ਹੈ, ਪਰ ਇਸ ਨੂੰ ਹੁਣ ਸੋਧ ਕੇ ਦੋਹਰਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਮਈ 2015 ਤੋਂ ਕੁਵੈਤ ਵਿਚ ਭਾਰਤੀ ਨਰਸਾਂ ਦੀ ਨਿਯੁਕਤੀ ਨੂੰ ਕੁਝ ਸਰਕਾਰੀ ਏਜੰਸੀਆਂ ਤੱਕ ਸੀਮਤ ਕਰ ਦਿੱਤਾ ਸੀ। ਇਨ੍ਹਾਂ ਨਰਸਾਂ ਨੂੰ ਪਰਵਾਸੀ ਨੌਕਰੀ ਦੀ ਜਾਂਚ ਦੀ ਮਨਜ਼ੂਰੀ ਹੇਠ ਰੱਖਿਆ ਜਾਂਦਾ ਹੈ ਤਾਂ ਜੋ 18 ਦੇਸ਼ਾਂ ਵਿੱਚੋਂ ਕਿਸੇ ਵੀ ਦੇਸ਼ ਵਿਚ ਉਨ੍ਹਾਂ ਦੀ ਨਿਯੁਕਤੀ ਦੀ ਈ-ਮਾਈਗ੍ਰੇਟ ਪ੍ਰਣਾਲੀ ਦੇ ਅਧੀਨ ਮਨਜ਼ੂਰੀ ਲਈ ਜਾ ਸਕੇ। ਕੁਵੈਤ ਤੋਂ ਇਲਾਵਾ ਇਹ ਮਨਜ਼ੂਰੀ 16 ਹੋਰ ਦੇਸ਼ਾਂ ਅਫਗਾਨਿਸਤਾਨ, ਬਹਿਰੀਨ, ਇਰਾਕ, ਇੰਡੋਨੇਸ਼ੀਆ, ਸਾਊਦੀ ਅਰਬ, ਜਾਰਡਨ, ਲੀਬੀਆ, ਲੈਬਨਾਨ, ਮਲੇਸ਼ੀਆ, ਓਮਾਨ, ਕਤਰ, ਸੂਡਾਨ, ਸੀਰੀਆ, ਥਾਈਲੈਂਡ, ਸੰਯੁਕਤ ਅਰਬ ਅਮੀਰਾਤ ਅਤੇ ਯਮਨ ਲਈ ਵੀ ਜ਼ਰੂਰੀ ਹੈ।
ਕੁਵੈਤ ਦੇ ਭਾਰਤੀ ਦੂਤਘਰ ਨੇ ਕਿਹਾ ਕਿ ਈ-ਮਾਈਗ੍ਰੇਟ ਪ੍ਰਣਾਲੀ ਹੇਠ ਭਾਰਤੀ ਨਰਸਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਪਾਰਦਰਸ਼ੀ ਅਤੇ ਲੋਕਾਂ ਦੇ ਲਈ ਸੌਖੀ ਹੈ। ਜੋ ਭਰਤੀ ਏਜੰਸੀਆਂ ਕੁਵੈਤ ਵਿਚ ਨਰਸਾਂ ਨੂੰ ਨਿਯੁਕਤ ਕਰਨਾ ਚਾਹੁਣ, ਉਨ੍ਹਾਂ ਨੂੰ ਖੁਦ ਨੂੰ ਈ-ਮਾਈਗ੍ਰੇਟ ਪ੍ਰਣਾਲੀ ਨਾਲ ਰਜਿਸਟ੍ਰੇਸ਼ਨ ਕਰਾਉਣਾ ਪਵੇਗਾ। ਭਾਰਤ ਵਿਚ ਛੇ ਕੰਪਨੀਆਂ ਵਿਦੇਸ਼ਾਂ ਵਿਚ ਭਾਰਤੀ ਨਰਸਾਂ ਦੀ ਨਿਯੁਕਤੀ ਲਈ ਅਧਿਕਾਰਤ ਹਨ। ਇਨ੍ਹਾਂ ਵਿਚ ਤਿੰਰੂਵਨੰਤਪੁਰਮ ਵਿਚ ਨੋਰਕਾ-ਰੂਟਸ ਸੈਂਟਰ, ਓਵਰਸੀਜ਼ ਡੈਵਲਪਮੈਂਟ ਐਂਡ ਐਂਪਲਾਇਮੈਂਟ ਪ੍ਰਮੋਸ਼ਨ ਕੰਸਲਟੈਂਟਸ, ਚੇਨਈ ਦੀ ਓਵਰਸੀਜ਼ ਮੈਨ ਪਾਵਰ ਕਾਰਪੋਰੇਸ਼ਨ, ਕਾਨਪੁਰ ਦੀ ਯੂ ਪੀ ਫਾਈਨੈਂਸ਼ਲ ਕਾਰਪੋਰੇਸ਼ਨ, ਹੈਦਰਾਬਾਦ ਦੀ ਤੇਲੰਗਾਨਾ ਓਵਰਸੀਜ਼ ਮੈਨਪਾਵਰ ਕੰਪਨੀ ਅਤੇ ਵਿਜੈਵਾੜਾ ਵਿਚ ਓਵਰਸੀਜ਼ ਮੈਨਪਾਵਰ ਕੰਪਨੀ ਆਫ ਆਂਧਰਾ ਪ੍ਰਦੇਸ਼ ਸ਼ਮਲ ਹਨ।