ਕੁਲਭੂਸ਼ਣ ਜਾਧਵ ਦੀ ਅਪੀਲ ਪਾਕਿ ਦੀ ਫੌਜੀ ਅਦਾਲਤ ਵੱਲੋਂ ਰੱਦ

jadhav
* ਹੁਣ ਸਿਰਫ ਫੌਜ ਦੇ ਕਮਾਂਡਰ ਨੂੰ ਫੈਸਲਾ ਲੈਣ ਦਾ ਹੱਕ ਬਾਕੀ
ਇਸਲਾਮਾਬਾਦ, 16 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਹੀ ਹੁਣ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ, ਜਿਸ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ, ਦੀ ਰਹਿਮ ਪਟੀਸ਼ਨ ਉੱਤੇ ਵਿਚਾਰ ਕਰ ਸਕਦੇ ਹਨ। ਪਾਕਿਸਤਾਨੀ ਫੌਜ ਨੇ ਕਿਹਾ ਕਿ ਫੌਜੀ ਅਦਲਾਤ ਨੇ ਕੁਲਭੂਸ਼ਣ ਜਾਧਵ ਦੀ ਅਪੀਲ ਰੱਦ ਕਰ ਦਿੱਤੀ ਹੈ ਤੇ ਹੁਣ ਜਨਰਲ ਬਾਜਵਾ ਨੇ ਜਾਧਵ ਦੇ ਕੇਸ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਆਧਾਰ ਉੱਤੇ ਉਹ ਜਾਧਵ ਦੀ ਰਹਿਮ ਦੀ ਅਪੀਲ ਉੱਤੇ ਫੈਸਲਾ ਕਰਨਗੇ।
ਇਸ ਦੌਰਾਨ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ ਐਸ ਪੀ ਆਰ) ਦੇ ਇੱਕ ਸੀਨੀਅਰ ਅਧਿਕਾਰੀ ਦੇ ਦੱਸਣ ਅਨੁਸਾਰ ਕੁਲਭੂਸ਼ਣ ਜਾਧਵ ਨੇ ਪਿਛਲੇ 22 ਜੂਨ ਨੂੰ ਜਨਰਲ ਬਾਜਵਾ ਕੋਲ ਰਹਿਮ ਦੀ ਅਰਜ਼ੀ ਭੇਜੀ ਸੀ ਅਤੇ ਫੌਜੀ ਅਦਾਲਤ ਵਿੱਚ ਜਾਧਵ ਦੀ ਰਹਿਮ ਦੀ ਅਪੀਲ ਰੱਦ ਹੋਣ ਪਿੱਛੋਂ ਜਾਧਵ ਨੇ ਫੌਜ ਦੇ ਮੁਖੀ ਨੂੰ ਅਰਜ਼ੀ ਦਿੱਤੀ ਹੈ। ਪਾਕਿ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਦੇ ਮੁਤਾਬਕ ਜਨਰਲ ਬਾਜਵਾ ਹੁਣ ਜਾਧਵ ਦੇ ਖ਼ਿਲਾਫ਼ ਸਬੂਤਾਂ ਦੀ ਘੋਖ ਕਰ ਰਹੇ ਹਨ, ਉਹ ਮੈਰਿਟ ਉੱਤੇ ਇਸ ਅਪੀਲ ਬਾਰੇ ਫੈਸਲਾ ਕਰਨਗੇ।
ਵਰਨਣ ਯੋਗ ਹੈ ਕਿ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਸੂਸੀ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਦੇ ਖ਼ਿਲਾਫ਼ ਭਾਰਤ ਨੇ ਹੇਗ ਵਿੱਚ ਕੌਮਾਂਤਰੀ ਨਿਆਂ ਅਦਾਲਤ (ਆਈ ਸੀ ਜੇ) ਨੂੰ ਅਪੀਲ ਕੀਤੀ ਸੀ ਅਤੇ ਕੌਮਾਂਤਰੀ ਅਦਾਲਤ ਨੇ ਜਾਧਵ ਦੀ ਫਾਂਸੀ ਉੱਤੇ ਫ਼ਿਲਹਾਲ ਰੋਕ ਲਾ ਰੱਖੀ ਹੈ। ਪਾਕਿ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਜੇ ਜਾਧਵ ਦੀ ਅਪੀਲ ਰੱਦ ਹੋ ਜਾਂਦੀ ਹੈ ਤਾਂ ਪਾਕਿਸਤਾਨੀ ਕਾਨੂੰਨ ਮੁਤਾਬਿਕ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਕੋਲ ਵੀ ਰਹਿਮ ਦੀ ਅਪੀਲ ਕਰ ਸਕਦੇ ਹਨ।