ਕੁਮਾਰ ਵਿਸ਼ਵਾਸ ਵੱਲੋਂ ਕੇਜਰੀਵਾਲ ਦੇ ਕੰਮ-ਢੰਗ ਉੱਤੇ ਨਿਸ਼ਾਨਾ

kumar vishwas and keju
ਨਵੀਂ ਦਿੱਲੀ, 16 ਅਪ੍ਰੈਲ (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਪੰਜ ਵੱਡੇ ਆਗੂਆਂ ਵਿੱਚੋਂ ਇੱਕ ਕਵੀ ਕੁਮਾਰ ਵਿਸ਼ਵਾਸ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੰਮ-ਢੰਗ ਤੋਂ ਨਾਰਾਜ਼ ਨਜ਼ਰ ਆ ਰਹੇ ਹਨ ਤੇ ਇਸ਼ਾਰਿਆਂ ਵਿੱਚ ਹੀ ਉਨ੍ਹਾਂ ਨੂੰ ਸੁਚੇਤ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ।
ਕੁਮਾਰ ਵਿਸ਼ਵਾਸ ਦਾ ਸੋਸ਼ਲ ਮੀਡੀਆ ਉੱਤੇ ਇੱਕ ਲੰਬਾ ਵੀਡੀਓ ਆਇਆ ਹੈ, ਜਿਸ ਵਿੱਚ ਕੇਜਰੀਵਾਲ ਦੇ ਕੰਮ-ਢੰਗ ਬਾਰੇ ਨਿਸ਼ਾਨਾ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਟਿਕਟਾਂ ਦੀ ਵੰਡ ਅਤੇ ਦਿੱਲੀ ਦੇ ਤਿੰਨ ਨਗਰ ਨਿਗਮਾਂ ‘ਚ ਉਮੀਦਵਾਰਾਂ ਦੀ ਚੋਣ ਬਾਰੇ ਵੀ ਕੁਮਾਰ ਵਿਸ਼ਵਾਸ ਨੇ ਅਪ੍ਰਤੱਖ ਤੌਰ ‘ਤੇ ਨਾਰਾਜ਼ਗੀ ਪ੍ਰਗਟਾਈ ਸੀ। ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਵੀ ਨਹੀਂ ਗਏ ਸਨ। ਦਿੱਲੀ ਦੇ ਰਾਜੌਰੀ ਗਾਰਡਨ ਹਲਕੇ ਦੀ ਉਪ ਚੋਣ ਪਿੱਛੋਂ ਵਿਸ਼ਵਾਸ ਨੇ ਜਿਸ ਤਰ੍ਹਾਂ ਟਵੀਟ ਤੇ ਵੀਡੀਓ ਜਾਰੀ ਕਰ ਕੇ ਦਰਦ ਬਿਆਨਿਆ ਹੈ, ਉਸ ਤੋਂ ਜਾਪਦਾ ਹੈ ਕਿ ਆਪ ਵਿੱਚ ਹੁਣ ਸਭ ਕੁਝ ਠੀਕ ਨਹੀਂ ਚੱਲ ਰਿਹਾ। ਵੀਡੀਓ ਵਿੱਚ ਕੇਜਰੀਵਾਲ ‘ਤੇ ਨਿਸ਼ਾਨਾ ਲਗਾਉਂਦੇ ਹੋਏ ਵਿਸ਼ਵਾਸ ਨੇ ਕਿਹਾ ਕਿ ਜੇ ਤੁਸੀਂ ਭਿ੍ਰਸ਼ਟਾਚਾਰ ਮੁਕਤੀ ਦਾ ਟੀਚਾ ਲੈ ਕੇ ਦਿੱਲੀ ‘ਚ ਸਰਕਾਰ ਬਣਾਓਗੇ ਅਤੇ ਉਸ ਦੇ ਮਗਰੋਂ ਤੁਹਾਡੇ ਲੋਕ ਭਿ੍ਰਸ਼ਟਾਚਾਰ ਦੇ ਘੇਰੇ ‘ਚ ਹੋਣਗੇ ਅਤੇ ਤੁਸੀਂ ਚੁੱਪ ਹੋ ਜਾਓਗੇ, ਜਾਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਤਾਂ ਲੋਕ ਤੁਹਾਡੇ ਤੋਂ ਸਵਾਲ ਪੁੱਛਣਗੇ। ਸਰਕਾਰਾਂ ਆਉਂਦੀਆਂ-ਜਾਂਦੀਆਂ ਹਨ। ਪੰਜ ਸਾਲ ਇਨ੍ਹਾਂ ਮਹੱਲਾਂ ਵਿੱਚ, 7-ਰੇਸ ਕੋਰਸ ਵਿੱਚ, ਮੁੱਖ ਮੰਤਰੀ ਨਿਵਾਸ ਵਿੱਚ ਤੁਹਾਡੀਆਂ ਅਸਥੀਆਂ ਨਹੀਂ ਗੱਡੀਆਂ ਜਾਣੀਆਂ। ਇਹ ਦੇਸ਼ ਯਾਦ ਰੱਖਦਾ ਹੈ ਫਕੀਰਾਂ ਨੂੰ, ਇਹ ਦੇਸ਼ ਯਾਦ ਰੱਖਦਾ ਹੈ ਗਾਂਧੀ ਨੂੰ, ਇਹ ਦੇਸ਼ ਯਾਦ ਰੱਖਦਾ ਹੈ ਜੈ ਪ੍ਰਕਾਸ਼ ਨਾਰਾਇਣ ਨੂੰ, ਬੇਨਤੀ ਹੈ ਕਿ ਆਪਣੀਆਂ ਕੋਠੜੀਆਂ ‘ਚੋਂ ਬਾਹਰ ਨਿਕਲੋ, ਸੰਕਟ ਬਹੁਤ ਵੱਡਾ ਹੈ। 13 ਮਿੰਟ ਦੀ ਇਸ ਵੀਡੀਓ ‘ਚ ਕਸ਼ਮੀਰ ਵਿੱਚ ਕੁਝ ਸ਼ਰਾਰਤੀ ਤੱਤਾਂ ਦੀਆਂ ਕਰਤੂਤਾਂ ਨੂੰ ਜਵਾਨਾਂ ਦੇ ਸ਼ਾਂਤੀ ਨਾਲ ਬਰਦਾਸ਼ਤ ਕਰਨ ‘ਤੇ ਸ੍ਰੀ ਵਿਸ਼ਵਾਸ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਵੀ ਇਸ਼ਾਰਿਆਂ-ਇਸ਼ਾਰਿਆਂ ਵਿੱਚ ਨਿਸ਼ਾਨਾ ਲਗਾਇਆ ਹੈ।