ਕੁਝ ਯਾਦਾਂ

-ਸੁਖਵਿੰਦਰ ਸਿੰਘ ਸਨੇਹ

ਜਾਂਦੀਆਂ ਦਿਨ-ਬ-ਦਿਨ ਖਿੰਡਦੀਆਂ
ਕੁਝ ਯਾਦਾਂ ਬਾਕੀ ਰਹਿ ਗਈਆਂ ਨੇ।
ਮੇਰੇ ਗੁਆਚੇ ਪਿੰਡ ਦੀਆਂ
ਕੁਝ ਯਾਦਾਂ ਬਾਕੀ ਰਹਿ ਗਈਆਂ ਨੇ।

ਉਡ ਗਏ ਕਿਧਰੇ ਮੋਰ ਕਲਹਿਰੀ ਚੇਤੇ ਆਉਂਦੇ ਨੇ।
ਬੀੜਾ, ਬੰਨੇ ਖੇਤ ਸੁਨਹਿਰੀ ਚੇਤੇ ਆਉਂਦੇ ਨੇ।
ਰੂੜੀ ਕੋਲ ਉਗੇ ਰਿੰਡ ਦੀਆਂ
ਕੁਝ ਯਾਦਾਂ ਬਾਕੀ ਰਹਿ ਗਈਆਂ ਨੇ।

ਸੱਥਾਂ ਸੁੰਨੀਆਂ ਹੋ ਗਈਆਂ, ਕਈ ਬਾਬੇ ਚਲੇ ਗਏ।
ਕੁੜੀਆਂ ਤੁਰੀਆਂ ਦੇਸ ਪਰਾਏ, ਪਿੜ ਵੀਰਾਨ ਪਏ।
ਹੱਟੀ, ਭੱਠੀ, ਖੂਹ ਟਿੰਡ ਦੀਆਂ
ਕੁਝ ਯਾਦਾਂ ਬਾਕੀ ਰਹਿ ਗਈਆਂ ਨੇ।

ਖੇਡਣ ਵਾਲੀਆਂ ਛੋਟਾਂ ਦੇ ਨਿਸ਼ਾਨ ਅਜੇ ਬਾਕੀ।
ਬਚਪਨ ਦੀਆਂ ਚੋਟਾਂ ਦੇ ਨਿਸ਼ਾਨ ਅਜੇ ਬਾਕੀ।
ਤੂਤਾਂ ਤੋਂ ਲੜੀ ਭਰਿੰਡ ਦੀਆਂ
ਕੁਝ ਯਾਦਾਂ ਬਾਕੀ ਰਹਿ ਗਈਆਂ ਨੇ।

ਮੀਂਹ ਵਰ੍ਹਦੇ ਜਦ ਕੱਚੇ ਘਰਾਂ ‘ਚ ਦੁਬਕੇ ਰਹਿੰਦੇ ਸੀ
ਅੱਜ ਬਣਾਈਂ ਖੀਰ ਪੂੜੇ ਬੇਬੇ ਨੂੰ ਕਹਿੰਦੇ ਸੀ।
‘ਸਨੇਹ’ ਬਚਪਨ ਵਾਲੀ ਹਿੰਡ ਦੀਆਂ
ਕੁਝ ਯਾਦਾਂ ਬਾਕੀ ਰਹਿ ਗਈਆਂ ਨੇ।