ਕੁਝ ਯਾਦਾਂ ਮੇਰੇ ਪਿੰਡ ਦੀਆਂ

-ਪ੍ਰੋæ ਡੀ ਸੀ ਸ਼ਰਮਾ
ਜਦੋਂ ਦਾ ਮੈਂ ਸੇਵਾ ਮੁਕਤ ਹੋਇਆ ਹਾਂ, ਉਦੋਂ ਦੀਆਂ ਮੈਨੂੰ ਮੇਰੇ ਪਿੰਡ ਦੀਆਂ ਬਚਪਨ ਨਾਲ ਜੁੜੀਆਂ ਯਾਦਾਂ ਖੂਬ ਚੇਤੇ ਆਉਂਦੀਆਂ ਹਨ। ਚਾਲੀ ਸਾਲ ਅੰਗਰੇਜ਼ੀ ਦੀ ਪ੍ਰੋਫੈਸਰੀ ਕਰਕੇ ਸਿੱਖਿਆ ਤਾਂ ਬਹੁਤ ਕੁਝ, ਪਰ ਪਿੰਡ ਵਿੱਚ ਰਹਿ ਕੇ ਬਚਪਨ ਵਿੱਚ ਜੋ ਕੁਝ ਸਿੱਖਿਆ, ਉਸ ਦਾ ਮੁਕਾਬਲਾ ਕਿਤੇ ਦੇਖਣ ਨੂੰ ਨਹੀਂ ਮਿਲਿਆ। ਕਿੰਨੀ ਪਿਆਰੀ ਹੁੰਦੀ ਹੈ ਬਚਪਨ ਦੀਆਂ ਯਾਦਾਂ ਦੀ ਪੋਟਲੀ। ਪਿੱਛੇ ਜਿਹੇ ਮੈਂ ਆਪਣੇ ਪਿੰਡ ਮੱਲ੍ਹਣ ਗਿਆ ਤਾਂ ਮੈਨੂੰ ਉਹ ਜਗ੍ਹਾ ਦੇਖਣ ਦੀ ਅੱਚਵੀਂ ਜਿਹੀ ਲੱਗੀ ਜਿਥੇ ਬਚਪਨ ਦੇ ਸਾਥੀਆਂ ਨਾਲ ਖੇਡਿਆ ਕਰਦਾ ਸੀ। ਅਸੀਂ ਸਾਰੇ ਬੱਚੇ ਗੁੱਲੀ ਡੰਡਾ ਖੇਡਦੇ ਸੀ। ਉਥੇ ਹੁਣ ਉਹ ਖੇਡ ਦਾ ਮੈਦਾਨ ਹੀ ਨਹੀਂ। ਉਹ ਮੈਦਾਨ ਇਕ ਸ਼ਾਨਦਾਰ ਕੋਠੀ ਬਣ ਚੁੱਕਿਆ ਸੀ। ਜਿਥੇ ਕਬਰਸਤਾਨ ਸੀ, ਉਥੇ ਇਕ ਆਲੀਸ਼ਾਨ ਮਕਾਨ ਬਣਿਆ ਹੋਇਆ ਸੀ। ਸਾਰੇ ਬੱਚਿਆਂ ਨੂੰ ਉਥੇ ਜਾਣ ਤੋਂ ਬੜਾ ਡਰ ਲੱਗਦਾ ਸੀ।
ਮੈਂ ਆਪਣੇ ਇਕ ਬਚਪਨ ਦੇ ਮਿੱਤਰ ਨੂੰ ਮਿਲਿਆ ਤਾਂ ਉਸ ਨੇ ਗੁੱਲੀ ਡੰਡੇ ਵਾਲੀ ਖੇਡ ਯਾਦ ਦਿਵਾਈ। ਉਹ ਹੱਸ ਕੇ ਕਹਿਣ ਲੱਗਿਆ, ‘ਧਰਮ ਚੰਦ ਹੁਣ ਗੁੱਲੀ ਡੰਡੇ ਦੀ ਥਾਂ ਪੂਰੀ ਤਰ੍ਹਾਂ ਕ੍ਰਿਕਟ ਨੇ ਮੱਲ ਲਈ ਹੈ। ਜਿਹੜੇ ਰੇਡੀਓ ਨੂੰ ਅਸੀਂ ਇਕ ਅਜੂਬਾ ਸਮਝਦੇ ਸਾਂ, ਉਸ ਦੀ ਜਗ੍ਹਾ ਕਮਾਲ ਦੇ ਟੀ ਵੀ ਆ ਚੁੱਕੇ ਹਨ। ਅਸੀਂ ਪਿੰਡ ਵਿੱਚ ਬਿਜਲੀ ਨੂੰ ਰੋਂਦੇ ਰਹਿੰਦੇ ਸੀ। ਹੁਣ ਬੱਚੇ ਇੰਟਰਨੈਟ ਉੱਤੇ ਗੇਮਾਂ ਖੇਡਦੇ ਤੇ ਫੋਨਾਂ ‘ਤੇ ਚੈਟਿੰਗ ਕਰਦੇ ਨਹੀਂ ਥੱਕਦੇ। ਅਸੀਂ ਤਾਂ ਟੈਲੀਫੋਨ ਨੂੰ ਜੱਗੋਂ ਤੇਰ੍ਹਵੀ ਕਾਢ ਸਮਝਦੇ ਸਾਂ।’
ਅਸੀਂ ਪਿੰਡ ਵਿੱਚ ਘੁੰਮਣ ਦੀ ਸਲਾਹ ਬਣਾ ਰਹੇ ਸੀ। ਅਚਾਨਕ ਉਸ ਮਿੱਤਰ ਦਾ ਪੋਤਾ ਪੁੱਛਦਾ, ‘ਬਾਬਾ ਇਹ ਕਿਹੜਾ ਲਾਲਾ ਹੈ, ਜਿਹੜਾ ਤੁਹਾਡੇ ਨਾਲ ਘੁੰਮ ਰਿਹਾ ਹੈ?’
ਜਦੋਂ ਉਸ ਨੇ ਦੱਸਿਆ ਕਿ ਇਹ ਉਸ ਦਾ ਬਚਪਨ ਦਾ ਸਾਥੀ ਹੈ ਤਾਂ ਉਹ ਕਹਿਣ ਲੱਗਿਆ, ‘ਬਾਬਾ ਪਹਿਲਾਂ ਤਾਂ ਤੁਸੀਂ ਕਦੇ ਇਸ ਬਾਰੇ ਗੱਲ ਵੀ ਨਹੀਂ ਕੀਤੀ।’
ਦੋਸਤ ਕਹਿੰਦਾ, ‘ਕਾਕਾ, ਇਹ ਤਾਂ ਪਹਾੜਾਂ ਵਿੱਚ ਕਾਂਗੜੇ ਰਹਿੰਦਾ ਹੈ’ ਤਾਂ ਉਸ ਨੇ ਅੱਗੋਂ ਪੁੱਛਿਆ, ‘ਬਾਬਾ, ਕੀ ਉਥੇ ਕਾਂ ਬੜੇ ਹੁੰਦੇ ਨੇ!’
ਜਦੋਂ ਮੈਂ ਮੇਰੇ ਪਿੰਡ ਦੀ ਕਿਸੇ ਸਮੇਂ ਹੁੰਦੀ ਸਤਹ ਬਦਲੀ ਦੇਖੀ ਤਾਂ ਮੇਰੇ ਦਿਲ ਨੂੰ ਹੌਲ ਜਿਹਾ ਪੈਣ ਲੱਗ ਪਿਆ। ਕਿਸੇ ਜ਼ਮਾਨੇ ਵਿੱਚ ਉਥੇ ਇਕ ਬਹੁਤ ਪੁਰਾਣਾ ਖੁੰਢ ਪਿਆ ਹੁੰਦਾ ਸੀ ਤੇ ਪਿੰਡ ਦੇ ਬੁੱਢੇ ਲੋਕ ਉਸ ‘ਤੇ ਬੈਠ ਕੇ ਗੱਪਾਂ ਮਾਰਦੇ ਸਨ। ਕੁਝ ਆਪਣੇ ਘਰੋਂ ਗਰਨੇ ਲੈ ਕੇ ਆ ਜਾਂਦੇ ਤੇ ਉਨ੍ਹਾਂ ਨੂੰ ਤੋੜ-ਤੋੜ ਕੇ ਸਣ ਕੱਢਿਆ ਕਰਦੇ ਸਨ। ਅਸੀਂ ਬੱਚੇ ਉਨ੍ਹਾਂ ਦੀਆਂ ਸੁੱਟੀਆਂ ਤੀਲਾਂ ਨਾਲ ਖੇਡਦੇ। ਉਨ੍ਹਾਂ ਤੀਲਾਂ ਦੇ ਗੁੱਲੀ ਡੰਡੇ ਬਣਾ ਲੈਂਦੇ ਤੇ ਆਨੰਦ ਲੁੱਟਦੇ। ਹੁਣ ਉਹ ਵੇਲੇ ਕਿੱਥੇ ਚਲੇ ਗਏ? ਉਸ ਦਿਨ ਆਥਣ ਦੇ ਵੇਲੇ ਅਸੀਂ ਖੇਤਾਂ ਵੱਲ ਚਲੇ ਗਏ। ਮੈਂ ਆਪਣੇ ਖੇਤਾਂ ਨੂੰ ਕੋਈ ਤੀਹ ਸਾਲ ਬਾਅਦ ਦੇਖਿਆ। ਜਿਥੇ ਕਿਸੇ ਸਮੇਂ ਟਿੱਬੇ ਹੁੰਦੇ ਸਨ, ਹੁਣ ਉਥੇ ਪੱਧਰੇ ਖੇਤ ਸਨ। ਖੇਤਾਂ ‘ਚ ਟਿਊਬਵੈਲ ਲੱਗੇ ਹੋਏ ਸਨ। ਮੇਰੇ ਭਤੀਜੇ ਖੇਤਾਂ ਨੂੰ ਪਾਣੀ ਦੇ ਰਹੇ ਸਨ। ਉਨ੍ਹਾਂ ਖੇਤਾਂ ਨੂੰ ਦੇਖ ਕੇ ਮੈਨੂੰ ਮੇਰਾ ਬਚਪਨ ਯਾਦ ਆ ਗਿਆ। ਉਨ੍ਹਾਂ ਖੇਤਾਂ ‘ਚ ਮੇਰਾ ਬਾਪੂ ਹੱਲ ਵਾਹਿਆ ਕਰਦਾ ਸੀ ਤੇ ਮੈਂ ਕਦੇ-ਕਦੇ ਆਪਣੀ ਮਾਂ ਨਾਲ ਬਾਪੂ ਦੀ ਰੋਟੀ ਲੈ ਕੇ ਜਾਂਦਾ। ਮੈਂ ਘਰੋਂ ਰੋਟੀ ਖਾ ਕੇ ਜਾਂਦਾ ਸੀ, ਪਰ ਬਾਪੂ ਦੇ ਕਹਿਣ ‘ਤੇ ਇਕ ਦੋ ਬੁਰਕੀਆਂ ਉਸ ਦੀ ਰੋਟੀ ‘ਚੋਂ ਵੀ ਖਾ ਜਾਂਦਾ।
ਪਿੰਡ ਵਾਪਸ ਆ ਕੇ ਮੈਨੂੰ ਮੇਰਾ ਸਕੂਲ ਵੀ ਯਾਦ ਆਇਆ। ਅਸੀਂ ਅਗਲੇ ਦਿਨ ਆਪਣੇ ਸਕੂਲ ਗਏ। ਹੁਣ ਉਸ ਸਕੂਲ ਦਾ ਮੂੰਹ ਮੱਥਾ ਬਦਲ ਚੁੱਕਿਆ ਸੀ। ਜਿਹੜਾ ਸਾਡੇ ਵੇਲੇ ਹਾਈ ਸਕੂਲ ਹੁੰਦਾ ਸੀ। ਹੁਣ ਉਹ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਿਆ ਸੀ। ਇਥੇ ਹੁਣ ਸਿਰਫ ਮਾਸਟਰ ਨਹੀਂ, ਲੈਕਚਰਾਰ ਵੀ ਸਨ। ਪ੍ਰਿੰਸੀਪਲ ਸੀ। ਸਾਡੇ ਜ਼ਮਾਨੇ ਵਿੱਚ ਡੰਡੇ ਪੈਂਦੇ ਸਨ ਤੇ ਹੁਣ ਅਜਿਹੀ ਸਜ਼ਾ ਤੋਂ ਮਨਾਹੀ ਹੈ। ਸਕੂਲ ਦੇ ਬੱਚਿਆਂ ਨੂੰ ਦੇਖ ਕੇ ਮੈਨੂੰ ਆਪਣਾ ਪਿਛੋਕੜ ਯਾਦ ਆਉਣ ਲੱਗਾ। ਹੁਣ ਬਿਜਲੀ ਦੇ ਪੱਖੇ ਉਨ੍ਹਾਂ ਦੇ ਸਿਰਾਂ ਉਪਰ ਚੱਲ ਰਹੇ ਸਨ। ਬੱਚਿਆਂ ਦੇ ਚਿਹਰੇ ਦੇਖੇ ਤਾਂ ਮੈਨੂੰ ਮੇਰਾ ਚਿਹਰਾ ਯਾਦ ਆਉਣ ਲੱਗਿਆ, ਪਰ ਉਨ੍ਹਾਂ ਦੇ ਲਿਬਾਸ Ḕਚ ਅੰਤਰ ਸੀ। ਅਸੀਂ ਪਜਾਮਾ ਕੁੜਤਾ ਪਾਉਂਦੇ ਸਾਂ। ਹੁਣ ਹਰੇਕ ਬੱਚੇ ਨੇ ਪੈਂਟ ਕਮੀਜ਼ ਜਾਂ ਟੀ-ਸ਼ਰਟ ਪਹਿਨੀ ਹੋਈ ਸੀ। ਕੁਝ ਕੁੜੀਆਂ ਨੇ ਤਾਂ ਜੀਨਜ਼ ਪਹਿਨੀ ਸੀ। ਬਦਲਦੇ ਜ਼ਮਾਨੇ ਦੇ ਰੰਗ ਢੰਗ ਦੇਖ ਕੇ ਮੈਂ ਹੈਰਾਨ ਜਿਹਾ ਹੋ ਗਿਆ।
ਇਹ ਸਭ ਦੇਖ ਕੇ ਮੈਨੂੰ ਕੁਝ ਹੈਰਾਨੀ ਜਿਹੀ ਹੋਈ। ਸਾਡੇ ਵੇਲੇ ਬੱਚੇ ਨਸ਼ਿਆਂ ਤੋਂ ਕੋਹਾਂ ਦੂਰ ਰਹਿੰਦੇ ਸਨ, ਪਰ ਹੁਣ ਬੱਚੇ ਤੇ ਨੌਜਵਾਨ ਸਭ ਨਸ਼ਿਆਂ ਦੀ ਲਪੇਟ Ḕਚ ਆ ਰਹੇ ਹਨ। ਕੰਨਾਂ ਨੂੰ ਲੱਗੇ ਮੋਬਾਈਲ ਦੇਖ ਕੇ ਮੈਂ ਹੈਰਾਨ ਤਾਂ ਹੋਇਆ, ਪਰ ਉਨ੍ਹਾਂ ਦੇ ਤੇਜ਼ ਦਿਮਾਗ ਦੇਖ ਕੇ ਉਹ ਮੋਬਾਈਲ ਫੋਨਾਂ ਨੂੰ ਕਿੰਨੀ ਫੁਰਤੀ ਨਾਲ ਚਲਾਉਂਦੇ ਹਨ, ਹੋਰ ਵੀ ਹੈਰਾਨ ਹੋ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਬੱਚੇ ਬਚਪਨ ਵਿੱਚ ਤੇਜ਼ ਦਿਮਾਗ ਤਾਂ ਰੱਖਦੇ ਹਨ, ਪਰ ਉਨ੍ਹਾਂ ਦਾ ਸਹੀ ਮਾਰਗ ਦਰਸ਼ਨ ਵੀ ਜ਼ਰੂਰੀ ਸੀ।
ਪਿੰਡ ਦੀ ਬਦਲਦੀ ਨੁਹਾਰ ਦੇਖ ਕੇ ਮੈਂ ਇਕ ਦੋ ਦਿਨ ਹੋਰ ਉਥੇ ਠਹਿਰਨ ਦਾ ਮਨ ਬਣਾਇਆ ਤੇ ਘਰ ਫੋਨ ਕਰ ਦਿੱਤਾ। ਜਿਸ ਪਿੱਪਲ ਦੇ ਰੁੱਖ ਤੋਂ ਛਾਲਾਂ ਮਾਰਦੇ ਸਾਂ, ਉਹ ਰੁੱਖ ਹੁਣ ਉਥੇ ਨਹੀਂ ਸਨ। ਜਿਸ ਥਾਂ ਤਖਤਪੋਸ਼ ਰੱਖੇ ਹੁੰਦੇ ਸੀ ਤੇ ਲੋਕ ਉਨ੍ਹਾਂ Ḕਤੇ ਬੈਠ ਕੇ ਗੱਲਾਂ ਮਾਰਦੇ ਸਨ, ਹੁਣ ਉਥੇ ਇਕ ਪੱਕਾ ਥੜ੍ਹਾ ਬਣਿਆ ਹੋਇਆ ਸੀ। ਉਥੇ ਕੁਝ ਮੰਗਤੇ ਬੈਠੇ ਹੋਏ ਸਨ। ਹੁਣ ਉਸ ਥਾਂ Ḕਤੇ ਸੁੰਨਸਾਨ ਪਈ ਸੀ, ਜਿਥੇ ਕਿਸੇ ਵੇਲੇ ਰੌਣਕਾਂ ਲੱਗੀਆਂ ਹੁੰਦੀਆਂ ਸਨ।
ਮੇਰੇ ਦੋਸਤ ਨੇ ਮੈਨੂੰ ਕਿਹਾ, ‘ਤੁਸੀਂ ਕਿੰਨੇ ਹੀ ਅੰਗਰੇਜ਼ੀ ਤੇ ਪੰਜਾਬੀ ਦੇ ਅਖਬਾਰਾਂ ‘ਚ ਬੱਚਿਆਂ ਨੂੰ ਕਾਊਂਸਲਿੰਗ ਦਿੰਦੇ ਹੋ, ਸਾਡੇ ਬੱਚਿਆਂ ਨੂੰ ਵੀ ਤਾਂ ਦੇ ਜਾਓ।’ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਇਹ ਤਾਂ ਮੇਰੇ ਆਪਣੇ ਪਿੰਡ ਦੇ ਬੱਚੇ ਹਨ। ਸਕੂਲ ਦੇ ਪ੍ਰਿੰਸੀਪਲ ਤਾਂ ਗਦਗਦ ਹੋ ਉਠੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਤਾਂ ਉਸੇ ਸਕੂਲ ਦਾ ਪੁਰਾਣਾ ਵਿਦਿਆਰਥੀ ਹਾਂ। ਉਸ ਦਿਨ ਸਕੂਲ ਵਿੱਚ ਮਿਲਿਆ ਮਾਣ ਸਨਮਾਨ ਮੇਰੇ ਵਾਸਤੇ ਇਕ ਕੌਮਾਂਤਰੀ ਮਾਣ ਸਨਮਾਨ ਦੇ ਬਰਾਬਰ ਸੀ, ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਬੇਸ਼ੱਕ ਹੁਣ ਕਾਂਗੜੇ ਦੇ ਹੀ ਹੋ ਕੇ ਰਹਿ ਗਏ ਹਾਂ, ਪਰ ਆਪਣਾ ਪਿੰਡ ਕਦੇ ਯਾਦਾਂ ‘ਚੋਂ ਨਹੀਂ ਵਿਸਰਦਾ।