ਕੀ ਹੈ ਕੈਨੇਡਾ ਵਿੱਚ ਬੱਚੇ ਪਾਲਣ ਦਾ ਮੁੱਲ

zzzzzzzz-300x1111ਕੰਪੇਨ 2000 (Campaign 2000)  ਵੱਲੋਂ ਕੱਲ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਬੱਚੇ ਪਾਲਣ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸਦਾ ਇੱਕ ਸਿੱਧਾ ਪ੍ਰਭਾਵ ਇਹ ਹੈ ਕਿ ਕੈਨੇਡੀਅਨ ਪਬਲਿਕ ਕੋਲ ਲੋੜੀਂਦੇ ਸ੍ਰੋਤ ਨਾ ਹੋਣ ਕਾਰਣ ਵਿਆਹ ਲੇਟ ਕਰਨ ਅਤੇ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਹੋਰ ਵੀ ਜਿ਼ਆਦਾ ਜੋਰ ਫੜਦਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ਕੈਨੇਡਾ ਵਿੱਚ 18% ਬੱਚੇ ਅਜਿਹੇ ਹਨ ਜੋ ਅਤਿ ਦੀ ਗਰੀਬੀ ਵਿੱਚ ਬਚਪਨ ਗੁਜ਼ਾਰ ਰਹੇ ਹਨ। ਇਹ ਦਰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 20% ਹੈ ਜਦੋਂ ਕਿ ਮੂਲਵਾਸੀ ਬੱਚਿਆਂ ਦੀ ਗਰੀਬੀ ਵਿੱਚ ਬਚਪਨ ਗੁਜ਼ਾਰਨ ਦੀ ਦਰ ਹੈਰਾਨੀਜਨਕ ਪੱਧਰ 60% ਹੈ। ਇਹ ਵੱਖਰੀ ਗੱਲ ਹੈ ਕਿ ਮਲਟੀਕਲਚਰਲ ਭਾਈਚਾਰਿਆਂ ਭਾਵ ਪਰਵਾਸੀਆਂ ਅਤੇ ਰੰਗਦਾਰ ਕਮਿਉਨਿਟੀਆਂ ਵਿੱਚ ਮੂਲਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਬਹੁਤ ਘੱਟ ਜਾਗਰਤੀ ਪਾਈ ਜਾਂਦੀ ਹੈ।

ਮੂਲਵਾਸੀਆਂ ਤੋਂ ਬਾਅਦ ਜਿਹਨਾਂ ਕਮਿਉਨਿਟੀਆਂ ਦੇ ਬੱਚਿਆਂ ਨੂੰ ਗਰੀਬੀ ਦਾ ਸੱਭ ਤੋਂ ਵੱਧ ਸੰਤਾਪ ਹੰਢਾਉਣਾ ਪੈਂਦਾ ਹੈ, ਉਹਨਾਂ ਵਿੱਚ ਸ਼ਾਮਲ ਹਨ ਕੈਨੇਡਾ ਵਿੱਚ ਆਏ ਨਵੇਂ ਪਰਵਾਸੀ, ਇੱਕਲੀਆਂ ਮਾਵਾਂ (single mothers), ਘੱਟ ਗਿਣਤੀ ਭਾਈਚਾਰਿਆਂ ਦੇ ਪਰਿਵਾਰ। ਮਿਸਾਲ ਵਜੋਂ ਟੋਰਾਂਟੋ ਵਿੱਚ ਬੱਚਿਆਂ ਦੇ ਗਰੀਬੀ ਵਿੱਚ ਜੀਵਨ ਬਿਤਾਉਣ ਦੀ ਦਰ 27% ਹੈ । ਜੇਕਰ ਇਸ ਦਰ ਵਿੱਚੋਂ ਰੰਗਦਾਰ ਅਤੇ ਨਵੇਂ ਪਰਵਾਸੀਆਂ ਦੇ ਬੱਚਿਆਂ ਦੇ ਗਰੀਬੀ ਵਿੱਚ ਰਹਿਣ ਦੀ ਦਰ ਕੱਢੀ ਜਾਵੇ ਤਾਂ ਇਸ ਵਰਗ ਦੇ ਬੱਚਿਆਂ ਦੀ ਗਰੀਬੀ ਦੀ ਦਰ ਮੂਲਵਾਸੀ ਬੱਚਿਆਂ ਵਾਗੂੰ ਬਹੁਤ ਵੱਧ ਹੋਵੇਗੀ। ਜਿਹਨਾਂ ਪਰਿਵਾਰਾਂ ਦੀ ਸਾਲਾਨਾ ਆਮਦਨ 30 ਹਜ਼ਾਰ ਡਾਲਰ ਤੋਂ ਘੱਟ ਹੈ, ਉਹਨਾਂ ਪਰਿਵਾਰਾਂ ਦੇ 50% ਤੋਂ ਵੱਧ ਬੱਚੇ ਕਿਸੇ ਵੀ ਕਿਸਮ ਦੀ ਕਲਾ ਜਾਂ ਖੇਡ ਵਿੱਚ ਭਾਗ ਨਹੀਂ ਲੈਂਦੇ। ਦੂਜੇ ਪਾਸੇ ਜਿਹੜੇ ਪਰਿਵਾਰਾਂ ਦੀ ਆਮਦਨ 1 ਲੱਖ ਡਾਲਰ ਤੋਂ ਵੱਧ ਹੈ, ਉਹਨਾਂ ਦੇ 93% ਬੱਚੇ ਵਿਕਾਸ ਦੀਆਂ (ਕਲਾਵਾਂ, ਖੇਡਾਂ ਆਦਿ) ਗਤੀਵਿਧੀਆਂ ਵਿੱਚ ਭਾਗ ਲੈਂਦੇ ਹਨ। ਭਾਵ ਇਹ ਕਿ ਇੱਕ ਪੀੜੀ ਦੀ ਗਰੀਬੀ ਦਾ ਪ੍ਰਭਾਵ ਪੀੜੀ ਦਰ ਪੀੜੀ ਬੱਚਿਆਂ ਨੂੰ ਹੰਢਾਉਣਾ ਪੈਂਦਾ ਹੈ। ਕੈਨੇਡਾ ਦੇ ਕਈ ਹਿੱਸੇ ਅਜਿਹੇ ਵੀ ਹਨ ਜਿੱਥੇ ਪਿਛਲੇ ਸਾਲਾਂ ਵਿੱਚ ਗਰੀਬੀ ਕਾਰਣ ਫੂਡ ਬੈਂਕ ਤੋਂ ਖਾਣਾ ਲੈ ਕੇ ਢਿੱਡ ਭਰਨ ਵਾਲਿਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਮਿਸਾਲ ਵਜੋਂ ਟੋਰਾਂਟੋ ਦੇ ਈਟੋਬੀਕੋ, ਨੌਰਥ ਯੌਕਰ ਅਤੇ ਸਕਾਰਬਰੋ ਵਿੱਚ ਫੂਡ ਬੈਂਕ ਸਹਾਰੇ ਪੇਟ ਭਰਨ ਵਾਲਿਆਂ ਦੀ ਗਿਣਤੀ ਵਿੱਚ 48% ਵਾਧਾ ਵੇਖਣ ਨੂੰ ਮਿਲਿਆ ਹੈ।

ਕੈਨੇਡਾ ਦੀ ਵੱਡੀ ਸੱਮਸਿਆ ਹੈ ਕਿ ਬਾਕੀ ਵਿਕਸਿਤ ਮੁਲਕਾਂ ਵਾਗੂੰ ਸਰਕਾਰ ਵੱਲੋਂ ਬੱਚੇ ਪਾਲਣ ਦੀ ਕੀਮਤ ਦੇ ਅੰਕੜੇ ਤਿਆਰ ਨਹੀਂ ਕੀਤੇ ਜਾਂਦੇ। ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਸਾਲ 2015 ਵਿੱਚ ਅੰਦਾਜ਼ਾ ਲਾਇਆ ਸੀ ਕਿ ਅਮਰੀਕਾ ਵਿੱਚ ਇੱਕ ਮੱਧਵਰਗੀ ਆਮਦਨ ਵਾਲਾ ਜੋੜਾ ਇੱਕ ਬੱਚੇ ਨੂੰ 18 ਸਾਲ ਦੀ ਉਮਰ ਤੱਕ ਪਾਲਣ ਉੱਤੇ 2 ਲੱਖ 50 ਹਜ਼ਾਰ ਡਾਲਰ ਖਰਚ ਕਰੇਗਾ। ਇਸ ਵਿੱਚ ਬੱਚੇ ਦੀ 18 ਸਾਲ ਤੋਂ ਬਾਅਦ ਕਾਲਜ ਜਾਂ ਯੂਨੀਵਰਸਿਟੀ ਦੀ ਪੜਾਈ, ਵਿਆਹ ਦਾ ਖਰਚਾ ਜਾਂ ਹੋਰ ਖਰਚੇ ਸ਼ਾਮਲ ਨਹੀਂ ਹਨ। ਕੈਨੇਡਾ ਵਾਸਤੇ ਜੇਕਰ ਕੋਈ ਅੰਕੜੇ ਮਿਲਦੇ ਹਨ ਤਾਂ ਇਹ MoneySense ਰਿਸਾਲੇ ਵੱਲੋਂ 2 ਸਾਲ ਪਹਿਲਾਂ ਛਾਪੇ ਗਏ ਸਨ ਜਿਸ ਮੁਤਾਬਕ ਕੈਨੇਡੀਅਨ ਮਾਪਿਆਂ ਨੂੰ 18 ਸਾਲ ਦੀ ਉਮਰ ਤੱਕ ਇੱਕ ਬੱਚਾ ਪਾਲਣ ਉੱਤੇ 2 ਲੱਖ 40 ਹਜ਼ਾਰ ਡਾਲਰ ਖਰਚ ਕਰਨੇ ਹੋਣਗੇ। ਹੁਣ ਸਮਝ ਆ ਸਕਦੀ ਹੈ ਕਿ ਕੈਨੇਡੀਅਨ ਨੌਜਵਾਨ ਵਿਆਹ ਦੇਰੀ ਨਾਲ ਕਿਉਂ ਕਰਵਾਉਂਦੇ ਹਨ, ਵਿਆਹੇ ਜੋੜੇ ਬੱਚੇ ਜੰਮਣ ਤੋਂ ਕਿਉਂ ਹਿਚਕਚਾਉਂਦੇ ਹਨ ਅਤੇ ਕੈਨੇਡਾ ਦੀ ਜਨਸੰਖਿਆ ਕਿਉਂ ਪਰਵਾਸੀਆਂ ਦੀ ਆਮਦ ਦੀ ਡੰਗੋਰੀ ਸਹਾਰੇ ਹੀ ਅੱਗੇ ਵੱਧ ਰਹੀ ਹੈ।

ਫੈਡਰਲ, ਪ੍ਰੋਵਿੰਸ਼ੀਅਲ, ਸਿਟੀ ਪੱਧਰ ਦੀਆਂ ਸਰਕਾਰਾਂ ਤੋਂ ਲੈ ਕੇ ਹਰ ਉਸ ਸੰਸਥਾ ਜਾਂ ਵਿਅਕਤੀ ਲਈ ਇਹ ਫਿ਼ਕਰ ਵਾਲਾ ਮੁੱਦਾ ਬਣਨਾ ਚਾਹੀਦਾ ਹੈ ਕਿ ਅਮੀਰ ਹੋਣ ਦੇ ਬਾਵਜੂਦ ਕੈਨੇਡਾ ਕਦੋਂ ਤੱਕ ਆਪਣੇ ਬੱਚਿਆਂ ਨੂੰ ਗਰੀਬੀ ਪਲਦਾ ਸਹਿਣ ਕਰਦਾ ਰਹੇਗਾ। ਕੈਨੇਡਾ ਵਿੱਚ ਬੱਚੇ ਪਾਲਣ ਦੀ ਕੀਮਤ ਅਤੇ ਇਸਦੇ ਪ੍ਰਭਾਵਾਂ ਨੂੰ ਫੈਡਰਲ ਪੱਧਰ ਦੀ ਪਾਲਸੀ ਦਾ ਮੁੱਦਾ ਬਣਾਇਆ ਜਾਣਾ ਚਾਹੀਦਾ ਹੈ। ਸਾਲ 2013 ਤੋਂ 2016 ਦਰ ਦਰਮਿਆਨ ਬੱਚਿਆਂ ਨੂੰ ਪਾਲਣ ਉੱਤੇ ਆਉਣ ਵਾਲੇ ਖਰਚੇ ਬਾਬਤ ਚਿੰਤਤ ਕੈਨੇਡਾ ਦੇ ਮੀਡੀਆ ਵਿੱਚ 2767 ਆਰਟੀਕਲ ਛਾਪੇ ਗਏ ਹਨ। ਪੰਜਾਬੀ ਪੋਸਟ ਵੱਲੋਂ ਵੀ ਇਸ ਮੁੱਦੇ ਉੱਤੇ ਪਹਿਲਾਂ ਵੀ ਦੋ ਵਾਰ ਲਿਖਿਆ ਜਾ ਚੁੱਕਾ ਹੈ। ਬੱਚੇ ਦੇਸ਼ ਦਾ ਭੱਵਿਖ ਹਨ ਅਤੇ ਦੇਸ਼ ਦੇ ਭੱਵਿਖ ਦਾ ਵਰਤਮਾਨ ਹਨੇਰੇ ਵਿੱਚ ਨਹੀਂ ਰਹਿਣਾ ਚਾਹੀਦਾ।