ਕੀ ਵਿਰੋਧੀ ਪਾਰਟੀਆਂ ਦੀ ਨੇੜਤਾ ਇੱਕ ਠੋਸ ਗਠਜੋੜ ਦਾ ਰੂਪ ਧਾਰਨ ਕਰੇਗੀ

-ਪੂਨਮ ਆਈ ਕੌਸ਼ਿਸ਼
ਇਤਿਹਾਸ ‘ਚ ਖੁਦ ਨੂੰ ਦੁਹਰਾਉਣ ਦਾ ਰੁਝਾਨ ਹੈ। ਸੰਨ 1971, 1977 ਅਤੇ 1989 ਵਿੱਚ ਵਿਰੋਧੀ ਪਾਰਟੀਆਂ ਨੇ ਇਕਜੁੱਟ ਹੋ ਕੇ ਕਾਂਗਰਸ ਵਿਰੁੱਧ ਇੱਕ ਮਜ਼ਬੂਤ ਗਠਜੋੜ ਬਣਾਇਆ ਸੀ ਅਤੇ ਇਸ ਵਾਰੀ 2018 ਵਿੱਚ 20 ਵੱਖ-ਵੱਖ ਵਿਰੋਧੀ ਪਾਰਟੀਆਂ ਕਾਂਗਰਸ ਦੀ ਅਗਵਾਈ ਹੇਠ ਇਕਜੁੱਟ ਹੋ ਰਹੀਆਂ ਜਾਪਦੀਆਂ ਹਨ। ਇਸ ਗਠਜੋੜ ਵਿੱਚ ਮਮਤਾ ਦੀ ਤਿ੍ਰਣਮੂਲ ਕਾਂਗਰਸ, ਮਾਇਆ ਦੀ ਬਸਪਾ, ਅਖਿਲੇਸ਼ ਸਿੰਘ ਦੀ ਸਮਾਜਵਾਦੀ ਪਾਰਟੀ, ਨਾਇਡੂ ਦੀ ਤੇਲਗੂ ਦੇਸਮ ਪਾਰਟੀ, ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ, ਲਾਲੂ ਪ੍ਰਸਾਦ ਦਾ ਰਾਸ਼ਟਰੀ ਜਨਤਾ ਦਲ ਤੇ ਸੀਤਾਰਾਮ ਯੇਚੁਰੀ ਦੀ ਸੀ ਪੀ ਆਈ ਐਮ ਆਦਿ ਸਾਰੀਆਂ ਪਾਰਟੀਆਂ ਭਾਜਪਾ ਦੇ ਵਿਰੁੱਧ ਇਕਜੁੱਟ ਹੋ ਰਹੀਆਂ ਹਨ ਤੇ ਸਾਰੇ ਨੇਤਾਵਾਂ ਦਾ ਕਹਿਣਾ ਹੈ ਕਿ ‘ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ।’ ਇਹ ਸਾਰੇ ਹਰ ਕੀਮਤ ਉੱਤੇ ਸੱਤਾ ਹਾਸਲ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿੱਚ ਇਕਜੁੱਟਤਾ ਲਈ ਬਰਾਬਰੀ ਕੋਈ ਵੀ ਨਹੀਂ, ਸਾਰੇ ਮੋਦੀ ਨੂੰ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਰੋਕਣਾ ਚਾਹੁੰਦੇ ਹਨ।
ਕਰਨਾਟਕ ਦੇ ਚੋਣ ਨਤੀਜਿਆਂ ਨੇ 2019 ਦੀਆਂ ਆਮ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਆਪਣੀ ਸਿਆਸੀ ਹੋਂਦ ਲਈ ਲੜ ਰਹੀ ਕਾਂਗਰਸ ਸਿਰਫ ਤਿੰਨ ਰਾਜਾਂ ਵਿੱਚ ਸਰਕਾਰ ਚਲਾ ਰਹੀ ਹੈ। ਕਰਨਾਟਕ ਵਿੱਚ ਹਾਰਨ ਦੇ ਬਾਵਜੂਦ ਇਸ ਨੇ ਕੁਮਾਰਸਵਾਮੀ ਨੂੰ ਮੁੱਖ ਮੰਤਰੀ ਬਣਾ ਦਿੱਤਾ, ਗੋਆ, ਮਣੀਪੁਰ ਅਤੇ ਮੇਘਾਲਿਆ ਵਿੱਚ ਆਰ ਐਸ ਐਸ ਨੇ ਕਾਂਗਰਸ ਨੂੰ ਮਾਤ ਦਿੱਤੀ ਸੀ। ਇਸ ਵਾਰ ਕਾਂਗਰਸ ਕਰਨਾਟਕ ਵਿੱਚ ਨਾ ਸਿਰਫ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਵਿੱਚ ਸਫਲ ਰਹੀ, ਸਗੋਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਆਪਣੇ ਵਰਕਰਾਂ ਦਾ ਮਨੋਬਲ ਵਧਾਉਣ ਵਿੱਚ ਵੀ ਸਫਲ ਰਹੀ ਹੈ।
ਸਵਾਲ ਉਠਦਾ ਹੈ ਕਿ ਕੀ ਇਹ 2019 ਦੀਆਂ ਲੋਕ ਸਭਾ ਚੋਣਾਂ ਲਈ ਕੌਮੀ ਪੱਧਰ ‘ਤੇ ਭਾਜਪਾ ਵਿਰੋਧੀ ਮੋਰਚੇ ਦੀ ਸ਼ੁਰੂਆਤ ਹੈ? ਕੀ ਅਜਿਹੀ ਨੇੜਤਾ ਇੱਕ ਠੋਸ ਗਠਜੋੜ ਦਾ ਰੂਪ ਧਾਰੇਗੀ? ਕੀ ਇਸ ਸ਼ਕਤੀ ਪ੍ਰਦਰਸ਼ਨ ਨਾਲ ਭਾਜਪਾ ਦੇ ਚੋਣ ਭਵਿੱਖ ‘ਤੇ ਪ੍ਰਭਾਵ ਪਵੇਗਾ? ਵਿਰੋਧੀ ਪਾਰਟੀਆਂ ਵਿੱਚ ਏਕਤਾ ਦਾ ਸੂਤਰ ਸਿਰਫ ਮੋਦੀ ਸਾਹਮਣੇ ਸਿਆਸੀ ਆਧਾਰ ਖੁੱਸਣ ਦਾ ਡਰ ਹੈ। ਪਿਛਲੇ ਚਾਰ ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਹਰਮਨ ਪਿਆਰਤਾ ਘਟੀ ਨਹੀਂ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਭਾਜਪਾ ਨੂੰ ਇੱਕ ਚੋਣ ਮਸ਼ੀਨ ਬਣਾਇਆ ਹੈ, ਜਿਸ ਨਾਲ ਪਾਰਟੀ ਨੂੰ 21 ਰਾਜਾਂ ਵਿੱਚ ਲਾਭ ਮਿਲਿਆ ਹੈ। ਇਨ੍ਹਾਂ ਵਿੱਚ ਤਿ੍ਰਪੁਰਾ ਵੀ ਸ਼ਾਮਲ ਹੈ, ਜਿੱਥੇ ਪਾਰਟੀ ਦਾ ਜਨ-ਆਧਾਰ ਬਹੁਤਾ ਨਹੀਂ ਸੀ। ਇਸ ਲਈ ਵਿਰੋਧੀ ਪਾਰਟੀਆਂ ਆਪਣੀ ਪੁਰਾਣੀ ਮੁਕਾਬਲੇਬਾਜ਼ੀ ਜਾਂ ਵਿਰੋਧਤਾ ਉੱਤੇ ਮੁੜ ਵਿਚਾਰ ਕਰ ਰਹੀਆਂ ਹਨ ਤੇ ਭਾਜਪਾ ਦਾ ਮਿਲ ਕੇ ਮੁਕਾਬਲਾ ਕਰਨ ਲਈ ਆਪਣੇ ਮੱਤਭੇਦਾਂ ਨੂੰ ਦੂਰ ਕਰ ਰਹੀਆਂ ਹਨ।
ਇਸ ਵਕਤ ਸਵਾਲ ਉਠਦਾ ਹੈ ਕਿ ਕੀ ਕਾਂਗਰਸ ਇਸ ਪ੍ਰਯੋਗ ਵਿੱਚ ਖੇਤਰੀ ਪਾਰਟੀਆਂ ਸਾਹਮਣੇ ਦੂਸਰੇ ਦਰਜੇ ਦੀ ਭੂਮਿਕਾ ਨਿਭਾਉਣ ਨੂੰ ਤਿਆਰ ਹੈ ਤਾਂ ਕਿ 2019 ਵਿੱਚ ਮੋਦੀ ਦੀ ਭਾਜਪਾ ਵਿਰੁੱਧ ਮਹਾਗਠਜੋੜ ਬਣ ਸਕੇ?
ਸਮੱਸਿਆ ਇਹ ਹੈ ਕਿ ਕਾਂਗਰਸ ਸਮਝਦੀ ਹੈ ਕਿ ਉਹ ਰਾਜ ਕਰਨ ਵਾਲੀ ਸੁਭਾਵਿਕ ਪਾਰਟੀ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਕਾਂਗਰਸ ਅੰਦਰਲੀਆਂ ਕਮਜ਼ੋਰੀਆਂ ਨੂੰ ਸਮਝਣਾ ਪਵੇਗਾ ਅਤੇ ਭਾਜਪਾ ਦਾ ਮੁਕਾਬਲਾ ਕਰਨ ਲਈ ਖੇਤਰੀ ਨੇਤਾਵਾਂ ਨੂੰ ਖੁੱਲ੍ਹ ਦੇਣੀ ਪਵੇਗੀ। ਸ਼ਾਇਦ ਉਹ ਆਪਣੀ ਪਾਰਟੀ ਦੇ ਓ ਬੀ ਸੀ, ਦਲਿਤ ਵੋਟ ਬੈਂਕ ਨੂੰ ਸੁਰੱਖਿਅਤ ਰੱਖਣ ਲਈ ਗਠਜੋੜ ਦਾ ਰਾਹ ਅਪਣਾਉਣ। ਇਸੇ ਲਈ ਬੀਤੇ ਦੇ ਮਾੜੇ ਪ੍ਰਬੰਧਾਂ ਦੇ ਬਾਵਜੂਦ ਮਾਇਆਵਤੀ ਵੱਲ ਸੋਨੀਆ ਗਾਂਧੀ ਦੀ ਗਰਮਜੋਸ਼ੀ ਦੇਖਣ ਨੂੰ ਮਿਲੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵਰਗੇ ਕੁਝ ਕੱਟੜ ਕਾਂਗਰਸ ਵਿਰੋਧੀ ਨੇਤਾਵਾਂ ਦੀ ਮੌਜੂਦਗੀ ਵੀ ਦੇਖਣ ਨੂੰ ਮਿਲੀ। ਐਨ ਸੀ ਪੀ ਦੇ ਨੇਤਾ ਸ਼ਰਦ ਪਵਾਰ ਨੇ ਇਸ ਗੱਲ ਦੀ ਆਸ ਜਗਾਈ ਕਿ ਵਿਰੋਧੀ ਧਿਰ ਦੀ ਏਕਤਾ ਅਸੰਭਵ ਨਹੀਂ ਹੈ, ਇਹ ਹੋ ਵੀ ਸਕਦੀ ਹੈ।
ਸਾਲ 2019 ਦੀਆਂ ਚੋਣਾਂ ਵਿੱਚ ਸਫਾਇਆ ਹੋਣ ਦੇ ਡਰ ਕਾਰਨ ਬਸਪਾ ਦੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਆਪਸ ਵਿੱਚ ਹੱਥ ਮਿਲਾ ਰਹੇ ਹਨ। ਇਹ ਖੇਤਰੀ ਨੇਤਾ ਇਸ ਨਵੇਂ ਭਾਈਚਾਰੇ ਤੋਂ ਖੁਸ਼ ਹਨ, ਪਰ ਉਨ੍ਹਾਂ ਨੂੰ ਇੱਕ ਅਮਲੀ ਗਠਜੋੜ ਬਣਾਉਣ ਲਈ ਕਈ ਰੁਕਾਵਟਾਂ ਪਾਰ ਕਰਨੀਆਂ ਪੈਣਗੀਆਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੀ ਪੀ ਆਈ ਐਮ ਦੇ ਸੀਤਾਰਾਮ ਯੇਚੁਰੀ ਨਾਲ ਮੰਚ ਸਾਂਝਾ ਕਰਨ ਉੱਤੇ ਭਰੋਸਾ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਦੋਵਾਂ ਪਾਰਟੀਆਂ ਵਿਚਾਲੇ ਪੁਰਾਣਾ ਝਗੜਾ ਹੈ ਅਤੇ ਦੋਵਾਂ ਦਾ ਸਿਆਸੀ ਏਜੰਡਾ ਵੀ ਵੱਖੋ-ਵੱਖ ਹੈ। ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਤੇ ਤੇਲਗੂ ਦੇਸ਼ਮ ਪਾਰਟੀ ਪੁਰਾਣੀਆਂ ਵਿਰੋਧੀ ਹਨ।
ਇਸ ਤੋਂ ਇਲਾਵਾ ਗਠਜੋੜ ਵਿੱਚ ਕਈ ਬਜ਼ੁਰਗ ਆਗੂ ਅਜੇ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਲਈ ਬੈਠੇ ਹਨ, ਜਿਨ੍ਹਾਂ ਵਿੱਚ ਐਨ ਸੀ ਪੀ ਦੇ ਸ਼ਰਦ ਪਵਾਰ ਅਤੇ ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਮੁੱਖ ਹਨ, ਜੋ ਦਾਅਵਾ ਠੋਕਣ ਲਈ ਤਿਆਰ ਬੈਠੇ ਹਨ ਤੇ 2019 ਦੀਆਂ ਚੋਣਾਂ ਵਿੱਚ ਉਨ੍ਹਾਂ ਦੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਉਤੇ ਉਨ੍ਹਾਂ ਦਾ ਦਾਅਵਾ ਨਿਰਭਰ ਕਰੇਗਾ। ਇਸੇ ਤਰ੍ਹਾਂ ਮਮਤਾ ਬੈਨਰਜੀ, ਚੰਦਰ ਬਾਬੂ ਨਾਇਡੂ ਅਤੇ ਮਾਇਆਵਤੀ ਦੇ ਪੱਖ ਵਿੱਚ ਅੰਕੜੇ ਗਏ ਤਾਂ ਉਹ ਵੀ ਦਾਅਵਾ ਠੋਕ ਸਕਦੇ ਹਨ। ਸਮੱਸਿਆ ਇਹ ਹੈ ਕਿ ਉਨ੍ਹਾਂ ਦਾ ਪ੍ਰਭਾਵ ਖੇਤਰ ਬਹੁਤ ਸੀਮਿਤ ਹੈ। ਇਸ ਤੋਂ ਇਲਾਵਾ ਵਿਚਾਰਧਾਰਾ, ਨੀਤੀਆਂ, ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਛਿੱਕੇ ਟੰਗ ਕੇ ਦੋਸਤ ਤੋਂ ਦੁਸ਼ਮਣ ਬਣੇ ਨੇਤਾ ਕੀ ਦੋਸਤ ਬਣੇ ਰਹਿ ਸਕਣਗੇ? ਕੀ ਦੱਖਣ ਵਿੱਚ ਅੰਨਾ ਡੀ ਐੱਮ ਕੇ ਅਤੇ ਡੀ ਐੱਮ ਕੇ ਏਦਾਂ ਕਰ ਸਕਣਗੀਆਂ?
ਵਿਰੋਧੀ ਪਾਰਟੀਆਂ ਦੀ ਇਕਜੁੱਟਤਾ ਵਿੱਚ ਤਰੇੜ ਵੀ ਨਜ਼ਰ ਆ ਰਹੀ ਹੈ। ਮਮਤਾ ਬੈਨਰਜੀ ਨੇ ਗਾਂਧੀ ਪਰਵਾਰ ਤੋਂ ਦੂਰੀ ਬਣਾਈ ਹੋਈ ਹੈ ਕਿਉਂਕਿ ਉਨ੍ਹਾਂ ਅਤੇ ਤੇਲੰਗਾਨਾ ਰਾਸ਼ਟਰੀ ਸਮਿਤੀ ਦੇ ਚੰਦਰਸ਼ੇਖਰ ਰਾਓ ਨੇ ਗੈਰ ਕਾਂਗਰਸ, ਗੈਰ ਭਾਜਪਾ ਪਾਰਟੀਆਂ ਦੇ ਕੇਂਦਰੀ ਮੋਰਚੇ ਦੇ ਗਠਨ ਦਾ ਵਿਚਾਰ ਦਿੱਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਖੇਤਰੀ ਨੇਤਾ ਭਾਜਪਾ ਵਿਰੋਧੀ ਮੋਰਚੇ ਦੀ ਅਗਵਾਈ ਕਰਨ ਦੇ ਕਾਂਗਰਸ ਦੇ ਦਾਅਵੇ ਨੂੰ ਸਵੀਕਾਰ ਨਹੀਂ ਕਰਦੇ।
ਬਿਨਾਂ ਸ਼ੱਕ ਕਰਨਾਟਕ ਦੀ ਹਾਰ ਭਾਜਪਾ ਲਈ ਇੱਕ ਚਿਤਾਵਨੀ ਹੈ ਤੇ ਇਸ ਨੂੰ ਮਹਿਸੂਸ ਹੋ ਗਿਆ ਹੈ ਕਿ 2019 ਦੀ ਚੋਣ ਜੰਗ ਸੌਖੀ ਨਹੀਂ ਹੋਵੇਗੀ। ਇਸੇ ਲਈ ਉਹ ਆਪਣੀ ਰਣਨੀਤੀ ਨੂੰ ਠੋਸ ਬਣਾ ਰਹੀ ਹੈ ਤੇ ਨਵੇਂ ਸਹਿਯੋਗੀਆਂ ਦੀ ਭਾਲ ਕਰ ਰਹੀ ਹੈ। ਭਾਜਪਾ ਨੇ ਕਰੁਣਾਨਿਧੀ, ਸ਼ਰਦ ਪਵਾਰ ਅਤੇ ਜਗਨਮੋਹਨ ਰੈਡੀ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜਗਨਮੋਹਨ ਰੈਡੀ ਆਂਧਰਾ ਪ੍ਰਦੇਸ਼ ਵਿੱਚ ਨਾਇਡੂ ਦੇ ਕੱਟੜ ਵਿਰੋਧੀ ਹਨ। ਭਾਜਪਾ ਸ਼ਿਵ ਸੈਨਾ ਅਤੇ ਅਕਾਲੀ ਦਲ ਨੂੰ ਕੁਝ ਥਾਂ ਦੇਣ ਬਾਰੇ ਵੀ ਵਿਚਾਰ ਕਰ ਰਹੀ ਹੈ।
ਸਿਆਸੀ ਪਾਰਟੀਆਂ ਦੀ ਗਿਣਤੀ ਵਧਣ ਨਾਲ ਲੋਕਤੰਤਰ ਸਾਹਮਣੇ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ, ਜਿਸ ਕਾਰਨ ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਦਾ ਇੱਕੋ ਉਪਾਅ ਸਾਰੀਆਂ ਵਿਰੋਧੀ ਪਾਰਟੀਆਂ ਦਾ ਇੱਕ ਹੋਣਾ ਹੈ, ਪਰ ਸੁਫਨੇ ਕਦੇ ਸੱਚ ਨਹੀਂ ਹੁੰਦੇ। ਥੋੜ੍ਹੀ ਦੇਰ ਲਈ ਇਹ ਵੱਖ-ਵੱਖ ਵਿਚਾਰਾਂ ਵਾਲੀਆਂ ਪਾਰਟੀਾਂ ਇੱਕ ਹੋ ਸਕਦੀਆਂ ਹਨ, ਪਰ ਅੱਗੇ ਚੱਲ ਕੇ ਖੁਦ ਨੂੰ ਅਹਿਮੀਅਤ ਦੇਣ ਵਾਲੇ ਪਰਵਾਰਵਾਦ ਵਿਰੋਧੀ ਨੇਤਾ ਇਸ ਗਠਜੋੜ ਦੇ ਟੁੱਟਣ ਦੀ ਵਜ੍ਹਾ ਬਣ ਸਕਦੇ ਹਨ ਅਤੇ ਇਹ ਹੀ ਭਾਜਪਾ ਦੀ ਅਸਲੀ ਤਾਕਤ ਹੈ।
ਅਕਸਰ ਦੇਖਿਆ ਗਿਆ ਹੈ ਕਿ ਜਦੋਂ ਪਾਰਟੀਆਂ ਸੱਤਾ ਹਾਸਲ ਕਰਨ ਲਈ ਗਲਤ ਕਾਰਨਾਂ ਕਰ ਕੇ ਇੱਕ ਦੂਸਰੇ ਤੋਂ ਵੱਖਰੀ ਵਿਚਾਰਧਾਰਾ ਵਾਲੀਆਂ ਖੇਤਰੀ ਪਾਰਟੀਆਂ ਨਾਲ ਹੱਥ ਮਿਲਾਉਂਦੀਆਂ ਹਨ ਤਾਂ ਉਸ ਦੇ ਨਤੀਜੇ ਵੀ ਗਲਤ ਆਉਂਦੇ ਹਨ। ਇਤਿਹਾਸ ਦੱਸਦਾ ਹੈ ਕਿ ਅਜਿਹਾ ਗਠਜੋੜ ਬਹੁਤੀ ਦੇਰ ਨਹੀਂ ਟਿਕ ਸਕਦਾ, ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੀਆਂ ਨਿੱਜੀ ਖਾਹਿਸ਼ਾਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਸਿਆਸੀ ਅਸੁੱਰਖਿਆ ਦੀ ਭਾਵਨਾ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕੋਈ ਇੱਕੋ ਜਿਹਾ ਸਿਆਸੀ ਏਜੰਡਾ ਨਹੀਂ ਹੁੰਦਾ। ਇਸ ਲਈ ਅਜਿਹੀਆਂ ਵਿਰੋਧੀ ਪਾਰਟੀਆਂ ਵਿਚਾਲੇ ਗਠਜੋੜ ਬਣਾਉਣਾ ਸੌਖਾ ਨਹੀਂ, ਜਿਨ੍ਹਾਂ ਵਿੱਚ ਸਮਾਨਤਾ ਨਾ ਹੋਵੇ। ਇਸ ਦੀ ਵਜ੍ਹਾ ਇਹ ਵੀ ਹੈ ਕਿ ਅਜਿਹੀਆਂ ਪਾਰਟੀਆਂ ਆਪਣੇ ਸਾਥੀਆਂ ਨੂੰ ਆਪਣਾ ਵੋਟ ਬੈਂਕ ਨਹੀਂ ਦਿਵਾ ਸਕਦੀਆਂ। ਭਾਜਪਾ ਵਿਰੋਧੀ ਵੋਟਾਂ ਇੱਕ ਉਮੀਦਵਾਰ ਨੂੰ ਦਿਵਾਉਣ ਲਈ ਉਨ੍ਹਾਂ ਵਿਚਾਲੇ ਘੱਟੋ-ਘੱਟ ਤਾਲਮੇਲ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਯਕੀਨੀ ਬਣਾਉਣਾ ਪਵੇਗਾ ਕਿ ਵੱਧ ਤੋਂ ਵੱਧ ਚੋਣ ਹਲਕਿਆਂ ਵਿੱਚ ਮਜ਼ਬੂਤ ਉਮੀਦਵਾਰਾਂ ਨੂੰ ਹੋਰਨਾਂ ਪਾਰਟੀਆਂ ਦੀ ਹਮਾਇਤ ਮਿਲੇ।
ਬੰਗਲੌਰ ਦੇ ਮੰਚ ਨੇ ਸਾਫ ਕਰ ਦਿੱਤਾ ਹੈ ਕਿ ਵਿਰੋਧੀ ਧਿਰ ਨੂੰ ਯਤਨ ਕਰਨ ਤੋਂ ਚੁਣੌਤੀਆਂ ਰੋਕ ਨਹੀਂ ਸਕਦੀਆਂ, ਇਸ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਪ੍ਰਯੋਗ ਦੀ ਸਫਲਤਾ ਭਾਜਪਾ ਵਿਰੁੱਧ ਗਠਜੋੜ ਬਣਾਉਣ ਦੀ ਦਿਸ਼ਾ ਵਿੱਚ ਫੈਸਲਾਕੁੰਨ ਸਿੱਧ ਹੋਵੇਗੀ। ਦੇਖਣਾ ਇਹ ਹੈ ਕਿ ਵਿਰੋਧੀ ਪਾਰਟੀਆਂ ਕਿੰਨੀ ਦੇਰ ਤੱਕ ਭਾਜਪਾ ਵਿਰੁੱਧ ਇਕਜੁੱਟ ਹੋ ਕੇ ਡਟੀਆਂ ਰਹਿ ਸਕਦੀਆਂ ਹਨ ਤੇ ਭਾਜਪਾ ਦਾ ਮੁਕਾਬਲਾ ਕਰਨ ਲਈ ਇਨ੍ਹਾਂ ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਚਿਹਰਾ ਕੌਣ ਬਣਦਾ ਹੈ ਅਤੇ 2019 ਵਿੱਚ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਕੌਣ ਤਿਆਰ ਕਰਦਾ ਹੈ?
ਲੋਕ ਸਭਾ ਦੇ ਗਣਿਤ ਨੂੰ ਦੇਖ ਕੇ ਅਜੇ ਸੰਕੇਤ ਮਿਲਦੇ ਹਨ ਕਿ 2019 ਦੀਆਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋਣ ਦੇ ਬਾਵਜੂਦ ਭਾਜਪਾ ਇਕੱਲੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੇਗੀ, ਕਿਉਂਕਿ ਹੋ ਸਕਦਾ ਹੈ ਕਿ ਵਿਰੋਧੀ ਪਾਰਟੀਆਂ ਆਪੋ ਆਪਣੇ ਵੋਟ ਬੈਂਕ ਆਪਣੀਆਂ ਸਾਥੀ ਪਾਰਟੀਆਂ ਨੂੰ ਨਾ ਪਵਾ ਸਕਣ। ਕੁੱਲ ਮਿਲਾ ਕੇ ਵਿਰੋਧੀ ਪਾਰਟੀਆਂ ਨੂੰ ਦਿਖਾਵੇ ਤੋਂ ਦੂਰ ਹੋਣਾ ਪਵੇਗਾ ਅਤੇ ਭਾਜਪਾ ਦੀ ਬਿਹਤਰੀਨ ਚੋਣ ਰਣਨੀਤੀ ਦਾ ਸਾਹਮਣਾ ਕਰਨ ਲਈ ਘਾਗ ਸਿਆਸੀ ਕਦਮ ਚੁੱਕਣੇ ਪੈਣਗੇ ਤੇ ਠੋਸ ਚੋਣ ਮੈਨੇਜਮੈਂਟ ਕਰਨੀ ਪਵੇਗੀ। ਇਹ ਸੱਚ ਹੈ ਕਿ ਜਿੱਤੇ ਮੈਂਬਰਾਂ ਦੀ ਗਿਣਤੀ ਦੱਸੇਗੀ ਕਿ ਭਾਰਤ ਦੀ ਰਾਜਗੱਦੀ ‘ਤੇ ਕੌਣ ਬੈਠਦਾ ਹੈ, ਪਰ ਨਾਲ ਉਨ੍ਹਾਂ ਨੂੰ ਇਸ ਕੌੜੀ ਸੱਚਾਈ ਦਾ ਸਾਹਮਣਾ ਵੀ ਕਰਨਾ ਪਵੇਗਾ ਕਿ ਸ਼ਾਸਨ ਅਤੇ ਕੌਮੀ ਹਿੱਤਾਂ ਨੂੰ ‘ਗਰੀਬ ਦੀ ਵਹੁਟੀ ਸਭ ਦੀ ਭਾਬੀ’ ਦੇ ਪੱਧਰ ਤੱਕ ਨਹੀਂ ਲਿਆਂਦਾ ਜਾ ਸਕਦਾ।