ਕੀ ਰੱਖਿਆ ਹੈ ਪੀਲ ਰੀਜਨ ਦੀ ਚੇਅਰਮੈਨੀ ਵਿੱਚ

ਇਸ ਸਾਲ 22 ਅਕਤੂਬਰ ਨੂੰ ਉਂਟੇਰੀਓ ਵਿੱਚ ਮਿਉਂਸੀਪਲ ਚੋਣਾਂ ਹੋਣ ਜਾ ਰਹੀਆਂ ਹਨ ਜਿਹਨਾਂ ਵਿੱਚ ਇੱਕ ਵਿਸ਼ੇਸ਼ਤਾ ਵੇਖਣ ਨੂੰ ਮਿਲੇਗੀ। ਇਹ ਵਿਸ਼ੇਸ਼ਤਾ ਹੋਵੇਗੀ ਕਿ ਪ੍ਰੋਵਿੰਸ ਦੀਆਂ ਕਈ ਵੱਡੀਆਂ ਰੀਜਨਲ ਕਾਉਂਸਲਾਂ ਲਈ ਚੇਅਰ ਦੀ ਚੋਣ ਵੋਟਾਂ ਦੁਆਰਾ ਕੀਤੀ ਜਾਵੇਗੀ ਜਿਹਨਾਂ ਵਿੱਚ ਪੀਲ ਰੀਜਨ, ਯੌਰਕ, ਨਿਆਗਾਰਾ ਰੀਜਨ ਸ਼ਾਮਲ ਹਨ। ਇਸਤੋਂ ਪਹਿਲਾਂ ਰੀਜਨਲ ਕਾਉਂਸਲ ਦੀ ਚੇਅਰ ਦੀ ਚੋਣ ਨਾਮਜ਼ਦਗੀ ਦੁਆਰਾ ਕੀਤੀ ਜਾਂਦੀ ਸੀ ਜਿਸ ਵਿੱਚ ਚੁਣੇ ਹੋਏ ਸਿਟੀ ਕਾਉਂਸਲਰਾਂ ਅਤੇ ਰੀਜਨਲ ਕਾਉਂਸਲਰਾਂ ਹਿੱਸਾ ਲੈਂਦੇ ਸਨ। ਇਹ ਨਾਮਜ਼ਦਗੀ ਦਾ ਹੀ ਸਿੱਟਾ ਸੀ ਕਿ ਕੈਲੀਡਾਨ ਵਾਸੀ ਐਮਿਲ ਕੋਲਬ 22 ਸਾਲ ਤੋਂ ਵੱਧ ਪੀਲ ਰੀਜਨਲ ਕਾਉਂਸਲ ਦੀ ਚੇਅਰ ਦੀ ਕੁਰਸੀ ਉੱਤੇ ਜੱਟ ਜੱਫਾ ਮਾਰ ਕੇ ਬੈਠਾ ਰਿਹਾ। ਬੀਤੇ ਸਾਲ ਪ੍ਰੋਵਿੰਸ਼ੀਅਲ ਕਨੂੰਨ ਵਿੱਚ ਤਬਦੀਲੀ ਕੀਤੀ ਗਈ ਤਾਂ ਜੋ ਚੇਅਰ ਦੀ ਵੋਟਰਾਂ ਵੱਲੋਂ ਚੋਣ ਕੀਤੀ ਜਾ ਸਕੇ।

ਪੀਲ ਰੀਜਨਲ ਕਾਉਂਸਲ ਚੇਅਰ ਲਈ ਹੋਣ ਵਾਲੀ ਚੋਣ ਵਿੱਚ ਪਬਲਿਕ ਅਤੇ ਸਿਆਸਤਦਾਨਾਂ ਦੀ ਦਿਲਚਸਪੀ ਇਸ ਲਈ ਵੀ ਵੱਧ ਗਈ ਹੈ ਕਿਉਂਕਿ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਪੈਟਰਿਕ ਬਰਾਊਨ ਦੇ ਇਸ ਚੋਣ ਵਿੱਚ ਉਮੀਦਵਾਰ ਹੋਣ ਲਈ ਨਾਮਜ਼ਦਗੀ ਦੇ ਕਾਗਜ਼ ਦਾਖ਼ਲ ਕਰ ਦਿੱਤੇ ਹਨ। ਉਸਦੀ ਨਾਮਜ਼ਦਗੀ ਉਪਰੰਤ ਪੈਦਾ ਹੋਈ ਸਿਆਸੀ ਸਥਿਤੀ ਨੂੰ ਪਾਠਕਾਂ ਨਾਲ ਸਾਂਝਾ ਕਰਨ ਲਈ ਇਹਨਾਂ ਕਾਲਮਾਂ ਵਿੱਚ ਐਡੀਟੋਰੀਅਲ ਜਲਦੀ ਲਿਖਿਆ ਜਾਵੇਗਾ।

ਰੀਜਨਲ ਮਿਉਂਸਪੈਲਟੀ ਆਫ ਪੀਲ ਦਾ ਗਠਨ 1973 ਵਿੱਚ ਪੀਲ ਕਾਊਂਟੀ ਨੂੰ ਭੰਗ ਕਰਨ ਤੋਂ ਬਾਅਦ ਕੀਤਾ ਗਿਆ ਸੀ। ਵਰਤਮਾਨ ਵਿੱਚ ਪੀਲ ਕਾਉਂਸਲ ਦੇ 25 ਮੈਂਬਰ ਹੁੰਦੇ ਹਨ ਜਿਹਨਾਂ ਵਿੱਚ ਮਿਸੀਸਾਗਾ, ਬਰੈਂਪਟਨ ਅਤੇ ਕੈਲੀਡਾਨ ਦੇ ਮੇਅਰ (3 ਮੈਂਬਰ), 11 ਮਿਸੀਸਾਗਾ ਦੇ ਕਾਉਂਸਲਰ, 6 ਬਰੈਂਪਟਨ ਤੋਂ ਚੁਣੇ ਗਏ ਰੀਜਨਲ ਕਾਉਂਸਲਰ, 4 ਕੈਲੀਡਾਨ ਮਿਉਂਸਪੈਲਟੀ ਦੇ ਕਾਉਂਸਲਰ ਅਤੇ ਇੱਕ ਚੇਅਰ ਸ਼ਾਮਲ ਹੁੰਦਾ ਹੈ। ਚੇਅਰ ਸਮੁੱਚੀ ਪੀਲ ਕਾਉਂਸਲ ਦਾ ਮੁੱਖ ਕਾਰਜਕਾਰੀ ਅਫ਼ਸਰ ਅਤੇ ਪ੍ਰਸ਼ਾਸ਼ਕ ਹੁੰਦਾ ਹੈ। ਪੀਲ ਰੀਜਨਲ ਪੁਲੀਸ, ਪੀਲ ਹੈਲਥ ਵਿਭਾਗ, ਲੌਂਗ ਟਰਮ ਕੇਅਰ ਸੇਵਾਵਾਂ, ਉਂਟੇਰੀਓ ਵਰਕਸ, ਪੀਲ ਰੀਜਨ ਦੇ ਸਾਰੇ ਚਾਈਲਡ ਕੇਅਰ ਸੈਂਟਰ, ਪਾਣੀ ਅਤੇ ਵੇਸਟ ਵਾਟਰ ਸਿਸਟਮ, ਉਸਾਰੀ, ਗਾਰਬੇਜ ਡਿਸਪੋਜ਼ਲ, ਪਬਲਿਕ ਹਾਊਸਿੰਗ ਅਤੇ ਦੋਵੇ ਸਕੂਲ ਬੋਰਡ (ਪੀਲ ਅਤੇ ਕੈਥੋਲਿਕ) ਵਰਗੀਆਂ ਅਹਿਮ ਸੇਵਾਵਾਂ ਦਾ ਸਿੱਧਾ ਕੰਟਰੋਲ ਪੀਲ ਚੇਅਰ ਦੀ ਅਗਵਾਈ ਵਿੱਚ ਹੁੰਦਾ ਹੈ। ਵਰਨਣਯੋਗ ਹੈ ਕਿ ਪੀਲ ਪੁਲੀਸ ਵੱਲੋਂ ਮਿਸੀਸਾਗਾ ਅਤੇ ਬਰੈਂਪਟਨ ਵਿੱਚ ਪੁਲੀਸ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜਦੋਂ ਕਿ ਕੈਲੀਡਾਨ ਵਿੱਚ ਇਹ ਜੁੰਮੇਵਾਰੀ ਉਂਟੇਰੀਓ ਪ੍ਰੋਵਿੰਸ਼ੀਅਲ ਪੁਲੀਸ (ਓ ਪੀ ਪੀ) ਦੇ ਹੱਥ ਹੁੰਦੀ ਹੈ।

13 ਲੱਖ ਤੋਂ ਵੱਧ ਵੱਸੋਂ ਨਾਲ ਪੀਲ ਰੀਜਨਲ ਕਾਉਂਸਲ ਟੋਰਾਂਟੋ ਤੋਂ ਬਾਅਦ ਉਂਟੇਰੀਓ ਦੀ ਸੱਭ ਤੋਂ ਵੱਡੀ ਕਾਉਂਸਲ ਹੈ ਜਿਸਦਾ 2018 ਦਾ ਸਾਲਾਨਾ ਬੱਜਟ 3.1 ਬਿਲੀਅਨ ਡਾਲਰ ਹੈ। ਇਸ ਵਿੱਚ 2.4 ਬਿਲੀਅਨ ਡਾਲਰ ਅਪਰੇਟਿੰਗ ਖਰਚੇ (ਤਨਖਾਹਾਂ ਅਤੇ ਹੋਰ) ਅਤੇ 0.7 ਬਿਲੀਅਨ ਡਾਲਰ ਕੈਪੀਟਲ ਨਿਵੇਸ਼ ਲਈ ਨਿਰਧਾਰਤ ਰੱਖੇ ਗਏ ਹਨ। ਬੱਜਟ ਦੇ ਸਾਈਜ਼ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਉਂ ਸਿਆਸਤਦਾਨ ਇਸ ਪੁਜ਼ੀਸ਼ਨ ਲਈ ਚੋਣਾਂ ਵਿੱਚ ਹੱਥੋ ਪਾਈ ਹੋਣਗੇ।

ਪੀਲ ਰੀਜਨਲ ਕਾਉਂਸਲ ਚੇਅਰ ਲਈ ਵੀ ਉਹੀ ਲੋਕ ਵੋਟ ਪਾ ਸਕਦੇ ਹਨ ਜੋ ਮਿਉਂਸੀਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਲਈ ਹੱਕਦਾਰ ਹੁੰਦੇ ਹਨ। ਇਸ ਵਾਸਤੇ ਵੋਟਰ ਦਾ ਕੈਨੇਡੀਅਨ ਸਿਟੀਜ਼ਨ ਹੋਣਾ, ਘੱਟ ਤੋਂ ਘੱਟ ਉਮਰ 18 ਸਾਲ ਅਤੇ ਪੀਲ ਦਾ ਵਾਸੀ ਹੋਣਾ ਜਾਂ ਵੋਟਰ ਦੇ ਪਤੀ/ਪਤਨੀ ਦਾ ਪੀਲ ਖੇਤਰ ਵਿੱਚ ਕਿਰਾਏ ਉੱਤੇ ਰਹਿਣਾ ਲਾਜ਼ਮੀ ਹੁੰਦਾ ਹੈ। ਜੇ ਕਿਸੇ ਵਿਅਕਤੀ ਨੂੰ ਜੇਲ੍ਹ ਹੋਈ ਹੈ ਜਾਂ ਉਸ ਉੱਤੇ ਰਿਸ਼ਵਤ ਲੈਣ, ਪਿਛਲੇ 5 ਸਾਲ ਵਿੱਚ ਝੂਠੀ ਵੋਟ ਪਾਉਣ ਦੇ ਦੋਸ਼ ਹਨ ਤਾਂ ਉਹ ਵਿਅਕਤੀ ਵੋਟ ਨਹੀਂ ਪਾ ਸਕਦਾ।

ਇਸ ਮੱਹਤਵਪੂਰਣ ਪੁਜ਼ੀਸ਼ਨ ਲਈ ਚੋਣਾਂ ਦਾ ਕਰਵਾਇਆ ਜਾਣਾ ਇੱਕ ਚੰਗਾ ਸ਼ਗਨ ਹੈ। ਪਿਛਲੀ ਵਾਰ ਹੋਈ ਨਾਮਜ਼ਦਗੀ ਪ੍ਰਕਿਰਿਆ ਦਾ ਹਾਲ ਇਹ ਸੀ ਕਿ ‘ਟਾਈ ਹੋਣ’ ਦੀ ਸੂਰਤ ਵਿੱਚ ਮਿਸੀਸਾਗਾ ਦੇ ਵਾਰਡ 4 ਤੋਂ ਕਾਉਂਸਲਰ ਫਰੈਂਕ ਡੇਲ ਨੇ ਖੁਦ ਨੂੰ ਆਪਣੀ ਵੋਟ ਪਾ ਕੇ 1 ਲੱਖ 90 ਹਜ਼ਾਰ ਡਾਲਰ ਸਾਲਾਨਾ ਤਨਖਾਹ ਵਾਲੀ ਇਹ ਪੁਜ਼ੀਸ਼ਨ ਹਥਿਆ ਲਈ ਸੀ। ਬੇਸ਼ੱਕ ਲੋਕਤੰਤਰ ਸੱਭ ਤੋਂ ਵਧੀਆ ਤਰੀਕਾ ਨਹੀਂ ਹੁੰਦਾ ਪਰ ਲੋਕਤੰਤਰ ਦੀ ਪ੍ਰਕਿਰਿਆ ਰਾਹੀਂ ਚੁਣੇ ਆਗੂ 4 ਸਾਲ ਬਾਅਦ ਪਬਲਿਕ ਦੇ ਕਟਿਹਰੇ ਵਿੱਚ ਖੜੇ ਹੋਣ ਲਈ ਮਜ਼ਬੂਰ ਜਰੂਰ ਹੁੰਦੇ ਹਨ। ਇਸ ਲਈ ਆਸ ਕਰਨੀ ਚਾਹੀਦੀ ਹੈ ਕਿ ਇਸ ਸਾਲ ਚੁਣਿਆ ਜਾਣ ਵਾਲਾ ਚੇਅਰ ਪਬਲਿਕ ਪ੍ਰਤੀ ਵਧੇਰੇ ਜਵਾਬਦੇਹ ਹੋਵੇਗਾ।