ਕੀ ਮਾਅਨੇ ਹਨ ਉਂਟੇਰੀਓ ਮੁਫ਼ਤ ਡਰੱਗ ਯੋਜਨਾ ਦੇ

1 ਜਨਵਰੀ 2018 ਤੋਂ ਉਂਟੇਰੀਓ ਵਿੱਚ 25 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਅਤੇ ਨੌਜਵਾਨ ਨੂੰ ਮੁਫ਼ਤ ਡਰੱਗ ਪਲਾਨ ਉਪਲਬਧ ਹੋ ਗਈ ਹੈ। ਇਸ ਯੋਜਨਾ ਨੂੰ ਸਰਕਾਰ ਨੇ ਓਹਿਪ ਪਲੱਸ(OHOP+)  ਦਾ ਨਾਮ ਦਿੱਤਾ ਹੈ। ਕੈਨੇਡਾ ਦੇ ਕਿਸੇ ਵੀ ਪ੍ਰੋਵਿੰਸ ਵਿੱਚ ਲਾਗੂ ਕੀਤੇ ਜਾਣ ਵਾਲੀ ਇਹ ਆਪਣੇ ਕਿਸਮ ਦੀ ਪਹਿਲੀ ਪਹਿਲੀ ਯੋਜਨਾ ਹੈ ਜਿਸ ਤਹਿਤ ਉਂਟੇਰੀਓ ਦੇ 40 ਲੱਖ ਬੱਚਿਆਂ ਯੂਵਕਾਂ ਨੂੰ 4400 ਦੇ ਕਰੀਬ ਦਵਾਈਆਂ ਮੁਫ਼ਤ ਮਿਲਿਆ ਕਰਨਗੀਆਂ। ਇਹਨਾਂ ਦਵਾਈਆਂ ਵਿੱਚ ਦਮੇ ਲਈ ਇਨਹੇਲਰ, ਇਨਸੁਲਿਨ, ਦੌਰੇ ਦੀ ਰੋਕਥਾਮ, ਕੈਂਸਰ, ਮਾਨਸਿਕ ਰੋਗਾਂ ਲਈ ਦਵਾਈਆਂ ਸ਼ਾਮਲ ਹਨ।

ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਉੱਤੇ 465 ਮਿਲੀਅਨ ਡਾਲਰ ਖਰਚਾ ਕਰਨਾ ਉਂਟੇਰੀਓ ਦੇ ਬੱਚਿਆਂ ਅਤੇ ਨੌਜਵਾਨਾਂ ਦਾ ਸਿਹਤਮੰਦ ਭੱਵਿਖ ਸੁਨਿਸਚਿਤ ਕਰਨ ਵਿੱਚ ਸਹੀ ਨਿਵੇਸ਼ ਹੈ। ਸੱਚ ਇਹ ਵੀ ਹੈ ਕਿ ਲਿਬਰਲ ਸਰਕਾਰ 2018 ਦੀਆਂ ਚੋਣਾਂ ਵਿੱਚ ਇਸ ਯੋਜਨਾ ਤੋਂ ਉਵੇਂ ਹੀ ਲਾਭ ਹਾਸਲ ਕਰਨ ਦਾ ਇਰਾਦਾ ਰੱਖਦੀ ਹੈ ਜਿਹੋ ਜਿਹਾ ਲਾਭ ਉਹ ਘੱਟੋ ਘੱਟ ਤਨਖਾਹ ਨੂੰ 14 ਡਾਲਰ ਪ੍ਰਤੀ ਘੰਟਾ ਅਤੇ ਕਾਲਜ ਯੂਨੀਵਰਸਿਟੀਆਂ ਦੀ ਟਿਊਸ਼ਨ ਫੀਸ ਮੁਆਫ ਕਰਨ ਦੇ ਐਲਾਨਾਂ ਤੋਂ ਖੱਟਣ ਦਾ ਸੋਚ ਰਹੀ ਹੈ। ਲੋਕ ਭਲਾਈ ਦੀਆਂ ਯੋਜਨਾਵਾਂ ਬਣਾਉਣੀਆਂ ਅਤੇ ਉਹਨਾਂ ਨੂੰ ਲਾਗੂ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਪਰ ਸਿਆਸੀ ਲਾਭ ਹਾਸਲ ਕਰਨਾ ਉਹਨਾਂ ਦਾ ਮੰਤਵ ਹੁੰਦਾ ਹੈ। ਲਿਬਰਲ ਸਰਕਾਰ ਲਈ ਇਹ ਯੋਜਨਾ ਇੱਕ ਪੱਥਰ ਨਾਲ ਦੋ ਨਿਸ਼ਾਨੇ ਸਾਧਣ ਵਾਲੀ ਸਾਬਤ ਹੋ ਸਕਦੀ ਹੈ।

ਜੇਕਰ ਸਿਆਸੀ ਮੰਤਵਾਂ ਵੱਲ ਨਾ ਜਾਇਆ ਜਾਵੇ ਤਾਂ ਇਸ ਯੋਜਨਾ ਦਾ ਸੁਆਗਤ ਕਰਨਾ ਬਣਦਾ ਹੈ ਕਿਉਂਕਿ ਕਿਸੇ ਵੀ ਸਮਾਜ ਵਿੱਚ ਬੱਚਿਆਂ ਨੌਜਵਾਨਾਂ ਉੱਤੇ ਕੀਤਾ ਗਿਆ ਨਿਵੇਸ਼ ਸਦਾ ਹੀ ਚੰਗਾ ਸਾਬਤ ਹੁੰਦਾ ਹੈ। ਇੰਮੀਗਰਾਂਟ ਭਾਈਚਾਰੇ ਨੂੰ ਇਸਦਾ ਵਿਸ਼ੇਸ਼ ਕਰਕੇ ਲਾਭ ਹੋਵੇਗਾ ਕਿਉਂਕਿ ਬਹੁ-ਗਿਣਤੀ ਪਰਵਾਸੀਆਂ ਕੋਲ ਓਹਿੱਪ ਤੋਂ ਬਿਨਾ ਹੋਰ ਕੋਈ ਡਰੱਗ ਪਲਾਨ ਨਹੀਂ ਹੁੰਦਾ। ਵੱਡੀ ਗਿਣਤੀ ਵਿੱਚ ਨਵੇਂ ਪਰਵਾਸੀਆਂ ਕੋਲ ਮੈਡੀਕਲ ਖਰਚੇ ਕਵਰ ਕਰਨ ਵਾਲਾ ਰੁਜ਼ਗਾਰ ਨਹੀਂ ਹੁੰਦਾ। ਨਾ ਹੀ ਉਹਨਾਂ ਕੋਲ ਲੋੜੀਂਦੇ ਮਾਲੀ ਸਾਧਨ ਹੁੰਦੇ ਹਨ ਜਿਸ ਨਾਲ ਉਹ ਪ੍ਰਾਈਵੇਟ ਮੈਡੀਕਲ ਬੀਮਾ ਖਰੀਦ ਸੱਕਣ। ਬਹੁਤ ਸਾਰੇ ਪਰਵਾਸੀ ਪਰਿਵਾਰ ਦੀ ਸਿਹਤ ਉੱਤੇ ਖਰਚ ਕਰਨ ਤੋਂ ਇਸ ਲਈ ਕਤਰਾ ਜਾਂਦੇ ਹਨ ਕਿਉਂਕਿ ਉਹਨਾਂ ਲਈ ਜੀਵਨ ਦੀਆਂ ਹੋਰ ਜਰੂਰੀ ਬੁਨਿਆਦੀ ਲੋੜਾਂ ਪੂਰੀਆਂ ਕਰਨ ਉੱਤੇ ਖਰਚ ਕਰਨਾ ਮਜ਼ਬੂਰੀ ਹੋ ਜਾਂਦੀ ਹੈ।

ਖੈਰ ਜੇ ਇਸ ਯੋਜਨਾ ਦੇ ਪਿੱਛੇ ਲੁਕੇ ਸਿਆਸੀ ਮੰਤਵ ਵੱਲ ਆਇਆ ਜਾਵੇ ਤਾਂ ਕਿਸੇ ਹੱਦ ਤੱਕ ਲਿਬਰਲ ਪਾਰਟੀ ਨੇ ਕੰਜ਼ਰਵੇਟਿਵ ਪਾਰਟੀ ਅਤੇ ਐਨ ਡੀ ਪੀ ਲਈ ਭਾਰੀ ਚੁਣੌਤੀ ਖੜੀ ਕਰ ਦਿੱਤੀ ਹੈ। ਲਿਬਰਲ ਯੋਜਨਾ ਦੇ ਐਲਾਨ ਹੋਣ ਤੋਂ ਬਾਅਦ ਐਨ ਡੀ ਪੀ ਨੇ ਖੁਦ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਵਿੱਚ ਲਿਬਰਲਾਂ ਨਾਲੋਂ ਵੀ ਕਿਤੇ ਵੱਧ ਵੱਡੇ ਅਤੇ ਸੋਹਣੇ ਵਾਅਦੇ ਕੀਤੇ ਗਏ ਸਨ। ਐਨ ਡੀ ਪੀ ਅਜਿਹਾ ਕਰਨ ਦਾ ਹੌਸਲਾ ਕਰ ਸਕਦੀ ਹੈ ਕਿਉਂਕਿ ਉਸਦੇ ਸਰਕਾਰ ਬਣਾਉਣ ਦੇ ਆਸਾਰ ਬਹੁਤ ਘੱਟ ਜਾਂ ਆਖ ਲਵੋ ਨਾ ਮੁਮਕਿਨ ਹਨ। ਪਰ ਅਗਲੇ ਸਾਲ ਸਰਕਾਰ ਬਣਾਉਣ ਦੀ ਦਾਅਵੇਦਾਰ ਪ੍ਰੋਗਰੈਸਿਵ ਕੰਜ਼ਰਵੇਟਿਵ ਨੂੰ ਅਣਮੰਨੇ ਮਨ ਨਾਲ ਸਹਿਮਤੀ ਵਿਖਾਉਣੀ ਪੈ ਰਹੀ ਹੈ। ਇੱਥੇ ਤੱਕ ਕਿ ਪ੍ਰੋਵਿੰਸ਼ੀਅਲ ਟੋਰੀ ਆਗੂ ਪੈਟਰਿਕ ਬਰਾਊਨ ਨੂੰ ਆਪਣੇ ‘ਪੀਪਲਜ਼ ਗਰੰਟੀ’ ਨਾਮਕ ਚੋਣ ਮਨੋਰਥ ਪੱਤਰ ਵਿੱਚ ਇਸ ਯੋਜਨਾ ਨੂੰ ਹੂਬਹੂ ਲਾਗੂ ਕਰਨ ਦਾ ਵਾਅਦਾ ਦਰਜ਼ ਕਰਨਾ ਪਿਆ। ਬੇਸ਼ੱਕ ਕੰਜ਼ਰਵੇਟਿਵ ਆਖ ਰਹੇ ਹਨ ਕਿ ਇਸ ਯੋਜਨਾ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਸੀ ਪਰ ਉਹਨਾਂ ਨੇ ਹਾਲੇ ਇਹ ਨਹੀਂ ਦੱਸਿਆ ਕਿ ਸਰਕਾਰ ਬਣਨ ਦੀ ਸੂਰਤ ਵਿੱਚ ਟੋਰੀਆਂ ਦੇ ‘ਹੋਰ ਬਿਹਤਰ’ ਵਿੱਚ ਕਿਹੜੀਆਂ ਗੱਲਾਂ ਸ਼ਾਮਲ ਹੋਣਗੀਆਂ।

ਲਿਬਰਲਾਂ ਦੀ ਇਸ ਯੋਜਨਾ ਵਿੱਚ ਕੁੱਝ ਐਸੀਆਂ ਮੋਰੀਆਂ ਵੀ ਹਨ ਜੋ ਲੋਕ ਹਿੱਤ ਵਿੱਚ ਨਹੀਂ ਹਨ। ਮਿਸਾਲ ਵਜੋਂ ਇਹ ਯੋਜਨਾ ਉਂਟੇਰੀਓ ਦੇ ਸਾਰੇ ਬੱਚਿਆਂ ਅਤੇ ਯੂਵਕਾਂ ਨੂੰ ਕਵਰ ਕਰਦੀ ਹੈ, ਉਹਨਾਂ ਪਰਿਵਾਰਾਂ ਦੇ ਬੱਚਿਆਂ ਨੌਜਵਾਨਾਂ ਨੂੰ ਵੀ ਜਿਹਨਾਂ ਦੀ ਆਮਦਨ ਮਿਲੀਅਨਾਂ ਹੀ ਡਾਲਰ ਹੈ। ਇਸਦਾ ਅਰਥ ਹੈ ਕਿ ਇੱਕ ਗਰੀਬ ਪਰਿਵਾਰ ਦੇ ਟੈਕਸ ਡਾਲਰ ਅਮੀਰ ਪਰਿਵਾਰ ਦੇ ਬੱਚੇ ਦੇ ਡਾਕਟਰੀ ਖਰਚ ਦਾ ਬੋਝ ਚੁੱਕਣਗੇ। ਵੈਸੇ ਵੀ ਗਰੀਬੀ ਨਾਲ ਜੂਝ ਰਹੇ ਪਰਿਵਾਰਾਂ ਲਈ ਉਂਟੇਰੀਓ ਵਿੱਚ ਟ੍ਰਿਲੀਅਮ ਡਰੱਗ ਪ੍ਰੋਗਰਾਮ (Trillium Drug Program ਪਹਿਲਾਂ ਹੀ ਉਪਲਬਧ ਸੀ। ਇੱਕ ਨਵੀਂ ਅਤੇ ਮਹਿੰਗੀ ਡਰੱਗ ਯੋਜਨਾ ਲਾਗੂ ਕਰਨ ਦੀ ਥਾਂ ਟ੍ਰਿਲੀਅਮ ਡਰੱਗ ਪ੍ਰੋਗਰਾਮ ਨੂੰ ਚਲਕੀਤਾ ਅਤੇ ਵਿਸ਼ਾਲ ਕਰਨ ਜਾਂ ਇਸ ਵਰਗੇ ਕਿਸੇ ਹੋਰ ਅਸਰਦਾਰ ਪ੍ਰੋਗਰਾਮ ਨੂੰ ਲਾਗੂ ਕਰਨਾ ਲਾਭਦਾਇਕ ਹੋ ਸਕਦਾ ਸੀ।