ਕੀ ਨਰਿੰਦਰ ਮੋਦੀ ਸਮੇਂ ਤੋਂ ਪਹਿਲਾਂ ਆਮ ਚੋਣਾਂ ਕਰਵਾਉਣ ਦਾ ਜੋਖਮ ਉਠਾਉਣਗੇ


-ਕਰਣ ਥਾਪਰ
ਕਰਨਾਟਕ ਦੀਆਂ ਤਾਜ਼ਾ ਘਟਨਾਵਾਂ ਪਿੱਛੋਂ ਕੀ ਅਸੀਂ ਇਹ ਅੰਦਾਜ਼ਾ ਲਾਉਣ ਲਈ ਬਿਹਤਰ ਸਥਿਤੀ ਵਿੱਚ ਹਾਂ ਕਿ ਆਮ ਚੋਣਾਂ ਕਦੋਂ ਹੋਣਗੀਆਂ? ਕੀ ਕਰਨਾਟਕ ਦਾ ਤਜਰਬਾ ਕੋਈ ਸਪੱਸ਼ਟ ਇਸ਼ਾਰਾ ਦਿੰਦਾ ਹੈ? ਜਾਂ ਇਸ ਨੇ ਇਸ ਸਵਾਲ ਦਾ ਜਵਾਬ ਦੇਣਾ ਹੋਰ ਵੀ ਜ਼ਿਆਦਾ ਮੁਸ਼ਕਲ ਬਣਾ ਦਿੱਤਾ ਹੈ?
ਸੱਤਾ ਲਈ ਯੁੱਧ ਦੇ ਇਸ ਦੌਰ ਵਿੱਚ ਭਾਜਪਾ ਦੇ ਹਾਰਨ ਤੇ ਵਿਰੋਧੀਆਂ ਦੇ ਜਿੱਤਣ ਦੇ ਬਾਵਜੂਦ ਕਰਨਾਟਕ ਦੀਆਂ ਚੋਣਾਂ ਦੇ ਦੋ ਨਤੀਜੇ ਸਾਫ ਦਿਖਾਈ ਦਿੰਦੇ ਹਨ। ਪਹਿਲਾ; ਨਰਿੰਦਰ ਮੋਦੀ ਨੇ ਦਿਖਾ ਦਿੱਤਾ ਹੈ ਕਿ ਇੱਕ ਮੁਹਿੰਮਕਾਰ ਵਜੋਂ ਉਹ ਨਾ ਸਿਰਫ ਅਜੇਤੂ, ਸਗੋਂ ਵਿਲੱਖਣ ਵੀ ਹਨ। ਉਨ੍ਹਾਂ ਨੇ ਸਿੱਧ ਕਰ ਦਿੱਤਾ ਹੈ ਕਿ ਉੱਤਰ ਤੋਂ ਦੱਖਣ ਅਤੇ ਉਤਰ ਪੂਰਬ ਤੋਂ ਪੱਛਮ ਤੱਕ, ਭਾਰਤ ਦੇ ਕੇਂਦਰ ਵਿੱਚ ਤੇ ਦੂਰ ਦੱਖਣ ਵਿੱਚ ਵੀ ਲੋਕ ਉਨ੍ਹਾਂ ਦੀ ਗੱਲ ਸੁਣਦੇ ਹਨ। ਸਿਰਫ ਪੂਰਬੀ ਭਾਰਤ ਵਿੱਚ ਹੀ ਉਨ੍ਹਾਂ ਦੇ ਜਲਵੇ ਦਾ ਅਸਰ ਹੋਣਾ ਬਾਕੀ ਹੈ।
ਦੂਜੀ ਗੱਲ ਇਹ ਹੈ ਕਿ ਛੋਟੇ ਜਿਹੇ ਮਿਜ਼ੋਰਮ ਸੂਬੇ ਨੂੰ ਛੱਡ ਕੇ ਕਾਂਗਰਸ ਬਹੁਤ ਖਤਰਨਾਕ ਹੱਦ ਤੱਕ ਮੋਦੀ ਦਾ ‘ਪੀ ਪੀ ਪੀ’ ਦਾ ਉਲ੍ਹਾਂਭਾ ਸੱਚ ਸਿੱਧ ਕਰਨ ਦੇ ਨੇੜੇ ਪਹੁੰਚ ਗਈ ਹੈ। ਬੇਸ਼ੱਕ ਕਰਨਾਟਕ ਵਿੱਚ ਇਹ ਸੱਤਾ ਵਿੱਚ ਰਹੇਗੀ, ਤਾਂ ਵੀ ਰਾਹੁਲ ਦਾ ਮੋਦੀ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਅਤੇ ਬਹੁਤ ਘੱਟ ਲੋਕ ਮੇਰੀ ਇਸ ਗੱਲ ਨਾਲ ਅਸਹਿਮਤ ਹੋਣਗੇ। ਇਸ ਪਿਛੋਕੜ ਦੇ ਮੱਦੇਨਜ਼ਰ ਕੀ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਮੋਦੀ ਚਾਲੂ ਸਾਲ ਦਸੰਬਰ ਵਿੱਚ ਆਮ ਚੋਣਾਂ ਸਮੇਂ ਤੋਂ ਪਹਿਲਾਂ ਕਰਵਾ ਸਕਦੇ ਹਨ? ਮੈਂ ਕਹਾਂਗਾ ‘ਹਾਂ’ ਅਤੇ ਇਸ ਦੇ ਤਿੰਨ ਕਾਰਨ ਹਨ।
ਪਹਿਲਾ; ਜੇ ਕਾਂਗਰਸ ਰਾਜਸਥਾਨ ਅਤੇ ਸ਼ਾਇਦ ਮੱਧ ਪ੍ਰਦੇਸ਼ ਵਿੱਚ ਜਿੱਤ ਜਾਂਦੀ ਹੈ ਅਤੇ ਆਮ ਚੋਣਾਂ ਮਈ 2019 ਵਿੱਚ ਹੀ ਕਰਵਾਈਆਂ ਜਾਂਦੀਆਂ ਹਨ ਤਾਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਸੱਤਾ ਖੁੱਸਣ ਨਾਲ ਕਮਜ਼ੋਰ ਹੋਈ ਭਾਜਪਾ ਨੂੰ ਚੋਣ ਮੈਦਾਨ ਵਿੱਚ ਉਤਰਨਾ ਪਵੇਗਾ। ਕੀ ਪ੍ਰਧਾਨ ਮੰਤਰੀ ਇਸ ਸਥਿਤੀ ਨੂੰ ਟਾਲਣਾ ਨਹੀਂ ਚਾਹੁਣਗੇ? ਦਸੰਬਰ ਵਿੱਚ ਕੁਝ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਆਮ ਚੋਣਾਂ ਕਰਾਉਣਾ ਇਸ ਪੱਖੋਂ ਸਭ ਤੋਂ ਪ੍ਰਭਾਵਸ਼ਾਲੀ ਹੋਵੇਗਾ।
ਦੂਜਾ (ਜੋ ਪਹਿਲੀ ਦਲੀਲ ਨਾਲ ਜੁੜਿਆ ਹੋਇਆ ਹੈ); ਕਰਨਾਟਕ ਵਿੱਚ ਸੱਤਾ ਸੰਭਾਲਣ ਦੇ ਬਾਵਜੂਦ ਤੱਥ ਇਹ ਹੈ ਕਿ ਕਾਂਗਰਸ ਪਾਰਟੀ ਚੜ੍ਹਦੀ ਕਲਾ ਵਿੱਚ ਨਹੀਂ, ਪਰ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਇਸ ਵਿੱਚ ਯਕੀਨੀ ਤੌਰ ‘ਤੇ ਨਵੀਂ ਜਾਨ ਆ ਜਾਵੇਗੀ। ਇਸ ਦੇ ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ। ਫਿਰ ਕੀ ਮੋਦੀ ਵਾਸਤੇ ਇਹ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ ਕਿ ਆਮ ਚੋਣਾਂ ਉਦੋਂ ਕਰਵਈਆਂ ਜਾਣ, ਜਦੋਂ ਕਾਂਗਰਸ ਮਜ਼ਬੂਤ ਤੇ ਆਸ਼ਾਵਾਦੀ ਮਹਿਸੂਸ ਕਰਨ ਦੀ ਬਜਾਏ ਢਿੱਲੀ ਸਥਿਤੀ ਵਿੱਚ ਹੈ?
ਤੀਜਾ ਕਾਰਨ; ਨਰਿੰਦਰ ਮੋਦੀ ਖਤਰਿਆਂ ਦੇ ਖਿਡਾਰੀ ਹਨ। ਗੁਜਰਾਤ ਤੇ ਕਰਨਾਟਕ ਵਿੱਚ ਉਨ੍ਹਾਂ ਨੇ ਜਿਸ ਤਰ੍ਹਾਂ ਜੰਗੀ ਪੱਧਰ ‘ਤੇ ਚੋਣ ਮੁਹਿੰਮ ਚਲਾਈ, ਉਸ ਨਾਲ ਉਨ੍ਹਾਂ ਨੇ ਦਿਖਾ ਦਿੱਤਾ ਕਿ ਅਜਿਹੇ ਜੂਏ ਦੇ ਨਤੀਜੇ ਕਿੰਨੇ ਭਰੋਸੇਯੋਗ ਸਿੱਧ ਹੁੰਦੇ ਹਨ, ਬੇਸ਼ੱਕ ਉਦੋਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਮੋਦੀ ਬੇਵਜ੍ਹਾ ਜੋਖਮ ਉਠਾ ਰਹੇ ਹਨ।
ਜਦੋਂ ਉਨ੍ਹਾਂ ਦੀ ਆਪਣੀ ਕੁਰਸੀ ਦਾਅ ‘ਤੇ ਲੱਗੀ ਹੋਈ ਹੈ ਤਾਂ ਕੀ ਉਹ ਸਮੇਂ ਤੋਂ ਪਹਿਲਾਂ ਆਮ ਚੋਣਾਂ ਕਰਵਾਉਣ ਦਾ ਜੋਖਮ ਉਠਾਉਣ ਇਰਾਦਾ ਰੱਖਦੇ ਹਨ? ਉਨ੍ਹਾਂ ਦਾ ਆਤਮ ਵਿਸ਼ਵਾਸ ਇੰਨਾ ਮਜ਼ਬੂਤ ਹੈ ਕਿ ਇਸ ਸਵਾਲ ਦਾ ਜਵਾਬ ‘ਨਾ’ ਵਿੱਚ ਦੇਣਾ ਮੁਸ਼ਕਲ ਹੈ। ਫਿਰ ਅਜਿਹੇ ਕਿਹੜੇ ਕਾਰਕ ਹਨ, ਜਿਨ੍ਹਾਂ ਕਾਰਨ ਮੋਦੀ ਦੇ ਕਦਮ ਰੁਕ ਸਕਦੇ ਹਨ ਅਤੇ ਉਨ੍ਹਾਂ ਨੂੰ ਅਹਿਸਾਸ ਹੋ ਸਕਦਾ ਹੈ ਕਿ ਸਮੇਂ ਤੋਂ ਪਹਿਲਾਂ ਆਮ ਚੋਣਾਂ ਕਰਾਉਣ ਦਾ ਫੈਸਲਾ ਠੀਕ ਨਹੀਂ ਹੋਵੇਗਾ?
ਮੈਂ ਸਿਰਫ ਦੋ ਕਾਰਨਾਂ ਬਾਰੇ ਸੋਚ ਸਕਦਾ ਹਾਂ।
ਪਹਿਲਾ; ਜਦੋਂ ਅਟਲ ਬਿਹਾਰੀ ਵਾਜਪਾਈ ਨੇ 2004 ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਈਆਂ ਸਨ ਤਾਂ ਭਾਜਪਾ ਨੂੰ ਉਨ੍ਹਾਂ ਵਿੱਚ ਹੈਰਾਨੀ ਜਨਕ ਢੰਗ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਅਗਲੇ 10 ਸਾਲ ਪਾਰਟੀ ਵਿਰੋਧੀ ਧਿਰ ਦੀਆਂ ਕੁਰਸੀਆਂ ‘ਤੇ ਬੈਠੀ ਰਹੀ ਸੀ। ਕੀ ਉਸ ਫੈਸਲੇ ਦਾ ਕੇਤੂ ਪਰਛਾਵਾਂ ਅੱਜ ਵੀ ਭਾਜਪਾ ਉੱਤੇ ਪਵੇਗਾ? ਕੀ ਇਸ ਦੇ ਮੱਦੇਨਜ਼ਰ ਮੋਦੀ ਉਤੇ ਇਹ ਕਥਨ ਸਹੀ ਸਿੱਧ ਹੋਵੇਗਾ ਕਿ ‘ਦੁੱਧ ਦਾ ਸੜਿਆ ਲੱਸੀ ਵੀ ਫੂਕਾਂ ਮਾਰ-ਮਾਰ ਪੀਂਦਾ ਹੈ।’ ਸਾਡੇ ‘ਚੋਂ ਕੋਈ ਵੀ ਦਾਅਵੇ ਨਾਲ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ।
ਦੂਜਾ ਕਾਰਨ ਇਹ ਹੈ ਕਿ ਕਰਨਾਟਕ ਦੀਆਂ ਚੋਣਾਂ ਨੇ ਵਿਰੋਧੀ ਧਿਰ ਨੂੰ ਸਿਖਾ ਦਿੱਤਾ ਹੈ ਕਿ ਭਾਜਪਾ ਨੂੰ ਹਰਾਉਣ ਲਈ ਇਕੱਠੇ ਹੋਣ ਦੀ ਲੋੜ ਹੈ, ਪਰ ਜੇ ਕਾਂਗਰਸ ਦਸੰਬਰ ਅਤੇ ਮੱਧ ਪ੍ਰਦੇਸ਼ ਵਿੱਚ ਇਕੱਠੇ ਹੋਣ ਦੀ ਥਾਂ ਕਾਂਗਰਸ ਵਿਰੋਧੀ ਧਿਰ ਨਾਲ ਵੱਖਰਾ ਸਲੂਕ ਕਰਦੀ ਹੈ ਤਾਂ ਵਿਰੋਧੀ ਧਿਰ ਵਿੱਚ ਪੈਦਾ ਹੋ ਰਹੀ ਇਸ ਸੰਵੇਦਨਾ ਦਾ ਗਲਾ ਨਰਿੰਦਰ ਮੋਦੀ ਘੁੱਟ ਸਕਦੇ ਹਨ। ਉਸ ਸਥਿਤੀ ਵਿੱਚ ਮੋਦੀ ਆਮ ਚੋਣਾਂ ਮਈ 2019 ਵਿੱਚ ਕਰਵਾ ਕੇ ਕਿਸ ਫਾਇਦੇ ‘ਚ ਰਹਿਣਗੇ।
ਸੌ ਗੱਲਾਂ ਦੀ ਇੱਕ ਗੱਲ ਇਹ ਹੈ ਕਿ ਮੋਦੀ ਦਲੇਰੀ ਭਰੇ ਫੈਸਲੇ ਲੈਣ ਲਈ ਜਾਣੇ ਜਾਂਦੇ ਹਨ। ਇਸ ਤੱਥ ਵਿੱਚ ਕੋਈ ਤਬਦੀਲੀ ਹੋਣ ਦੀ ਸੰਭਾਵਨਾ ਨਹੀਂ। ਉਂਝ ਮੈਨੂੰ ਲੱਗਦਾ ਹੈ ਕਿ ਆਮ ਚੋਣਾਂ ਦਸੰਬਰ ਵਿੱਚ ਕਰਾਉਣ ਦਾ ਮੋਹ ਛੱਡ ਸਕਣਾ ਸ਼ਾਇਦ ਮੋਦੀ ਲਈ ਸੰਭਵ ਨਹੀਂ ਹੋਵੇਗਾ।