ਕੀ ਦਿੱਲੀ ਵਿੱਚ ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੋ ਸਕਦੈ


– ਦਿਲਬਰ ਗੋਠੀ
ਪਹਿਲਾਂ ਗੋਰਖਪੁਰ ਅਤੇ ਫੂਲਪੁਰ, ਉਸ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਅਤੇ ਫਿਰ ਉਤਰ ਪ੍ਰਦੇਸ਼ ਦੇ ਕੈਰਾਨਾ ਸਮੇਤ ਕਈ ਰਾਜਾਂ ਵਿੱਚ ਹੋਈਆਂ ਉਪ ਚੋਣਾਂ ਵਿੱਚ ਜਿੱਤ ਨਾਲ ਵਿਰੋਧੀ ਧਿਰ ਦੇ ਹੌਸਲੇ ਬੁਲੰਦ ਹਨ। ਮੋਦੀ ਸਰਕਾਰ ਦੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦਾ ਭੰਡਾਰ ਬੇਸ਼ੱਕ ਭਰਿਆ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੋਵੇ, ਪਰ ਪਿਛਲੇ ਦਿਨੀਂ ਹੋਈਆਂ ਉਪ ਚੋਣਾਂ ਦੇ ਨਤੀਜਿਆਂ ਨਾਲ ਵਿਰੋਧੀ ਧਿਰ ਵਿੱਚ ਨਵੀਂ ਜਾਨ ਆ ਗਈ ਹੈ। ਇਹ ਨਹੀਂ ਕਿਹਾ ਜਾ ਸਕਦਾ ਹੈ ਕਿ 2019 ਤੱਕ ਵਿਰੋਧੀ ਧਿਰ ਦੀ ਇਹ ਏਕਤਾ ਬਰਕਰਾਰ ਰਹੇਗੀ, ਪਰ ਹੁਸੀਨ ਸੁਫਨੇ ਜ਼ਰੂਰ ਸੰਜੋਏ ਜਾਣ ਲੱਗੇ ਹਨ।
ਦਿੱਲੀ ਦੀ ਸਿਆਸਤ ਵਿੱਚ ਵੀ ਮੁੰਗੇਰੀ ਲਾਲਾਂ ਦੀ ਘਾਟ ਨਹੀਂ। ਕਰਨਾਟਕ ਵਿੱਚ ਸਿਆਸਤ ਦਾ ਜੋ ਸਿਰਾ ਵਿਰੋਧੀ ਧਿਰ ਨੇ ਫੜਿਆ ਹੈ, ਉਸ ਦੀ ਇੱਕ ਡੋਰ ਦਿੱਲੀ ਨਾਲ ਵੀ ਆਣ ਜੁੜੀ। ਜਾਣੇ-ਅਣਜਾਣੇ ਕੁਝ ਲੋਕ ਸੋਚ ਰਹੇ ਹਨ ਕਿ ਕੀ ਦਿੱਲੀ ਦੀ ਸਿਆਸਤ ਵਿੱਚ ਵੀ ਗਠਜੋੜ ਹੋ ਸਕਦਾ ਹੈ?
ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਇੱਕ ਇੰਟਰਵਊ ‘ਚ ਪੁੱਛਿਆ ਗਿਆ ਕਿ ਕੀ ਦਿੱਲੀ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਸੀਟਾਂ ਦੀ ਵੰਡ ਹੋ ਸਕਦੀ ਹੈ? ਬੱਸ ਇਥੋਂ ਦੋ ਪਾਰਟੀਆਂ ਵਿਚਾਲੇ ਸਮਝੌਤੇ ਦੀ ਕੁਝ ਲੋਕਾਂ ਨੇ ਚਰਚਾ ਛੇੜ ਦਿੱਤੀ। ਇਥੋਂ ਤੱਕ ਕਿ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਉੱਤੇ 4-3, 5-2 ਜਾਂ 6-1 ਵਾਲਾ ਫਾਰਮੂਲਾ ਤੱਕ ਕੁਝ ਲੋਕਾਂ ਨੇ ਸੁਝਾਅ ਦਿੱਤਾ। ਟਵੀਟ ਦੇ ਜ਼ਰੀਏ ਦਾਅਵੇ ਅਤੇ ਪ੍ਰਤੀ ਦਾਅਵੇ ਵੀ ਕੀਤੇ ਗਏ। ਜ਼ਿਆਦਾਤਰ ਕਾਂਗਰਸੀ ਹੈਰਾਨ ਹਨ ਕਿ ਇਹ ਸਭ ਕਿਉਂ ਹੋ ਰਿਹਾ ਹੈ ਤੇ ਕਿਸ ਨੂੰ ਰਾਸ ਆ ਰਿਹਾ ਹੈ, ਪਰ ਇਹ ਸੱਚ ਹੈ ਕਿ ਕੁਝ ਸੀਨੀਅਰ ਕਾਂਗਰਸੀ ਆਗੂਆਂ ਨੂੰ ਇਹ ਪਾਠ ਪੜ੍ਹਾਇਆ ਜਾ ਰਿਹਾ ਹੈ ਕਿ ਜੇ ਯੂ ਪੀ ਵਿੱਚ ਸਮਾਜਵਾਦੀ ਪਾਰਟੀ ਤੇ ਬਸਪਾ ਵਿਚਾਲੇ ਸਮਝੌਤੇ ਹੋ ਸਕਦਾ ਹੈ ਅਤੇ ਉਸ ਸਮਝੌਤੇ ਸਦਕਾ ਗੋਰਖਪੁਰ ਤੇ ਫੂਲਪੁਰ ਤੋਂ ਬਾਅਦ ਕੈਰਾਨਾ ਤੇ ਨੂਰਪੁਰ ਦੀ ਜੰਗ ਜਿੱਤੀ ਜਾ ਸਕਦੀ ਹੈ ਤਾਂ ਫਿਰ ਦਿੱਲੀ ‘ਚ ਕਾਂਗਰਸ ਤੇ ਆਪ ਵਿਚਾਲੇ ਸਮਝੌਤਾ ਕਿਉਂ ਨਹੀਂ ਹੋ ਸਕਦਾ।
ਅਸਲ ‘ਚ ਇਨ੍ਹਾਂ ਦੋਵਾਂ ਪਾਰਟੀਆਂ ਵਿਚਾਲੇ ਸਮਝੌਤੇ ਜਾਂ ਵਿਰੋਧੀ ਧਿਰ ਦੀ ਏਕਤਾ ਦੀ ਘੁਸਰ-ਮੁਸਰ ਉਦੋਂ ਸ਼ੁਰੂ ਹੋਈ, ਜਦੋਂ ਬੰਗਲੌਰ ਵਿੱਚ ਕੁਮਾਰਸਵਾਮੀ ਦੇ ਸਹੁੰ-ਚੁੱਕ ਸਮਾਗਮ ਲਈ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਨੇ ਫੋਨ ਕੀਤਾ। ਸੱਚਾਈ ਇਹ ਹੈ ਕਿ ਜਦੋਂ ਕਾਂਗਰਸ ਇਸ ਸਹੁੰ-ਚੁੱਕ ਸਮਾਗਮ ਨੂੰ ਵਿਰੋਧੀ ਧਿਰ ਦੀ ਏਕਤਾ ਦਾ ਸ਼ੋਅ ਬਣਾਉਣ ਰੁੱਝੀ ਹੋਈ ਸੀ, ਉਦੋਂ ਕੇਜਰੀਵਾਲ ਦਾ ਨਾਂਅ ਕਿਤੇ ਨਹੀਂ ਸੀ। ਸੋਸ਼ਲ ਮੀਡੀਆ ‘ਤੇ ਇਹ ਚਰਚਾ ਵੀ ਸ਼ੁਰੂ ਹੋ ਗਈ ਸੀ ਕਿ ਵਿਰੋਧੀ ਧਿਰ ਦੀ ਇਸ ਏਕਤਾ ‘ਚੋਂ ਕੇਜਰੀਵਾਲ ਨੂੰ ਬਾਹਰ ਰੱਖਿਆ ਗਿਆ ਹੈ। ਇਹ ਗੱਲ ਇਸ ਲਈ ਵੱਧ ਅਹਿਮ ਨਜ਼ਰ ਆ ਰਹੀ ਸੀ ਕਿ ਗੈਰ ਭਾਜਪਾਈ ਸਾਰੇ ਮੁੱਖ ਮੰਤਰੀਆਂ ਨੂੰ ਇਸ ਸਮਾਗਮ ‘ਚ ਸੱਦਿਆ ਜਾ ਰਿਹਾ ਸੀ, ਪਰ ਕੇਜਰੀਵਾਲ ਨੂੰ ਨਹੀਂ। ਇਸ ਸੂਚੀ ਵਿੱਚ ਮਮਤਾ ਬੈਨਰੀਜ ਦਾ ਨਾਂਅ ਵੀ ਸੀ ਤੇ ਸੀਤਾਰਾਮ ਯੇਚੁਰੀ ਅਤੇ ਡੀ ਰਾਜਾ ਦਾ ਵੀ, ਅਖਿਲੇਸ਼ ਵੀ ਸਨ ਤੇ ਮਾਇਆਵਤੀ ਵੀ। ਜਦ ਕਾਂਗਰਸ ਦੇ ਕੱਟੜ ਵਿਰੋਧੀ ਚੰਦਰਬਾਬੂ ਨਾਇਡੂ ਨੂੰ ਵੀ ਸੱਦ ਲਿਆ ਸੀ ਤਾਂ ਕੇਜਰੀਵਾਲ ਨੂੰ ਕਿਉਂ ਨਹੀਂ ਸੱਦਿਆ ਗਿਆ। ਇਹੋ ਮੰਨਿਆ ਗਿਆ ਕਿ ਕੇਜਰੀਵਾਲ ਨੂੰ ਵਿਰੋਧੀ ਧਿਰ ਦੀ ਇਸ ਏਕਤਾ ਨਾਲੋਂ ਅਲੱਗ ਥਲੱਗ ਰੱਖਿਆ ਜਾ ਰਿਹਾ ਹੈ।
ਕੇਜਰੀਵਾਲ ਨੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਜਿੱਦਾਂ ਦੇ ਰਿਸ਼ਤੇ ਬਣਾਏ ਹੋਏ ਹਨ, ਉਸ ਦੇ ਮੱਦੇਨਜ਼ਰ ਉਹ ਕਾਮਨਾ ਵੀ ਨਹੀਂ ਕਰ ਸਕਦੇ ਕਿ ਰਾਹੁਲ ਗਾਂਧੀ ਇਸ ਸੂਚੀ ਵਿੱਚ ਕੇਜਰੀਵਾਲ ਨੂੰ ਰੱਖਦੇ, ਪਰ ਅਗਲੇ ਦਿਨ ਕੁਝ ਹੋਰ ਵਾਪਰ ਗਿਆ। ਦੇਵਗੌੜਾ ਦਿੱਲੀ ਆਏ ਤੇ ਕੇਜਰੀਵਾਲ ਨੂੰ ਬੰਗੌਲਰ ਆਉਣ ਦਾ ਸੱਦਾ ਦੇ ਦਿੱਤਾ। ਕੁਝ ਲੋਕ ਇਹ ਮੰਨਦੇ ਹਨ ਕਿ ਕੇਜਰੀਵਾਲ ਨੇ ਮਮਤਾ ਬੈਨਰਜੀ ਨਾਲ ਆਪਣੀ ਦੋਸਤੀ ਦਾ ਵਾਸਤਾ ਦੇ ਕੇ ਇਹ ਸੱਦਾ ਮੰਗਵਾਇਆ ਸੀ, ਪਰ ਇਸ ਸੱਦੇ ਨੇ ਸਿਆਸਤ ‘ਚ ਖਿਚੜੀ ਪਕਾਉਣੀ ਸ਼ੁਰੂ ਕਰ ਦਿੱਤੀ। ਕੇਜਰੀਵਾਲ ਬੰਗਲੌਰ ਗਏ ਅਤੇ ਸਿਰਫ ਇੱਕ ਫੋਟੋ ‘ਚ ਮਮਤਾ ਬੈਨਰਜੀ ਅਤੇ ਨਾਇਡੂ ਨਾਲ ਨਜ਼ਰ ਆਏ। ਜਦੋਂ ਸੋਨੀਆ ਤੇ ਰਾਹੁਲ ਗਾਂਧੀ ਮੰਚ ‘ਤੇ ਆਏ ਤਾਂ ਕੇਜਰੀਵਾਲ ਪਤਾ ਨਹੀਂ ਕਿੱਥੇ ਲੁਕ ਗਏ, ਪਰ ਉਥੇ ਕੇਜਰੀਵਾਲ ਦੀ ਮੌਜੂਦਗੀ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਨਾਲ ਇੱਕ ਮੰਚ ਜ਼ਰੂਰ ਦੇ ਦਿੱਤਾ।
ਕੇਜਰੀਵਾਲ ਦੇ ਬੰਗਲੌਰ ਜਾਣ ਨਾਲ ਇਹ ਚਰਚਾ ਸ਼ੁਰੂ ਹੋ ਗਈ ਕਿ ਆਖਿਰ ਦਿੱਲੀ ‘ਚ ਕੇਜਰੀਵਾਲ ਦਾ ਕਾਂਗਰਸ ਨਾਲ ਸਮਝੌਤਾ ਕਿਉਂ ਨਹੀਂ ਹੋ ਸਕਦਾ? ਕੇਜਰੀਵਾਲ ਨੇ ਦਿੱਲੀ ਵਿੱਚ ਕਾਂਗਰਸ ਨੂੰ ‘ਸਿਫਰ’ ਕਰਨ ਵਿੱਚ ਜੋ ਭੂਮਿਕਾ ਨਿਭਾਈ ਹੈ, ਉਸ ਨੂੰ ਦੇਖਦਿਆਂ ਤਾਂ ਕੇਜਰੀਵਾਲ ਕਾਂਗਰਸ ਦੇ ਦੁਸ਼ਮਣ ਨੰਬਰ ਇੱਕ ਹੋਣੇ ਚਾਹੀਦੇ ਸਨ, ਪਰ ਇਥੇ ਲੋਕ ਹੋਰ ਹੀ ਗੱਲਾਂ ਕਰ ਰਹੇ ਹਨ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ, ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਅਤੇ ਦਿੱਲੀ ਦੇ ਬਾਕੀ ਕਾਂਗਰਸੀ ਨੇਤਾ ਇਸ ਚਰਚਾ ਤੋਂ ਸਾਫ ਇਨਕਾਰ ਕਰਦੇ ਹਨ ਅਤੇ ਸਮਝੌਤੇ ਦੀ ਕਿਸੇ ਸੰਭਾਵਨਾ ਦਾ ਆਧਾਰ ਹੀ ਨਹੀਂ ਮੰਨਦੇ, ਪਰ ਫਿਰ ਵੀ ਇਹ ਚਰਚਾ ਗਰਮਾਈ ਰਹੀ।
ਕਾਂਗਰਸ ਇਸ ਚਰਚਾ ਤੋਂ ਹੱਕੀ ਬੱਕੀ ਹੈ ਕਿਉਂਕਿ ਸੱਚਾਈ ਇਹ ਹੈ ਕਿ ਇਸ ਚਰਚਾ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੋ ਰਿਹਾ ਹੈ। ਇਸੇ ਲਈ ਚਰਚਾ ਦੀ ਅੱਗ ‘ਚ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਇਹ ਕਹਿ ਕੇ ਘਿਓ ਪਾ ਦਿੱਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਕਾਂਗਰਸ ਅਤੇ ਆਪ ਮਿਲ ਕੇ ਲੜਨਗੀਆਂ। ਆਪ ਪਾਰਟੀ ਨੂੰ ਇਹ ਚਰਚਾ ਇਸ ਲਈ ਰਾਸ ਆ ਰਹੀ ਹੈ ਕਿ ਇਸ ਨਾਲ ਇੱਕ ਖਾਸ ਸੰਦੇਸ਼ ਜਾ ਰਿਹਾ ਹੈ ਕਿ ਕਾਂਗਰਸ ਨੂੰ ਮਜਬੂਰੀ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ, ਭਾਵ ਇਥੇ ਕਾਂਗਰਸ ਕਮਜ਼ੋਰ ਪਾਰਟੀ ਵਜੋਂ ਖੜ੍ਹੀ ਨਜ਼ਰ ਆਉਂਦੀ ਹੈ। ਇੱਕ ਪਾਸੇ ਕਾਂਗਰਸ ਇਹ ਪ੍ਰਚਾਰ ਕਰਦੀ ਹੈ ਕਿ ਆਮ ਆਦਮੀ ਪਾਰਟੀ ਦਾ ਦਿੱਲੀ ‘ਚ ਆਧਾਰ ਸਿਮਟ ਰਿਹਾ ਹੈ, ਦੂਜੇ ਪਾਸੇ ਜੇ ਉਹ ਉਸੇ ਨਾਲ ਸਮਝੌਤਾ ਕਰਨ ਦੀ ਚਰਚਾ ਵਿੱਚ ਰਹਿੰਦੀ ਹੈ ਤਾਂ ਸੰਦੇਸ਼ ਇਹੋ ਜਾਂਦਾ ਹੈ ਕਿ ਕਾਂਗਰਸ ਆਪਣੀ ਜ਼ਮੀਨ ਲੱਭਣ ਵਿੱਚ ਨਾਕਾਮ ਸਿੱਧ ਹੋ ਰਹੀ ਹੈ।
ਇਸ ਸਥਿਤੀ ਵਿੱਚ ਜ਼ਾਹਿਰ ਹੈ ਕਿ ਘਾਟੇ ਵਿੱਚ ਤਾਂ ਕਾਂਗਰਸ ਹੀ ਰਹੇਗੀ। ਆਮ ਆਦਮੀ ਪਾਰਟੀ ਜਿੱਥੇ ਦਿੱਲੀ ਦੇ ਨਾਲ ਨਾਲ ਹਰਿਆਣਾ ਅਤੇ ਪੰਜਾਬ ਵਿੱਚ ਵੀ ਕਾਂਗਰਸ ਨਾਲ ਸਮਝੌਤੇ ਦੀ ਗੱਲ ਕਰ ਰਹੀ ਹੈ, ਉਥੇ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਦਿੱਲੀ ਵਿੱਚ ਉਸ ਦਾ ਵੋਟ ਬੈਂਕ 54 ਤੋਂ ਘੱਟ ਕੇ 29 ਫੀਸਦੀ ਰਹਿ ਗਿਆ ਹੈ। ਪੰਜਾਬ ਦੇ ਸ਼ਾਹਕੋਟ ਹਲਕੇ ‘ਚ ਪਿਛਲੇ ਸਾਲ 41 ਹਜ਼ਾਰ ਤੋਂ ਵੱਧ ਵੋਟਾਂ ਲੈਣ ਵਾਲੀ ਆਪ ਸਿਰਫ 1900 ਵੋਟਾਂ ਤੱਕ ਸਿਮਟ ਗਈ ਹੈ। ਹਰਿਆਣਾ ‘ਚ ਅਜੇ ਇਸ ਨੇ ਖੁਦ ਨੂੰ ਸਿੱਧ ਕਰਨਾ ਹੈ। ਇਸ ਹਾਲਤ ਵਿੱਚ ਉਹ ਕਾਂਗਰਸ ਤੋਂ ਕਿਸ ਆਧਾਰ ‘ਤੇ ਦਿੱਲੀ ਮੰਗ ਰਹੀ ਹੈ।
ਕਾਂਗਰਸ ਨੇ 2013 ਵਿੱਚ ਆਪਣੇ ਪੈਰਾਂ ‘ਤੇ ਉਦੋਂ ਖੁਦ ਕੁਹਾੜੀ ਮਾਰੀ, ਜਦੋਂ ਉਸ ਨੇ ਦਿੱਲੀ ‘ਚ ਕੇਜਰੀਵਾਲ ਨੂੰ ਸਰਕਾਰ ਬਣਾਉਣ ਦਾ ਮੌਕਾ ਦੇ ਦਿੱਤਾ। ਕਾਂਗਰਸ ਦੀ ਇਹ ਇਤਿਹਾਸਕ ਗਲਤੀ ਸੀ, ਜਿਸ ਦਾ ਖਮਿਆਜ਼ਾ ਉਸ ਨੂੰ ਸਾਲ 2015 ਦੀਆਂ ਚੋਣਾਂ ਵਿੱਚ ਭੁਗਤਣਾ ਪਿਆ, ਜਦੋਂ ਕਾਂਗਰਸ ਸਿਫਰ ਹੋ ਗਈ। ਅਸਲ ਵਿੱਚ 28 ਸੀਟਾਂ ਜਿੱਤਣ ਤੋਂ ਬਾਅਦ ਵੀ ਭਾਜਪਾ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਸਰਕਾਰ ਨਹੀਂ ਬਣਾਉਣ ਦੇਣਾ ਚਾਹੁੰਦੀ ਸੀ, ਪਰ ਐਨ ਮੌਕੇ ਉੱਤੇ ਸਾਰਿਆਂ ਨੂੰ ਹੈਰਾਨ ਕਰਦਿਆਂ ਕਾਂਗਰਸ ਨੇ ਆਪ ਸਰਕਾਰ ਨੂੰ ਬਿਨਾਂ ਸ਼ਰਤ ਸਮਰਥਨ ਦੇ ਦਿੱਤਾ। ਉਦੋਂ ਕਾਂਗਰਸ ਦੇ ਨੇਤਾ ਇਹ ਸਮਝਦੇ ਸਨ ਕਿ ‘ਬਿਜਲੀ ਹਾਫ ਤੇ ਪਾਣੀ ਮਾਫ’ ਵਰਗੇ ਵਾਅਦੇ ਕਰ ਕੇ ਚੋਣਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੇਗੀ ਤੇ ਲੋਕ ਇਸ ਨੂੰ ਖੁਦ ਸੱਤਾ ਤੋਂ ਲਾਂਭੇ ਕਰ ਦੇਣਗੇ। ਕਾਂਗਰਸ ਨੂੰ ਲੱਗਦਾ ਸੀ ਕਿ ਇਹ ਨਾਰਾਜ਼ਗੀ ਇੰਨੀ ਛੇਤੀ ਪੈਦਾ ਹੋਵੇਗੀ ਕਿ ਆਮ ਆਦਮੀ ਪਾਰਟੀ ਜ਼ਿਆਦਾ ਦੇਰ ਨਹੀਂ ਟਿਕ ਸਕੇਗੀ। ਹੋਇਆ ਇਸ ਦੇ ਉਲਟ। ਕੇਜਰੀਵਾਲ ਨੇ ਇਸ ਮੌਕੇ ਨੂੰ ਖੂਬ ਕੈਸ਼ ਕੀਤਾ ਤੇ ਸਰਕਾਰ ਬਣਾਉਂਦਿਆਂ ਸਭ ਤੋਂ ਪਹਿਲਾਂ ਸਬਸਿਡੀ ਦੇ ‘ਬਿਜਲੀ ਹਾਫ ਤੇ ਪਾਣੀ ਮਾਫ’ ਨਾਅਰੇ ਨੂੰ ਸਾਕਾਰ ਕਰ ਦਿੱਤਾ।
ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੇਜਰੀਵਾਲ ਸਬਸਿਡੀ ਦੇ ਕੇ ਲੋਕਾਂ ਨੂੰ ਇਸ ਤਰ੍ਹਾਂ ਬੇਵਕੂਫ ਬਣਾਉਣਗੇ, ਪਰ ਲੋਕਾਂ ‘ਤੇ ਉਨ੍ਹਾਂ ਦਾ ਜਾਦੂ ਚੱਲ ਗਿਆ। ਲੋਕਾਂ ਨੂੰ 49 ਦਿਨਾਂ ਦੀ ਸਰਕਾਰ ‘ਚ ਹੀ ਭਰੋਸਾ ਹੋ ਗਿਆ ਕਿ ਕੇਜਰੀਵਾਲ ਜੋ ਕੁਝ ਕਹਿ ਰਹੇ ਹਨ, ਉਹ ਕਰ ਕੇ ਦਿਖਾਉਣਗੇ। ਇਸ ਦਾ ਨਤੀਜਾ ਨਿਕਲਿਆ ਕਿ 2015 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਕਿਸੇ ਪਾਸੇ ਜੋਗੀ ਨਾ ਰਹੀ ਤੇ ਹਾਲਤ ਇਹ ਹੋ ਗਈ ਕਿ ਕੇਜਰੀਵਾਲ ਨੇ ਭਾਜਪਾ ਨੂੰ ਵੀ ਕਿਸੇ ਪਾਸੇ ਜੋਗੀ ਨਹੀਂ ਛੱਡਿਆ।
ਅੱਜ ਕੱਲ੍ਹ ਲੋਕ ਇਹ ਮੰਨਦੇ ਹਨ ਕਿ ਕਾਂਗਰਸ ਨੇ ਜੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਿਆ ਤਾਂ ਉਹ ਫਿਰ ਉਹੀ ਗਲਤੀ ਦੁਹਰਾਏਗੀ, ਜੋ ਇਹ ਕਈ ਰਾਜਾਂ ਵਿੱਚ ਕਰ ਚੁੱਕੀ ਹੈ। ਕਾਂਗਰਸ ਨੇ ਸਭ ਤੋਂ ਵੱਡੀ ਗਲਤੀ ਯੂ ਪੀ ‘ਚ ਉਦੋਂ ਕੀਤੀ ਸੀ, ਜਦੋਂ ਇਸ ਨੇ ਮੁਲਾਇਮ ਸਿੰਘ ਯਾਦਵ ਦੀ ਅਗਵਾਈ ਵਾਲੀ ਜਨਤਾ ਦਲ ਸਰਕਾਰ ਨੂੰ ਸਮਰਥਨ ਦਿੱਤਾ ਸੀ, ਪਰ ਮੁਲਾਇਮ ਸਿੰਘ ਨੇ ਯੂ ਪੀ ਵਿੱਚ ਕਾਂਗਰਸ ਨੂੰ ਖੁੱਡੇ ਲਾਈਨ ਲਾ ਦਿੱਤਾ ਸੀ। ਉਹੀ ਗਲਤੀ ਕਾਂਗਰਸ ਨੇ ਬਿਹਾਰ ‘ਚ ਦੁਹਰਾਈ ਅਤੇ ਲਾਲੂ ਯਾਦਵ ਦੀ ਪਿਛਲੱਗੂ ਬਣ ਗਈ। ਕਰਨਾਟਕ ਵਿੱਚ ਭਾਜਪਾ ਨੂੰ ਰੋਕਣ ਲਈ ਕਾਂਗਰਸ ਜਨਤਾ ਦਲ (ਐੱਸ) ਨੂੰ ਸਮਰਥਨ ਦੇਣ ਲਈ ਮਜਬੂਰ ਹੋਈ ਹੈ। ਇਸ ਦੇ ਨਤੀਜੇ ਵੀ ਕਾਂਗਰਸ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਭੁਗਤਣੇ ਪੈ ਸਕਦੇ ਹਨ। ਕਾਂਗਰਸ ਸ਼ਾਇਦ ਇਹ ਸੋਚ ਰਹੀ ਹੈ ਕਿ ਕਰਨਾਟਕ ਵਿੱਚ ਉਸ ਨੇ ਜਿਵੇਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰ ਕੇ ਇੱਕ ਮੰਚ ‘ਤੇ ਲਿਆਉਣ ‘ਚ ਸਫਲਤਾ ਹਾਸਲ ਕੀਤੀ ਹੈ, ਉਸੇ ਤਰ੍ਹਾਂ ਦੀ ਸਫਲਤਾ 2019 ਦੀਆਂ ਆਮ ਚੋਣਾਂ ਵਿੱਚ ਵੀ ਉਸ ਨੂੰ ਮਿਲ ਸਕਦੀ ਹੈ। ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕੁਝ ਕਰਨ ਦੀ ਕਾਂਗਰਸ ਦੀ ਇਸ ਮੁਹਿੰਮ ‘ਚ ਹੋ ਸਕਦਾ ਹੈ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਜਾਂ ਕੇਜਰੀਵਾਲ ਵੀ ਕਾਂਗਰਸ ਲਈ ਅਹਿਮ ਬਣ ਜਾਣ, ਪਰ ਜਿੱਥੋਂ ਤੱਕ ਦਿੱਲੀ ਵਿੱਚ ਕਾਂਗਰਸ ਦੀ ਹੋਂਦ ਦਾ ਸਵਾਲ ਹੈ, ਅਜਿਹਾ ਫੈਸਲਾ ਲੈਣ ਦੀ ਹਾਲਤ ਵਿੱਚ ਜੇ ਕਾਂਗਰਸ ਦੀ ਸਥਿਤੀ ਯੂ ਪੀ ਤੇ ਬਿਹਾਰ ਵਰਗੀ ਬਣ ਗਈ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।
ਇਹੋ ਵਜ੍ਹਾ ਹੈ ਕਿ ਕਾਂਗਰਸ ਦੱਸ ਰਹੀ ਹੈ ਕਿ ਉਹ ਇਹ ਗਲਤੀ ਨਹੀਂ ਕਰਨਾ ਚਾਹੁੰਦੀ। ਦਿੱਲੀ ਦੇ ਸਾਰੇ ਕਾਂਗਰਸੀ ਨੇਤਾ ਇੱਕ ਸੁਰ ਵਿੱਚ ਇਸ ਸਮਝੌਤੇ ਨੂੰ ਨਕਾਰ ਰਹੇ ਹਨ। ਨਤੀਜਾ ਕੀ ਨਿਕਲੇਗਾ, ਇਹ ਤਾਂ ਭਵਿੱਖ ਦੱਸੇਗਾ, ਪਰ ਬੈਠੇ ਬਿਠਾਏ ਆਪ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਹੈ ਕਿ ਕਾਂਗਰਸ ਉਸ ਨਾਲ ਸਮਝੌਤੇ ਕਰ ਸਕਦੀ ਹੈ ਅਤੇ ਭਾਜਪਾ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਹੈ ਕਿ ਇਹ ਦੋਵੇਂ ਮੌਸੇਰੇ ਭਰਾ (ਮਾਸੀ ਦੇ ਪੁੱਤ) ਹਨ।