ਕੀ ਜਰੂਰੀ ਹੈ ਹਰਜੀਤ ਸੱਜਣ ਲਈ ਅਸਤੀਫ਼ਾ ਦੇਣਾ ?

zzzzzzzz-300x111118 ਅਪਰੈਲ 2017 ਨੂੰ ਨਵੀਂ ਦਿੱਲੀ ਵਿਖੇ ਇੱਕ ਕਾਨਫਰੰਸ ਦੌਰਾਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਅਫਗਾਨਸਤਾਨ ਦੇ ਕੰਧਾਰ ਏਰੀਆ ਵਿੱਚ ਕੈਨੇਡੀਅਨ ਫੌਜਾਂ ਵੱਲੋਂ ਕੀਤੇ ਗਏ ਅਪਰੇਸ਼ਨ ਮੇਡੂਸਾ ਵਿੱਚ ਆਪਣੇ ਰੋਲ ਬਾਰੇ ਕੀਤੇ ਗਏ ਦਾਅਵੇ ਤੋਂ ਬਾਅਦ ਪੈਦਾ ਹੋਈ ਚਰਚਾ ਠੰਡਾ ਲੈਣ ਦਾ ਨਾਮ ਨਹੀਂ ਲੈ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪਾਰਲੀਮੈਂਟ ਵਿੱਚ ਇਸਨੂੰ ਗਲਤੀ ਆਖ ਚੁੱਕੇ ਹਨ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਸ ਮਾਮਲੇ ਬਾਰੇ ਆਪਣੀ ਨਿੱਜੀ ਫੇਸਬੁੱਕ ਤੋਂ ਲੈ ਕੇ ਮੀਡੀਆ ਮੁਲਾਕਾਤਾਂ ਤੋਂ ਪਾਰਲੀਮੈਂਟ ਵਿੱਚ ਵਿੱਚ ਇੱਕ ਵਾਰ ਨਹੀਂ ਮੰਗੀ ਸਗੋਂ ਵਾਰ ਵਾਰ ਮੁਆਫੀ ਮੰਗੀ ਹੈ। ਹੋਈ ਗਲਤੀ ਦੇ ਮੱਦੇਨਜ਼ਰ ਉਹ ਮੁਆਫੀ ਮੰਗਣ ਦਾ ਹੱਕਦਾਰ ਵੀ ਹੈ।

ਮਿਲਟਰੀ ਦੇ ਮਾਪਦੰਡਾਂ ਉੱਤੇ ਵੇਖਿਆਂ ਹਰਜੀਤ ਸੱਜਣ ਵੱਲੋਂ ਕੀਤਾ ਗਿਆ ਦਾਅਵਾ ਬਹੁਤ ਗਲਤ ਗੱਲ ਹੈ। ਇਸ ਵਾਸਤੇ ਸਿਰਫ਼ ਵਿਰੋਧੀ ਧਿਰਾਂ ਵੱਲੋਂ ਹੀ ਸੱਜਣ ਦੇ ਅਸਤੀਫੇ ਦੀ ਮੰਗ ਨਹੀਂ ਕੀਤੀ ਜਾ ਰਹੀ ਸਗੋਂ ਕੈਨੇਡੀਅਨ ਮਿਲਟਰੀ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਸੱਜਣ ਦੇ ਬਿਆਨ ਨੂੰ ‘ਮਿਲਟਰੀ ਸਟੈਂਡਰਡ’ ਤੋਂ ਕਿਤੇ ਨੀਵਾਂ ਆਖਿਆ ਜਾ ਰਿਹਾ ਹੈ। ਕੈਨੇਡਾ ਦਾ ਰੱਖਿਆ ਮੰਤਰੀ ਬਣਾਏ ਜਾਣ ਤੋਂ ਬਾਅਦ ਵਿਸ਼ਵ ਭਰ ਵਿੱਚ ਜਿੰਨੀ ਸ਼ੁਹਰਤ ਹਰਜੀਤ ਸਿੰਘ ਸੱਜਣ ਨੂੰ ਮਿਲੀ ਸੀ, ਉੱਨੀ ਕੈਨੇਡਾ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਿਸੇ ਹੋਰ ਰੱਖਿਆ ਮੰਤਰੀ ਨੂੰ ਕਦੇ ਮਿਲੀ ਹੋਵੇ। ਹਰਜੀਤ ਸੱਜਣ ਦਾ ਸਿੱਖ ਹੋਣਾ, ਕੈਨੇਡਾ ਵਿੱਚ ਮਲਟੀਕਲਚਰਿਜ਼ ਦਾ ਨਵੇਂ ਪੈਮਾਨਿਆਂ ਤੱਕ ਉੱਚਾ ਹੋਣਾ ਅਜਿਹੀਆਂ ਗੱਲ ਸਨ ਜਿਸ ਕਾਰਣ ਉਸਦੀ ਵਾਹ ਵਾਹ ਹੋਈ। ਜਿਸ ਜ਼ਬਰਸਤ ਰਫ਼ਤਾਰ ਨਾਲ ਉਸਦਾ ਨਾਮ ਉੱਚਾ ਉੱਠਿਆ ਸੀ, ਅਪਰੇਸ਼ਨ ਮੇਡੂਸਾ ਬਾਰੇ ਕੀਤੇ ਗਏ ਗਲਤ ਦਾਅਵੇ ਨੇ ਉੱਨੀ ਹੀ ਤੇਜੀ ਨਾਲ ਉਸਨੂੰ ਚਰਚਾ ਦੀ ਗਰਦਸ਼ ਵਿੱਚ ਲਿਆ ਸੁੱਟਿਆ ਹੈ।

ਇਸਦੇ ਬਾਵਜੂਦ ਕੁੱਝ ਗੱਲਾਂ ਹਨ ਜੋ ਹਰਜੀਤ ਸੱਜਣ ਦੇ ਹੱਕ ਵਿੱਚ ਜਾਂਦੀਆਂ ਹਨ। ਇੱਕ ਮੰਤਰੀ ਵਜੋਂ ਉਸਦੀ ਹੁਣ ਤੱਕ ਕਾਰਗੁਜ਼ਾਰੀ ਬਹੁਤ ਨਿਪੁੰਨ ਅਤੇ ਸਾਫ਼ ਸੁਥਰੀ ਰਹੀ ਹੈ। ਇਸ ਗੱਲ ਨਾਲ ਉਸਦੇ ਵਿਰੋਧੀ ਵੀ ਸਹਿਮਤ ਹਨ ਕਿ ਸੱਜਣ ਧੀਰਜ, ਠੰਰਮੇ ਅਤੇ ਸੱਚਾਈ ਦੇ ਨੇੜੇ ਰਹਿਣ ਵਾਲਾ ਇਨਸਾਨ ਹੈ। ਅਪਰੇਸ਼ਨ ਮੇਡੂਸਾ ਦੌਰਾਨ ਬੇਸ਼ੱਕ ਉਹ ਮੋਹਰੀ ਆਗੂ ਨਹੀਂ ਸੀ ਲੇਕਿਨ ‘ਗੁਪਤ ਜਾਣਕਾਰੀ ਇੱਕਤਰ’ ਕਰਨ ਵਿੱਚ ਉਸਦਾ ਲੀਡਰਸਿ਼ੱਪ ਰੋਲ ਸੀ। ਹਰਜੀਤ ਸੱਜਣ ਦਾ ਰੈਂਕ ਲੈਫਟੀਨੈਂਟ ਕਰਨਲ ਦਾ ਸੀ। ਉਸਦੀ ਸਿੱਧੀ ਕਮਾਂਡ ਕਰਨ ਵਾਲੇ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜ਼ਰ ਨੇ ਵੈਨਕੂਵਰ ਪੁਲੀਸ ਨੂੰ ਲਿਖੇ ਪੱਤਰ ਵਿੱਚ ਸੱਜਣ ਦੀ ਬੇਮਿਸਾਲ ਤਾਰੀਫ ਕੀਤੀ ਸੀ। ਬ੍ਰਿਗੇਡੀਅਰ ਫਰੇਜ਼ਰ ਨੇ ਲਿਖਿਆ ਸੀ ਕਿ ਹਰਜੀਤ ਸੱਜਣ ਦਾ ਅਫਗਾਨਸਤਾਨ ਵਿੱਚ ਰੋਲ ਐਨਾ ਜ਼ਬਰਦਸਤ ਸੀ ਕਿ ਉਹ ਜੰਗੀ ਮੁਹਾਜ਼ ਦੇ ਕਈ ਸ੍ਰੋਤਾਂ ਵਿੱਚ ਜਿੰਦ ਜਾਨ ਪਾਉਣ ਵਾਲਾ ਸਾਬਤ ਹੋਇਆ। ਕਈ ਮਾਹਰਾਂ ਦਾ ਆਖਣਾ ਹੈ ਕਿ ਹਰਜੀਤ ਸਿੰਘ ਸੱਜਣ ਬ੍ਰਿਗੇਡੀਅਰ ਫਰੇਜ਼ਰ ਵੱਲੋਂ ਲਿਖੇ ਪੱਤਰ ਦੀ ਸ਼ਬਦਾਵਲੀ ਨੂੰ ਸਮਝਣ ਵਿੱਚ ਮਾਤ ਗਿਆ ਅਤੇ ਗਲਤ ਦਾਅਵਾ ਕਰ ਬੈਠਾ।

ਇਹ ਗੱਲ ਮੰਨੀ ਜਾ ਸਕਦੀ ਹੈ ਕਿ ਇੱਕ ਫੈਡਰਲ ਮੰਤਰੀ ਪੱਧਰ ਦੇ ਆਗੂ ਕੋਲ ਸ਼ਬਦਾਂ ਦੇ ਗਲਤ ਅਰਥ ਕੱਢਣ ਦੀ ਗੁੰਜਾਇਸ਼ ਨਹੀਂ ਹੁੰਦੀ। ਸਾਧਾਰਨ ਹਾਲਾਤਾਂ ਵਿੱਚ ਸ਼ਾਇਦ ਅਸਤੀਫਾ ਦੇਣਾ ਹੀ ਪੈਦਾ ਹੋਈ ਸਥਿਤੀ ਦਾ ਇਲਾਜ ਹੁੰਦਾ। ਪਰ ਕੈਨੇਡਾ ਦੀ ਵਿਸ਼ੇਸ਼ ਸਮਾਜਿਕ ਸਥਿਤੀ ਨੂੰ ਵੇਖਦੇ ਹੋਏ ਅਜਿਹਾ ਕਰਨਾ ਸਹੀ ਨਹੀਂ ਹੋਵੇਗਾ। ਕੋਈ ਵੀ ਸਹੀ ਸੋਚ ਵਾਲਾ ਇਨਸਾਨ ਹਰਜੀਤ ਸੱਜਣ ਦੀ ਗਲਤੀ ਉੱਤੇ ਪਰਦਾ ਪਾਏ ਜਾਣ ਦੇ ਹੱਕ ਵਿੱਚ ਨਹੀਂ ਹੋ ਸਕਦਾ ਪਰ ਕੈਨੇਡਾ ਦੇ ਸਮੁੱਚੇ ਹਿੱਤਾਂ ਨੂੰ ਵੇਖਦੇ ਹੋਏ ਉਸਦਾ ਅਹੁਦੇ ਤੋਂ ਲਾਂਭੇ ਹੋਣਾ ਠੀਕ ਨਹੀਂ ਹੋਵੇਗਾ। ਹਰਜੀਤ ਸੱਜਣ ਮਹਿਜ਼ ਇੱਕ ਵਿਅਕਤੀ ਨਹੀਂ ਸਗੋਂ ਸਿੱਖ ਚਿਹਰੇ ਵਜੋਂ ਉਹ ਕੈਨੇਡਾ ਦੀ ਵਿਭਿੰਨਤਾ, ਨਸਲੀ-ਸਹਿਹੋਂਦ ਦਾ ਲਖਾਇਕ ਵੀ ਹੈ। ਉਸਦਾ ਅਸਤੀਫਾ ਇੱਕ ਮੰਤਰੀ ਦਾ ਅਸਤੀਫਾ ਨਹੀਂ ਹੋਵੇਗਾ ਸਗੋਂ ਸਿੱਖ ਭਾਈਚਾਰੇ ਸਮੇਤ ਕੈਨੇਡਾ ਦੇ ਐਥਨਿਕ ਤਾਣੇ ਬਾਣੇ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੋਵੇਗਾ। ਚੰਗਾ ਹੋਵੇਗਾ ਕਿ ਹਰਜੀਤ ਸੱਜਣ ਨੂੰ ਹੋਈ ਗਲਤੀ ਤੋਂ ਸਿੱਖਣ ਦਾ ਮੌਕਾ ਦੇ ਕੇ ਕੁੱਝ ਸਾਰਥਕ ਕੰਮ ਕਰਨ ਦਾ ਇੱਕ ਮੌਕਾ ਦਿੱਤਾ ਜਾਵੇ। ਉਚਾਰੇ ਗਏ ਇੱਕ ਗਲਤ ਵਾਕ ਕਾਰਣ ਕੈਨੇਡਾ ਦੇ ਵੱਡੇ ਹਿੱਤਾਂ ਨੂੰ ਧੱਕਾ ਮਾਰਨਾ ਠੀਕ ਨਹੀਂ ਹੋਵੇਗਾ।