ਕੀ ‘ਕੈਪ ਐਂਡ ਟਰੇਡ’ ਨੂੰ ਰੱਦ ਕਰਨਾ ਮਾਸਟਰ ਸਟਰੋਕ ਹੈ ਡੱਗ ਫੋਰਡ ਦਾ

ਉਂਟੇਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਲੀਡਰ ਡੱਗ ਫੋਰਡ ਨੇ ਐਲਾਨ ਕੀਤਾ ਹੈ ਕਿ ਉਸਦੇ 7 ਜੂਨ ਨੂੰ ਪ੍ਰੋਵਿੰਸ ਦਾ ਪ੍ਰੀਮੀਅਰ ਬਣਨ ਦੀ ਸੂਰਤ ਵਿੱਚ ਉਸਦੀ ਕੰਜ਼ਰਵੇਟਿਵ ਸਰਕਾਰ ਲਿਬਰਲਾਂ ਵੱਲੋਂ ਲਾਗੂ ਕੀਤੇ ਗਏ ‘ਕੈਪ ਐਂਡ ਟਰੇਡ’ ਪ੍ਰੋਗਰਾਮ ਨੂੰ ਰੱਦ ਕਰ ਦੇਵੇਗੀ। ਡੱਗ ਅਨੁਸਾਰ ਉਸਦੀ ਸਰਕਾਰ ਪ੍ਰੋਵਿੰਸ ਵੱਲੋਂ ਗੈਸ ਉੱਤੇ ਲਾਏ ਜਾ ਰਹੇ ਟੈਕਸ ਵਿੱਚ ਵੀ ਕਟੌਤੀ ਕਰੇਗੀ। ਡੱਗ ਫੋਰਡ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਪ੍ਰਸਤਾਵਿਤ ਯੋਜਨਾ ਮੁਤਾਬਕ ਉਂਟੇਰੀਓ ਵਿੱਚ ਗੈਸ ਦੀਆਂ ਕੀਮਤਾਂ 10 ਸੈਂਟ ਪ੍ਰਤੀ ਲੀਡਰ ਘੱਟ ਹੋ ਜਾਣਗੀਆਂ। ਵਰਤਮਾਨ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਗੈਸ ਉੱਤੇ 14.7% ਅਤੇ ਡੀਜ਼ਲ ਉੱਤੇ 14.3% ਟੈਕਸ ਲਾਇਆ ਜਾਂਦਾ ਹੈ। ਸੰਭਵ ਹੈ ਕਿ ਡੱਗ ਫੋਰਡ ਦਾ ਇਹ ਵਾਅਦਾ ਵੋਟਰਾਂ ਨੂੰ ਲੁਭਾਉਣ ਵਾਲਾ ਸਾਬਤ ਹੋ ਜਾਵੇ ਕਿ ਉਹ ਗੈਸ ਅਤੇ ਡੀਜ਼ਲ ਦੋਵਾਂ ਉੱਤੇ ਟੈਕਸ ਕਟੌਤੀ ਕਰਕੇ ਟੈਕਸ ਦਰ ਨੂੰ 9% ਉੱਤੇ ਲੈ ਆਵੇਗਾ।

ਉਂਟੇਰੀਓ ਵਿੱਚ ‘ਕੈਪ ਐਂਡ ਟਰੇਡ’ ਪ੍ਰੋਗਰਾਮ ਮਾਰਚ 2017 ਤੋਂ ਲਾਗੂ ਕੀਤਾ ਗਿਆ ਸੀ। ਜਿਵੇਂ ਕਿ ਪ੍ਰੋਗਰਾਮ ਦੇ ਨਾਮ ਤੋਂ ਸਪੱਸ਼ਟ ਹੈ, ਇਸ ਪ੍ਰੋਗਰਾਮ ਤਹਿਤ ਕੰਪਨੀਆਂ ਲਈ ਇੱਕ ਸਾਲ ਵਿੱਚ ਪ੍ਰਦੂਸ਼ਣ ਪੈਦਾ ਕਰਨ ਦੀ ਇੱਕ ਸੀਮਾ ਨਿਰਧਾਰਤ ਕੀਤੀ ਜਾਂਦੀ ਹੈ। ਉਂਟੇਰੀਓ ਵਿੱਚ ਜਿਹੜੀਆਂ ਕੰਪਨੀਆਂ ਪ੍ਰਤੀ ਸਾਲ 25,000 ਟਨ ਤੋਂ ਵੱਧ ਗਰੀਨ ਹਾਊਸ ਗੈਸ ਪੈਦਾ ਕਰਨਗੀਆਂ (ਇਹ ਉਹਨਾਂ ਉੱਤੇ ਕੈਪ ਹੈ), ਉਹ ਘੱਟ ਗਰੀਨ ਹਾਊਸ ਗੈਸ ਪੈਦਾ ਕਰਨ ਵਾਲੀਆਂ ਕੰਪਨੀਆਂ ਕੋਲੋਂ ਅਲਾਊਂਸ ਖਰੀਦ ਸਕਦੀਆਂ ਹਨ ਜੋ ਹਰ ਤਿਮਾਹੀ ਇੱਕ ਖੁੱਲੀ ਬੋਲੀ ਵਿੱਚ ਵੇਚੇ ਜਾਂਦੇ ਹਨ। ਇਹ ਗਰੀਨ ਹਾਊਸ ਗੈਸ ਦਾ ਟਰੇਡ ਹੈ। ਸੋ ਪ੍ਰਦੂਸ਼ਣ ਪੈਦਾ ਕਰਨ ਦੀ ਇੱਕ ਸੀਮਾ ਭਾਵ ਕੈਪ ਹੈ ਅਤੇ ਵੱਧ ਕਰਨ ਲਈ ਖਰੀਦਣ ਦਾ ਇੰਤਜ਼ਾਮ ਹੈ ਜੋ ਟਰੇਡ ਭਾਵ ਵਿਉਪਾਰ ਹੈ।

ਉਂਟੇਰੀਓ ਵਿੱਚ 2020 ਤੱਕ ਵੱਧ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਕੰਪਨੀਆਂ ਨੂੰ ਗਰੀਨ ਹਾਊਸ ਗੈਸ ਅਲਾਊਂਸ ਖਰੀਦਣ ਦੇ ਪੈਸੇ ਸਰਕਾਰ ਵੱਲੋਂ ਦਿੱਤੇ ਜਾਣੇ ਹਨ ਜੋ ਕਿ ਕੈਪ ਐਂਡ ਟਰੇਡ ਟੈਕਸ ਦੇ ਰੂਪ ਵਿੱਚ ਖੱਪਤਕਾਰਾਂ ਤੋਂ ਲਏ ਜਾ ਰਹੇ ਹਨ। ਕੈਪ ਐਂਡ ਟਰੇਡ ਪ੍ਰੋਗਰਾਮ ਲਾਏ ਜਾਣ ਤੋਂ ਬਾਅਦ ਪ੍ਰੋਵਿੰਸ਼ੀਅਲ ਸਰਕਾਰ ਨੇ ਪਿਛਲੇ ਸਾਲ 1.9 ਬਿਲੀਅਨ ਡਾਲਰ ਇਕੱਤਰ ਕੀਤੇ ਜਦੋਂ ਕਿ ਗੈਸ ਉੱਤੇ ਲਾਏ ਟੈਕਸਾਂ ਨਾਲ ਪ੍ਰੋਵਿੰਸ਼ੀਅਲ ਸਰਕਾਰ ਦੇ ਖਜਾਨੇ ਵਿੱਚ 2.7 ਬਿਲੀਅਨ ਡਾਲਰ ਆਏ ਸਨ। ਆਪਣੀ ਸੀਮਾ ਤੋਂ ਇੱਕ ਟਨ ਵੱਧ ਪ੍ਰਦੂਸ਼ਨ ਪੈਦਾ ਕਰਨ ਦਾ ਅਲਾਊਂਸ ਖਰੀਦਣ ਉੱਤੇ ਕੰਪਨੀ ਨੂੰ ਸਾਢੇ ਸਤਾਰਾਂ ਤੋਂ ਅਠਾਰਾਂ ਡਾਲਰ ਖਰਚ ਕਰਨੇ ਪੈ ਸਕਦੇ ਹਨ। ਅਲਾਊਂਸ ਦੀ ਅਸਲ ਕੀਮਤ ਬੋਲੀ ਉੱਤੇ ਨਿਰਭਰ ਕਰਦੀ ਹੁੰਦੀ ਹੈ। ਇਸ ਪਿੱਛੇ ਇਹ ਸਿਧਾਂਤ ਕੰਮ ਕਰਦਾ ਹੈ ਕਿ ਕੰਪਨੀਆਂ ਵੱਲੋਂ ਪੈਸੇ ਬਚਾਉਣ ਦੀ ਹੋੜ ਵਿੱਚ ਘੱਟ ਕਾਰਬਨ ਪੈਦਾ ਕੀਤੀ ਜਾਵੇਗੀ। ਪਰ ਘੱਟ ਗੈਸ ਪੈਦਾ ਕਰਨ ਦਾ ਇੱਕ ਅਰਥ ਘੱਟ ਉਤਪਾਦਨ ਹੋ ਸਕਦਾ ਹੈ ਜੋ ਕਿ ਅਰਥਚਾਰੇ ਲਈ ਚੰਗਾ ਨਹੀਂ ਹੁੰਦਾ।

ਜਿਵੇਂ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ ਉਵੇਂ ਹੀ ਕੈਪ ਐਂਡ ਟਰੇਡ ਦਾ ਕਿੱਸਾ ਹੈ। ਜਿੱਥੇ ਲਿਬਰਲ ਪਾਰਟੀ ਨੂੰ ਇਸ ਵਿੱਚ ਹਰ ਕਿਸਮ ਦੀ ਚੰਗਿਆਈ ਨਜ਼ਰ ਆਉਂਦੀ ਹੈ, ਕੰਜ਼ਰਵੇਟਿਵ ਪਾਰਟੀ ਨੂੰ ਜਾਪਦਾ ਹੈ ਕਿ ਇਹ ਲੋਕਾਂ ਦੀ ਜੇਬ ਵਿੱਚੋਂ ਪੈਸੇ ਕੱਢ ਕੇ ਆਪਣੀਆਂ ਚਹੇਤੀਆਂ ਅਮੀਰ ਕਾਰਪੋਰੇਸ਼ਨਾਂ ਨੂੰ ਹੋਰ ਅਮੀਰ ਕਰਨ ਦੀ ਲਿਬਰਲ ਪਾਰਟੀ ਦੀ ਇੱਕ ਚਾਲ ਹੈ। ਜਾਪਦਾ ਹੈ ਕਿ ਹਾਲ ਦੀ ਘੜੀ ਉਂਟੇਰੀਓ ਵਾਸੀ ਕੰਜ਼ਰਵੇਟਿਵ ਪਾਰਟੀ ਦੀ ਪਹੁੰਚ ਨਾਲ ਸਹਿਮਤ ਹਨ। ਬੀਤੇ ਦਿਨੀਂ ਗਲੋਬਲ ਨਿਊਜ਼ ਵੱਲੋਂ ਆਈਪੋਸ ਰਾਹੀਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ 72% ਉਂਟੇਰੀਓ ਵਾਸੀ ਸੋਚਦੇ ਹਨ ਕਿ ਕਾਰਬਨ ਟੈਕਸ ਆਮ ਲੋਕਾਂ ਦੀ ਜੇਬ ਵਿੱਚੋਂ ਪੈਸੇ ਕੱਢਣ ਦਾ ਇੱਕ ਤਰੀਕਾ ਹੈ। 68% ਉਂਟੇਰੀਓ ਵਾਸੀਆਂ ਦਾ ਮੰਨਣਾ ਹੈ ਕਿ ਕੈਪ ਐਂਡ ਟਰੇਡ ਤੋਂ ਜਿਹੜੇ ਲਾਭ ਲੋਕਾਂ ਨੂੰ ਦੱਸੇ ਜਾ ਰਹੇ ਹਨ, ਉਹ ਹਕੀਕੀ ਨਹੀਂ ਸਗੋਂ ਸੰਕੇਤਕ ਹਨ ਭਾਵ ਬੱਸ ਹਵਾ ਵਿੱਚ ਛੱਡੀਆਂ ਗੱਲਾਂ ਹਨ।

ਡੱਗ ਫੋਰਡ ਨੇ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਸ ਵੱਲੋਂ ਕੀਤੀਆਂ ਜਾ ਰਹੀਆਂ ਕਟੌਤੀਆਂ ਕਾਰਣ ਖਜਾਨੇ ਵਿੱਚ ਜਾਣ ਵਾਲੇ ਡਾਲਰਾਂ ਦੀ ਕਟੌਤੀ ਨੂੰ ਕਿਵੇਂ ਪੂਰਾ ਕਰੇਗਾ। ਖੈਰ ਜਦੋਂ ਚੋਣਾਂ ਸਿਰ ਉੱਤੇ ਹੋਣ ਤਾਂ ਵੋਟਰਾਂ ਕੋਲ ਇਹ ਸੋਚਣ ਦਾ ਸਮਾਂ ਨਹੀਂ ਹੁੰਦਾ ਕਿ ਸਰਕਾਰ ਦੀਆਂ ਕਿਹੜੀਆਂ ਯੋਜਨਾਵਾਂ ਘੱਟ ਪਾਬੰਦਗੀ ਵਾਲੀਆਂ ਹਨ ਅਤੇ ਕਿਹੜੀਆਂ ਨਹੀਂ। ਵੋਟਰ ਆਪਣੀ ਜੇਬ ਵਿੱਚੋਂ ਜਾਂਦੇ ਪੈਸਿਆਂ ਨੂੰ ਰੋਕਣ ਵਾਲੀ ਹਰ ਗੱਲ ਨੂੰ ਸਵੀਕਾਰ ਕਰਨ ਦੀ ਕਾਹਲ ਵਿੱਚ ਹੁੰਦਾ ਹੈ। ਮੁਮਕਿਨ ਹੈ ਕਿ ਚੋਣਾਂ ਦੀ ਹਨੇਰੀ ਵਿੱਚ ਡੱਗ ਫੋਰਡ ਵੱਲੋਂ ਅਪਣਾਇਆ ਪੈਂਤੜਾਂ ਉਸਦੇ ਹੱਕ ਵਿੱਚ ਭੁਗਤ ਜਾਵੇ।