ਕੀਨੀਆ ਵਿੱਚ ਡੈਮ ਟੁੱਟਣ ਨਾਲ 27 ਜਣਿਆਂ ਦੀ ਮੌਤ

ਨੈਰੋਬੀ, 11 ਮਈ (ਪੋਸਟ ਬਿਊਰੋ)- ਅਫਰੀਕੀ ਦੇਸ਼ ਕੀਨੀਆ ‘ਚ ਕਈ ਹਫਤਿਆਂ ਤੋਂ ਜਾਰੀ ਬਾਰਿਸ਼ ਕਾਰਨ ਕੱਲ੍ਹ ਰਾਤ ਨੂੰ ਇਕ ਡੈਅ ਟੁੱਟ ਗਿਆ ਜਾਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ।
ਕੀਨੀਆ ਦੀ ਰਾਜਧਾਨੀ ਨੈਰੋਬੀ ਤੋਂ 190 ਕਿਲੋਮੀਟਰ ਦੂਰ ਨਾਕੁਰੂ ਕਾਊਂਟੀ ਦੇ ਸੋਲਾਈ ਇਲਾਕੇ ‘ਚ ਸਥਿਤ ਪਟੇਲ ਡੈਮ ਦਾ ਪਾਣੀ ਦੋ ਪਿੰਡਾਂ ਦੇ ਸੈਂਕੜੇ ਘਰਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਪ੍ਰਸ਼ਾਸਨ ਨੇ ਹੁਣ ਤੱਕ 27 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਨਾਕੁਰੂ ਦੇ ਗਵਰਨਰ ਲੀ ਕਿਨਯਾਜੁਈ ਨੇ ਕਿਹਾ ਕਿ ਹੜ੍ਹ ਕਾਰਨ ਜਾਨ ਮਾਲ ਦੀ ਵੱਡੀ ਹਾਨੀ ਹੋਈ ਹੈ। ਨੁਕਸਾਨ ਦਾ ਵਾਸਤਵਿਕ ਅੰਦਾਜ਼ਾ ਲਾਉਣਾ ਅਜੇ ਮੁਸ਼ਕਿਲ ਹੈ। ਹੜ੍ਹ ਦਾ ਪਾਣੀ ਕਈ ਘਰਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਕੀਨੀਆ ‘ਚ ਰੈਡ ਕ੍ਰਾਸ ਦੇ ਅਧਿਕਾਰੀਆਂ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਕਿ 40 ਲੋਕਾਂ ਨੂੰ ਬਚਾ ਕੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਹੁਣ ਵੀ ਸੈਂਕੜੇ ਲੋਕਾਂ ਦੇ ਹੜ੍ਹ ਦੇ ਪਾਣੀ ‘ਚ ਫਸੇ ਹੋਣ ਦਾ ਖਦਸ਼ਾ ਹੈ।
ਕੀਨੀਆ ਪਿਛਲੇ ਦੋ ਮਹੀਨਿਆਂ ਤੋਂ ਭਾਰੀ ਬਾਰਿਸ਼ ਦੀ ਮਾਰ ਝੱਲ ਰਿਹਾ ਹੈ। ਸਰਕਾਰ ਨੇ ਬੀਤੇ ਦਿਨੀਂ ਕਿਹਾ ਸੀ ਕਿ ਮਾਰਚ ਤੋਂ ਹੋ ਰਹੀ ਬਾਰਿਸ਼ ਕਾਰਨ 32 ਕਾਊਂਟੀ ਦੇ ਦੋ ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ। 132 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ।