ਕਿੰਮ ਨਾਲ ਆਪਣੀ ਮੁਲਾਕਾਤ ਨੂੰ ਟਰੰਪ ਨੇ ਅਰਥਭਰਪੂਰ ਦੱਸਿਆ

ਸਿੰਗਾਪੁਰ, 12 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਉੱਤਰੀ ਕੋਰੀਆ ਦੇ ਹਾਕਮ ਕਿੰਮ ਜੌਂਗ ਉਨ ਨੇ ਇਤਿਹਾਸਕ ਸਿਖਰ ਵਾਰਤਾ ਹੱਥ ਮਿਲਾ ਕੇ ਸ਼ੁਰੂਆਤ ਕੀਤੀ। ਇਹ ਵਾਰਤਾ ਹੀ ਤੈਅ ਕਰੇਗੀ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਵਿੱਚ ਸ਼ਾਂਤੀ ਰਹੇਗੀ ਜਾਂ ਪ੍ਰਮਾਣੂ ਖਤਰਾ ਹੋਰ ਵਧੇਗਾ। ਟਰੰਪ ਨੇ ਇਹ ਤਹੱਈਆ ਪ੍ਰਗਟਾਇਆ ਹੈ ਕਿ ਇੱਕਠਿਆਂ ਕੰਮ ਕਰਕੇ ਅਸੀਂ ਇਸ ਪਾਸੇ ਧਿਆਨ ਰੱਖ ਲਵਾਂਗੇ।
ਕੁੱਝ ਮਹੀਨੇ ਪਹਿਲਾਂ ਤੱਕ ਇਸ ਮੀਟਿੰਗ ਦਾ ਕਿਆਸ ਵੀ ਨਹੀਂ ਸੀ ਲਾਇਆ ਜਾ ਸਕਦਾ। ਪਰ ਹੁਣ ਆਲਮ ਇਹ ਹੈ ਕਿ ਸਿੰਗਾਪੁਰ ਦੇ ਇੱਕ ਰਿਜ਼ਾਰਟ ਵਿੱਚ ਦੋਵਾਂ ਆਗੂਆਂ ਨੇ ਨਾ ਸਿਰਫ ਇੱਕ ਦੂਜੇ ਨਾਲ ਹੱਥ ਮਿਲਾਏ ਸਗੋਂ ਉਹ ਸਿਖਰ ਵਾਰਤਾ ਨੂੰ ਅੰਜਾਮ ਦੇਣ ਜਾ ਰਹੇ ਹਨ। ਇਸ ਰਿਜ਼ਾਰਟ ਵਿੱਚ ਦੋਵਾਂ ਆਗੂਆਂ ਨੇ 40 ਮਿੰਟ ਤੱਕ ਇੱਕ ਦੂਜੇ ਨਾਲ ਆਹਮੋ-ਸਾਹਮਣੀ ਗੱਲ ਕੀਤੀ। ਇਸ ਮੌਕੇ ਸਿਰਫ ਦੁਭਾਸੀਏ ਹੀ ਦੋਵਾਂ ਆਗੂਆਂ ਨਾਲ ਮੌਜੂਦ ਸਨ। ਫਿਰ ਉਨ੍ਹਾਂ ਦੇ ਸਲਾਹਕਾਰ ਬਾਅਦ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਏ।
ਪ੍ਰਾਈਵੇਟ ਸੈਸ਼ਨ ਤੋਂ ਪਹਿਲਾਂ ਟਰੰਪ ਨੇ ਆਖਿਆ ਕਿ ਸਾਡੀ ਗੱਲਬਾਤ ਕਾਫੀ ਵਧੀਆ ਰਹਿਣ ਦੀ ਉਮੀਦ ਹੈ। ਉਨ੍ਹਾਂ ਆਖਿਆ ਕਿ ਇਸ ਦੇ ਅਰਥਭਰਪੂਰ ਰਹਿਣ ਦੀ ਵੀ ਪੂਰੀ ਸੰਭਾਵਨਾ ਹੈ। ਦੁਭਾਸ਼ੀਏ ਰਾਹੀਂ ਕਿੰਮ ਨੇ ਆਖਿਆ ਕਿ ਸਾਡੇ ਲਈ ਇੱਥੇ ਆਉਣਾ ਸੌਖਾ ਨਹੀਂ ਸੀ। ਸਾਡੇ ਅਤੀਤ ਨੇ ਸਾਡੇ ਪੈਰ ਜਕੜ ਰੱਖੇ ਸਨ। ਕਈ ਤਰ੍ਹਾਂ ਦੇ ਪੱਖਪਾਤ ਤੇ ਗਲਤ ਰੁਝਾਨਾਂ ਨੇ ਸਾਡੀਆਂ ਅੱਖਾਂ ਤੇ ਕੰਨਾਂ ਉੱਤੇ ਪਰਦਾ ਪਾਇਆ ਹੋਇਆ ਸੀ। ਇਨ੍ਹਾਂ ਸਾਰੀਆਂ ਔਕੜਾਂ ਤੋਂ ਪਾਰ ਪਾ ਕੇ ਹੀ ਅਸੀਂ ਇੱਥੇ ਆ ਸਕੇ ਹਾਂ।
ਇਸ ਤੋਂ ਪਹਿਲਾਂ ਟਰੰਪ ਇਹ ਆਖ ਚੁੱਕੇ ਹਨ ਕਿ ਹੋ ਸਕਦਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਕੋਈ ਪ੍ਰਮਾਣੂ ਡੀਲ ਹੋ ਜਾਵੇ ਜਾਂ ਫਿਰ ਰਸਮੀ ਤੌਰ ਉੱਤੇ ਉੱਤਰੀ ਕੋਰੀਆ ਵਿੱਚ ਮੁਕੰਮਲ ਪ੍ਰਮਾਣੂ ਨਿਸ਼ਸਤਰੀਕਨ ਹੋ ਜਾਵੇ। ਪਰ ਸਿਖਰ ਵਾਰਤਾ ਤੋਂ ਇੱਕ ਦਿਨ ਪਹਿਲਾਂ ਵਾਲੀ ਸਾਮ ਵਾੲ੍ਹੀਟ ਹਾਊਸ ਨੇ ਅਣਕਿਆਸੇ ਢੰਗ ਨਾਲ ਇਹ ਐਲਾਨ ਕੀਤਾ ਕਿ ਮੰਗਲਵਾਰ ਸ਼ਾਮ ਤੱਕ ਟਰੰਪ ਸਿੰਗਾਪੁਰ ਤੋਂ ਅਮਰੀਕਾ ਰਵਾਨਾ ਹੋ ਜਾਣਗੇ। ਇਹ ਮੁਲਾਕਾਤ ਕਿਸੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਤੇ ਉੱਤਰੀ ਕੋਰੀਆਈ ਆਗੂ ਵਿਖਾਲੇ ਆਪਣੀ ਕਿਸਮ ਦੀ ਵਿਲੱਖਣ ਮੁਲਾਕਾਤ ਸੀ।