ਕਿਹੋ ਜਿਹਾ ਰਹੇਗਾ ਭਵਿੱਖ ਵਿੱਚ ਪੰਜਾਬ ਦਾ ਸਿਆਸੀ ਦ੍ਰਿਸ਼

amrinder wins

-ਬੀ ਕੇ ਚਮ
ਹੈਰਾਨੀ ਜਨਕ ਨਤੀਜੇ ਦਿਖਾਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਭਵਿੱਖ ਦਾ ਸਿਆਸੀ ਦ੍ਰਿਸ਼ ਕਿਹੋ ਜਿਹਾ ਰਹਿਣ ਦੀ ਸੰਭਾਵਨਾ ਹੈ? ਇਸ ਦਾ ਜਵਾਬ ਉਦੋਂ ਤੱਕ ਨਹੀਂ ਦਿੱਤਾ ਜਾ ਸਕਦਾ, ਜਦੋਂ ਤੱਕ ਅਸੀਂ ਚੋਣ ਨਤੀਜਿਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਾਰਕਾਂ ਦਾ ਵਿਸ਼ਲੇਸ਼ਣ ਨਹੀਂ ਕਰਦੇ। ਇਸ ਲਈ ਅਸੀਂ ਚੋਣਾਂ ਲੜਨ ਵਾਲੀਆਂ ਮੁੱਖ ਧਾਰਾ ਵਾਲੀਆਂ ਪਾਰਟੀਆਂ ਦੀ ਕਿਸਮਤ ‘ਤੇ ਟਿੱਪਣੀ ਤੋਂ ਸ਼ੁਰੂਆਤ ਕਰਾਂਗੇ:
ਹਾਰਨ ਵਾਲਾ ਹਮਦਰਦੀ ਦਾ ਪਾਤਰ ਹੁੰਦਾ ਹੈ। ਜੇਤੂ ਨੂੰ ਸਾਹ ਲੈਣ ਲਈ ਕੁਝ ਸਮਾਂ ਚਾਹੀਦਾ ਹੁੰਦਾ ਹੈ। ਪੰਜਾਬ ਦਾ ਅਕਾਲੀ-ਭਾਜਪਾ ਗਠਜੋੜ ਤੇ ਆਮ ਆਦਮੀ ਪਾਰਟੀ ਦੋਵੇਂ ਪਹਿਲੀ ਸ਼ਰੇਣੀ ਵਿੱਚ ਆਉਂਦੇ ਹਨ ਤੇ ਕਾਂਗਰਸ ਦੂਜੀ ਸ਼੍ਰੇਣੀ ਵਿੱਚ। ਕੀ ਇਨ੍ਹਾਂ ਸਾਰੀਆਂ ਧਿਰਾਂ ਨਾਲ ਰਾਜ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਉਹੀ ਸਲੂਕ ਕੀਤਾ ਹੈ, ਜਿਸ ਦੀਆਂ ਇਹ ਹੱਕਦਾਰ ਸਨ? ਸ਼ਾਇਦ ਅਜਿਹਾ ਹੀ ਹੋਇਆ ਹੈ।
ਆਮ ਤੌਰ ਉੱਤੇ ਸਾਨੂੰ ਹਾਰਨ ਵਾਲਿਆਂ ਪ੍ਰਤੀ ਵੱਧ ਕਠੋਰ ਨਹੀਂ ਹੋਣਾ ਚਾਹੀਦਾ, ਫਿਰ ਵੀ ਅਕਾਲੀ ਦਲ ਅਤੇ ਭਾਜਪਾ ਦੀ 2017 ਵਿੱਚ ਹੋਈ ਹਾਰ ਪਿੱਛੇ ਕੰਮ ਕਰਦੇ ਕਾਰਕਾਂ ਦਾ ਵਿਸ਼ਲੇਸ਼ਣ ਦਿਖਾਉਂਦਾ ਹੈ ਕਿ ਇਸ ਗਠਜੋੜ ਦੀ ਸ਼ਰਮਨਾਕ ਕਾਰਗੁਜ਼ਾਰੀ ਲਈ ਐਂਟੀ ਇਨਕੰਬੈਂਸੀ ਦੀਆਂ ਜ਼ਬਰਦਸਤ ਭਾਵਨਾਵਾਂ ਜ਼ਿੰਮੇਵਾਰ ਸਨ, ਜਿਹੜੀਆਂ ਗਠਜੋੜ ਸਰਕਾਰ ਦੇ ਮਾੜੇ ਸ਼ਾਸਨ, ਘਟੀਆ ਕਾਰਗੁਜ਼ਾਰੀ ਤੇ ਇਸ ਦੀਆਂ ਤਰੁੱਟੀ ਪੂਰਨ ਸਿਆਸੀ-ਸ਼ਾਸਕੀ ਤਰਜੀਹਾਂ ਕਾਰਨ ਪੈਦਾ ਹੋਈਆਂ। ਇਸ ਦੇ ਨਾਲ ਉਪ ਮੁੱਖ ਮੰਤਰੀ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੰਕਾਰ ਭਰਿਆ ਤੇ ਤਾਨਾਸ਼ਾਹੀ ਵਿਹਾਰ ਵੀ ਜ਼ਿੰਮੇਵਾਰ ਸੀ, ਜਿਸ ਨੇ ਲੋਕਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਪੈਦਾ ਕਰ ਦਿੱਤਾ ਸੀ।
ਇਸ ਰੁਝਾਨ ਦੇ ਮੁੱਢਲੇ ਸੰਕੇਤ ਸਾਲ 2007 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਹਾਰ ਪਿੱਛੋਂ ਅਕਾਲੀ-ਭਾਜਪਾ ਗਠਜੋੜ ਦੇ ਸੱਤਾ ਵਿੱਚ ਆਉਣ ਤੋਂ ਛੇਤੀ ਬਾਅਦ ਮਿਲਣ ਲੱਗ ਪਏ ਸਨ। ਇਨ੍ਹਾਂ ਚੋਣਾਂ ਦੇ ਛੇਤੀ ਬਾਅਦ ਹੋਈਆਂ ਲੋਕਲ ਬਾਡੀਜ਼ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਦੇ ਯੂਥ ਅਕਾਲੀ ਦਲ ਦੇ ਹਥਿਆਰਬੰਦ ਅਨਸਰਾਂ ਨੇ ਪਾਰਟੀ ਦੇ ਰਵਾਇਤੀ ਗੜ੍ਹ ਮਾਲਵਾ ਵਿੱਚ ਪੋਲਿੰਗ ਬੂਥਾਂ ਉੱਤੇ ਕਬਜ਼ਾ ਕਰ ਲਿਆ, ਜਿਸ ਦੇ ਨਾਲ ਲੋਕਲ ਬਾਡੀਜ਼ ਚੋਣਾਂ ਵਿੱਚ ਪਾਰਟੀ ਨੇ ਵਿਰੋਧੀਆਂ ਦਾ ਸਫਾਇਆ ਕਰ ਦਿੱਤਾ। ਇਥੋਂ ਤੱਕ ਕਿ ਅਕਾਲੀ ਦਲ ਦੀ ਗਠਜੋੜ ਭਾਈਵਾਲ ਭਾਜਪਾ ਅਤੇ ਵਰਕਰਾਂ ਨੇ ਵੀ ਸੁਖਬੀਰ ਦੀ ਬ੍ਰਿਗੇਡ ਵੱਲੋਂ ਚੋਣ ਬੂਥਾਂ ਉੱਤੇ ਕਬਜ਼ਾ ਕੀਤੇ ਜਾਣ ਵਿਰੁੱਧ ਰੋਸ ਪ੍ਰਗਟਾਇਆ ਸੀ।
ਅਜਿਹੀ ਤਾਨਾਸ਼ਾਹੀ ਵਾਲੀ ਕਾਰਜਸ਼ੈਲੀ ਨੇ ਗਠਜੋੜ ਦੇ 2007-17 ਤੱਕ ਦੇ ਸ਼ਾਸਨ ਵਿੱਚ ਬੜਾਂ ਘਟੀਆ ਰੁਖ਼ ਅਪਣਾ ਲਿਆ। ਪੁਲਸ ਥਾਣੇ ਅਮਲੀ ਤੌਰ ‘ਤੇ ਅਕਾਲੀ ਦਲ ਦੇ ਬ੍ਰਾਂਚ ਆਫਿਸ ਬਣ ਕੇ ਰਹਿ ਗਏ ਸਨ। ਪਾਰਟੀ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਸਿੰਘ ਨੇ ਜ਼ਿਆਦਾ ਅਜਿਹੇ ਸਥਾਨਕ ਨੇਤਾਵਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ, ਜਿਹੜੇ ਐਮ ਐਲ ਏ ਦੀ ਚੋਣ ਹਾਰ ਗਏ ਸਨ। ਪੁਲਸ ਨੇ ਇਨ੍ਹਾਂ ਹਲਕਾ ਇੰਚਾਰਜਾਂ ਦੇ ਹੁਕਮਾਂ ਮੁਤਾਬਕ ਕੰਮ ਸ਼ੁਰੂ ਕਰ ਦਿੱਤਾ ਤੇ ਅਕਾਲੀ ਦਲ ਦੇ ਵਿਰੋਧੀਆਂ ਨਾਲ ਵਧੀਕੀਆਂ ਸ਼ੁਰੂ ਕਰ ਕੇ ਝੂਠੇ ਮੁਕੱਦਮੇ ਵੀ ਦਰਜ ਕੀਤੇ ਗਏ। ਹੱਦ ਉਦੋਂ ਹੋ ਗਈ, ਜਦੋਂ ਅਕਾਲੀ ਲੀਡਰਸ਼ਿਪ ਨੇ ਧਰਮ ਅਤੇ ਸਿਆਸਤ ਨੂੰ ਰਲਗੱਡ ਕਰਨ ਵਾਲਾ ਆਪਣਾ ਹਥਿਆਰ ਵਰਤਣਾ ਸ਼ੁਰੂ ਕਰ ਦਿੱਤਾ। ਇਹ ਕਦਮ ਬਿਲਕੁਲ ਫਾਇਦੇਮੰਦ ਸਿੱਧ ਨਹੀਂ ਹੋਇਆ। ਕੱਟੜਪੰਥੀ ਸਿੱਖਾਂ ਨੇ ਵੀ ਪਿਛਲੇ ਸਾਲ ਸਮਾਨਾਂਤਰ ਸਰਬੱਤ ਖਾਲਸਾ ਕਰ ਕੇ ਧਰਮ ਨੂੰ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਇਸ ਆਯੋਜਨ ਨੇ ਸੱਤਾਧਾਰੀ ਅਕਾਲੀ ਲੀਡਰਸ਼ਿਪ ਦੀ ਨੀਂਦ ਉਡਾ ਦਿੱਤੀ। ਸੂਬੇ ਵਿੱਚ ਕਈ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਇਹ ਘਟਨਾ ਇੰਨਾ ਭਿਆਨਕ ਰੂਪ ਧਾਰਨ ਕਰ ਗਈ ਕਿ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਅਕਾਲੀ ਦਲ ਨੇ ਧਰਮ ਦੀ ਦੁਰਵਰਤੋਂ ਕਰ ਕੇ ਜੋ ਲਾਭ ਖੱਟਿਆ ਸੀ, ਉਹ ਵੀ ਮਿੱਟੀ ਵਿੱਚ ਮਿਲ ਗਿਆ।
ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਗਈ, ਜਿਸ ਨੇ ਸਿੱਖਾਂ, ਖਾਸ ਕਰ ਕੇ ਅਕਾਲੀ ਦਲ ਦੇ ਗੜ੍ਹ ਮਾਲਵਾ ਖੇਤਰ ਦੇ ਸਿੱਖਾਂ ਵਿੱਚ ਇਸ ਦੇ ਸਮਰਥਨ ਨੂੰ ਭਾਰੀ ਠੇਸ ਪੁਚਾਈ। ਇਹ ਗੱਲਾਂ ਮੁੱਖ ਤੌਰ ਉੱਤੇ ਸੱਤਾਧਾਰੀ ਗਠਜੋੜ ਦੀ ਪਿਛਲੇ 2 ਦਹਾਕਿਆਂ ਦੌਰਾਨ ਸਭ ਤੋਂ ਸ਼ਰਮਨਾਕ ਚੋਣ ਕਾਰਗੁਜ਼ਾਰੀ ਲਈ ਜ਼ਿੰਮੇਵਾਰ ਹਨ ਤੇ ਇਸੇ ਕਾਰਨ ਗਠਜੋੜ ਦੇ ਦੋਵੇਂ ਭਾਈਵਾਲ 117 ਮੈਂਬਰੀ ਵਿਧਾਨ ਸਭਾ ਵਿੱਚ ਹੁਣੇ ਹੋਈਆਂ ਚੋਣਾਂ ਵਿੱਚ ਕ੍ਰਮਵਾਰ 15 ਅਤੇ ਤਿੰਨ ਸੀਟਾਂ ਜਿੱਤ ਸਕੇ।
ਤਾਜ਼ਾ ਚੋਣਾਂ ਵਿੱਚ ਗਠਜੋੜ ਨੇ ਕੁੱਲ ਮਿਲਾ ਕੇ 18 ਸੀਟਾਂ ਜਿੱਤੀਆਂ, ਜੋ ਆਮ ਆਦਮੀ ਪਾਰਟੀ ਤੋਂ ਘੱਟ ਹਨ। ਨਤੀਜਾ ਇਹ ਹੋਇਆ ਕਿ ਪਹਿਲੀ ਵਾਰ ਪੰਜਾਬ ਦੀਆਂ ਚੋਣਾਂ ਵਿੱਚ ਉੱਤਰੀ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਹੋਣ ਦਾ ਰੁਤਬਾ ਹਾਸਲ ਕਰਨ ਵਿੱਚ ਸਫਲ ਹੋ ਗਈ ਹੈ। ਪਹਿਲੇ ਦਿਨ ਤੋਂ ਹੀ ਬਾਦਲ ਪਰਵਾਰ ਇਸ ਤੱਥ ਤੋਂ ਜਾਣੂ ਸੀ ਕਿ ਆਪ ਕਿੰਨੀ ਵੱਡੀ ਚੁਣੌਤੀ ਖੜ੍ਹੀ ਕਰ ਸਕਦੀ ਹੈ।
ਆਖਿਰ ਲੋਕ ਸਭਾ ਚੋਣਾਂ 2014 ਦੌਰਾਨ ਪਹਿਲੀ ਵਾਰ ਮੈਦਾਨ ਵਿੱਚ ਉਤਰੀ ਆਮ ਆਦਮੀ ਪਾਰਟੀ ਪੰਜਾਬ ਤੋਂ ਚਾਰ ਪਾਰਲੀਮੈਂਟ ਮੈਂਬਰ ਬਣਾਉਣ ਵਿੱਚ ਸਫਲ ਹੋ ਗਈ ਸੀ, ਜਦ ਕਿ ਅਕਾਲੀ ਦਲ ਇੰਨੀਆਂ ਹੀ ਸੀਟਾਂ ਜਿੱਤ ਸਕਿਆ ਸੀ। ਉਦੋਂ ਕਾਂਗਰਸ ਅਤੇ ਭਾਜਪਾ ਨੂੰ ਕ੍ਰਮਵਾਰ ਤਿੰਨ ਅਤੇ ਦੋ ਸੀਟਾਂ ਮਿਲੀਆਂ ਸਨ। ਕਾਂਗਰਸ ਹਾਈ ਕਮਾਨ ਵੀ ਆਪ ਪਾਰਟੀ ਵੱਲੋਂ ਦਿੱਤੀ ਜਾ ਰਹੀ ਚੁਣੌਤੀ ਤੋਂ ਅਣਜਾਣ ਸੀ।
ਕਿਉਂਕਿ ਆਪ ਨੇ ਪੰਜਾਬ ਵਿੱਚ ਸੱਤਾ ਹਥਿਆਉਣ ਦਾ ਦ੍ਰਿੜ ਸੰਕਲਪ ਕੀਤਾ ਹੋਇਆ ਸੀ, ਪਰ ਮੁੱਖ ਤੌਰ ‘ਤੇ ਚਾਰ ਕਾਰਨਾਂ ਕਰ ਕੇ ਇਹ ਆਪਣਾ ਸੁਫਨਾ ਪੂਰਾ ਕਰਨ ਤੋਂ ਖੁੰਝ ਗਈ:
ਪਹਿਲੀ ਗੱਲ ਇਹ ਕਿ ਇਸ ਕੋਲ ਅਜਿਹਾ ਕੋਈ ਨੇਤਾ ਨਹੀਂ ਸੀ, ਜਿਸ ਦਾ ਪੂਰੇ ਪੰਜਾਬ ਵਿੱਚ ਪ੍ਰਭਾਵ ਹੋਵੇ। ਦੂਜੀ: ਇਹ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਪੇਸ਼ ਕਰਨ ਵਿੱਚ ਨਾਕਾਮ ਰਹੀ। ਤੀਜੀ ਗੱਲ ਇਹ ਕਿ ਚੋਣਾਂ ਤੋਂ ਪਹਿਲਾਂ ਕੁਝ ਮਹੀਨਿਆਂ ਦੌਰਾਨ ਪਾਰਟੀ ਦੇ ਕਈ ਆਗੂ ਜਾਂ ਤਾਂ ਕੱਢ ਦਿੱਤੇ ਗਏ ਜਾਂ ਫਿਰ ਉਨ੍ਹਾਂ ਨੇ ਖੁਦ ਅਸਤੀਫਾ ਦੇ ਦਿੱਤਾ ਸੀ। ਆਖਰੀ ਗੱਲ ਇਹ ਸੀ ਕਿ ਅਰਵਿੰਦ ਕੇਜਰੀਵਾਲ ਨੇ ਤਾਨਾਸ਼ਾਹੀ ਵਿਹਾਰ ਅਪਣਾਈ ਰੱਖਿਆ। ਕੇਜਰੀਵਾਲ ਨੇ ਜਦੋਂ ਇਹ ਐਲਾਨ ਕੀਤਾ ਕਿ ਆਪ ਪਾਰਟੀ ਪੰਜਾਬ ਦੀਆਂ ਚੋਣਾਂ ਲੜੇਗੀ ਤੇ ਉਹ ਖੁਦ ਹੀ ਪਾਰਟੀ ਦੀ ਮੁਹਿੰਮ ਦੀ ਅਗਵਾਈ ਕਰਨਗੇ ਤਾਂ ਅਕਾਲੀ ਲੀਡਰਸ਼ਿਪ ਸੱਚਮੁੱਚ ਬਦਹਵਾਸ ਹੋ ਗਈ।
ਹੁਣ ਅਕਾਲੀ ਦਲ ਦੇ ਨਿਰ ਉਤਸ਼ਾਹਤ ਕਾਡਰ ਵਿੱਚ ਨਵਾਂ ਜੋਸ਼ ਭਰਨ ਲਈ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਹੈ ਕਿ ‘ਪੰਜ ਸਾਲ ਆਰਾਮ ਕਰਨ ਤੋਂ ਬਾਅਦ ਅਸੀਂ ਅਗਲੇ 10 ਸਾਲਾਂ ਤੱਕ ਪੰਜਾਬ ਵਿੱਚ ਰਾਜ ਕਰਾਂਗੇ। ਇਸ ਤਰ੍ਹਾਂ ਪੰਜਾਬ ‘ਤੇ 25 ਸਾਲ ਰਾਜ ਦਾ ਵਾਅਦਾ ਪੂਰਾ ਕੀਤਾ ਜਾਵੇਗਾ।’ ਕੀ ਸੁਖਬੀਰ ਆਪਣੇ ਸੁਫਨੇ ਨੂੰ ਹਕੀਕਤ ਵਿੱਚ ਬਦਲ ਸਕਦੇ ਹਨ? ਇਸ ਦਾ ਜਵਾਬ ਕਈ ਗੱਲਾਂ ‘ਤੇ ਨਿਰਭਰ ਕਰਦਾ ਹੈ। ਸਭ ਤੋਂ ਅਹਿਮ ਇਹ ਹੈ ਕਿ ਆਪਣੇ ਮਿੱਠਬੋਲੜੇ ਅਤੇ ਹਰ ਕਿਸੇ ਨੂੰ ਖੁੱਲ੍ਹ ਕੇ ਮਿਲਣ ਵਾਲੇ ਸੁਭਾਅ ਤੇ ਅਣਥੱਕ ਜਨ ਸੰਪਰਕ ਬਣਾ ਸਕਣ ਦੀ ਯੋਗਤਾ ਨਾਲ ਪੰਜਾਬ ਦਾ ਸਭ ਤੋਂ ਹਰਮਨ ਪਿਆਰਾ ਨੇਤਾ ਦੀ ਵਿਲੱਖਣਤਾ ਹਾਸਲ ਕਰ ਚੁੱਕੇ ਪਾਰਟੀ ਮੁਖੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵਾਂਗ ਕੰਮ ਕਰ ਸਕਣ ਦੇ ਸਮਰੱਥ ਹੋਣਗੇ? ਸਭ ਤੋਂ ਵੱਡਾ ਸਵਾਲ ਇਹ ਹੈ ਕਿ 2022 ਵਿੱਚ ਜਦੋਂ ਉਹ 95 ਸਾਲਾਂ ਦੇ ਹੋ ਜਾਣਗੇ ਤਾਂ ਕੀ ਸੁਖਬੀਰ ਦੇ ਸੱਤਾ ਵਿੱਚ ਆਉਣ ਦੀ ਇੱਛਾ ਵਿੱਚ ਮਦਦ ਕਰ ਸਕਣਗੇ?
ਇੱਕ ਦਹਾਕਾ ਲੰਮੇ ਸ਼ਾਸਨ ਮੌਕੇ ਅਕਾਲੀ-ਭਾਜਪਾ ਸਰਕਾਰ ਵੱਲੋਂ ਪੈਦਾ ਕੀਤੀਆਂ ਗਈਆਂ ਸਮੱਸਿਆਵਾਂ ਨਾਲ ਸਫਲਤਾ ਪੂਰਵਕ ਨਜਿੱਠਣ ਦੀ ਅਮਰਿੰਦਰ ਸਿੰਘ ਦੀ ਕਾਬਲੀਅਤ ਅਤੇ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਹੀ ਨਿਰਭਰ ਕਰੇਗਾ ਕਿ ਉਨ੍ਹਾਂ ਵਿਰੁੱਧ ਕਿਸ ਹੱਦ ਤੱਕ ਐਂਟੀ ਇਨਕੰਬੈਂਸੀ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ। ਇਸ ਸਮੇਂ ਸੂਬਾ ਸਰਕਾਰ ਦਾ ਖਜ਼ਾਨਾ ਖਾਲੀ ਹੈ ਤੇ ਸੂਬੇ ਸਿਰ 178 ਲੱਖ ਕਰੋੜ ਰੁਪਏ ਦਾ ਭਾਰੀ ਕਰਜ਼ਾ ਹੈ। ਤਿੰਨ ਹਜ਼ਾਰ ਕਰੋੜ ਰੁਪਏ ਦੇ ਬਿੱਲਾਂ ਦਾ ਭੁਗਤਾਨ ਕੀਤਾ ਜਾਣਾ ਹੈ ਤੇ ਉਪਰੋਂ ਮਾਲੀਆ ਘਾਟਾ ਅੱਠ ਹਜ਼ਾਰ ਕਰੋੜ ਰੁਪਏ ਦਾ ਹੈ।
2007 ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਪੂਰੀ ਤਰ੍ਹਾਂ ਬਦਲੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਧੜੇਬੰਦੀ ਸਮੇਤ ਪਾਰਟੀ ਦੇ ਅੰਦਰੂਨੀ ਕੰਮਾਂ ਤੇ ਰਾਹੁਲ ਗਾਂਧੀ ਨਾਲ ਆਪਣੇ ਸੁਖਾਵੇਂ ਰਿਸ਼ਤਿਆਂ ਨੂੰ ਬੜੀ ਸਮਝਦਾਰੀ ਨਾਲ ਹੈਂਡਲ ਕੀਤਾ ਹੈ। ਰਾਹੁਲ ਗਾਂਧੀ ਕਾਂਗਰਸ ਨੂੰ ਦਰਪੇਸ਼ ਸਮੱਸਿਆਵਾਂ ਨੂੰ ਬੜੇ ਬਚਕਾਨਾ ਢੰਗ ਨਾਲ ਹੈਂਡਲ ਕਰਨ ਲਈ ਜਾਣੇ ਜਾਂਦੇ ਹਨ। ਆਪਣੇ ਸ਼ੁਰੂਆਤੀ ਪੱਤੇ ਬੇਸ਼ੱਕ ਅਮਰਿੰਦਰ ਸਿੰਘ ਨੇ ਬੜੀ ਚਲਾਕੀ ਨਾਲ ਖੇਡੇ ਹਨ। ਅਜਿਹਾ ਲੱਗਦਾ ਹੈ ਕਿ ਉਹ ਵਿੰਸਟਨ ਚਰਚਿਲ ਦੇ ਇਸ ਦਾਰਸ਼ਨਿਕ ਕਥਨ ਉੱਤੇ ਚੱਲ ਰਹੇ ਹਨ: ‘ਨਿਰਾਸ਼ਾਵਾਦੀ ਨੂੰ ਹਰੇਕ ‘ਚ ਮੁਸ਼ਕਲ ਹੀ ਮੁਸ਼ਕਲ ਦਿਖਾਈ ਦਿੰਦੀ ਹੈ, ਆਸ਼ਾਵਾਦੀ ਨੂੰ ਹਰੇਕ ਮੁਸ਼ਕਲ ਵਿੱਚ ਵੀ ਮੌਕਾ ਦਿਖਾਈ ਦਿੰਦਾ ਹੈ।”