ਕਿਸੇ ਵੀ ਅਸੁਖਾਵੀਂ ਘਟਨਾ ਤੋਂ ਬਚਾਅ ਲਈ ਸਰਕਾਰ ਨੇ 102 ਬਿਲੀਅਨ ਡਾਲਰ ਦਾ ਰੱਖਿਆ ਫੰਡ

ਓਟਵਾ, 13 ਮਾਰਚ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਸਾਈਬਰ ਜੁਰਮ ਨੂੰ ਰੋਕਣ ਲਈ ਇਸ ਵਾਰੀ ਦੇ ਬਜਟ ਵਿੱਚ ਕਈ ਮਿਲੀਅਨ ਡਾਲਰ ਰੱਖੇ ਗਏ ਹਨ। ਪਰ ਜੇ ਕਿਸੇ ਵੱਡੇ ਸਾਈਬਰ ਹਮਲੇ ਨੂੰ ਰੋਕਣ ਦੀਆਂ ਕੋਸਿ਼ਸ਼ਾਂ ਵਿੱਚ ਸਰਕਾਰ ਅਸਫਲ ਰਹਿੰਦੀ ਹੈ ਤਾਂ ਓਟਵਾ ਆਪਣੇ 102 ਬਿਲੀਅਨ ਡਾਲਰ ਦੇ ਐਮਰਜੰਸੀ ਕੈਸ਼ ਨੂੰ ਵੀ ਵਰਤ ਸਕਦੀ ਹੈ।
ਔਖੇ ਵੇਲੇ ਲਈ ਬਚਾਅ ਕੇ ਰੱਖੇ ਇਸ ਸਰਮਾਏ ਨਾਲ ਸਰਕਾਰ ਦਾ ਘੱਟੋ ਘੱਟ ਇੱਕ ਮਹੀਨੇ ਲਈ ਖਰਚਾ ਚੱਲ ਸਕਦਾ ਹੈ। ਇਹ ਰਕਮ ਗੰਭੀਰ ਸੰਕਟ ਦੀ ਘੜੀ ਲਈ ਬਚਾਅ ਕੇ ਰੱਖੀ ਗਈ ਹੈ। ਵਿੱਤ ਮੰਤਰੀ ਬਿੱਲ ਮੌਰਨਿਊ ਲਈ ਇੱਕ ਬ੍ਰੀਫਿੰਗ ਨੋਟ, ਜਿਸ ਨੂੰ ਪਿੱਛੇ ਜਿਹੇ ਜਾਰੀ ਕੀਤਾ ਗਿਆ ਸੀ, ਵਿੱਚ ਆਖਿਆ ਗਿਆ ਕਿ ਬਹੁਤ ਹੀ ਸੰਕਟ ਦੀ ਘੜੀ ਵਿੱਚ ਕੈਨੇਡਾ ਇਸ ਰਕਮ ਦੀ ਵਰਤੋਂ ਕਰ ਸਕਦਾ ਹੈ।
ਪਿਛਲੇ ਮਹੀਨੇ ਪੇਸ਼ ਕੀਤੇ ਬਜਟ ਵਿੱਚ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਤੇ ਸਾਈਬਰ ਹਮਲੇ ਦੀ ਸੂਰਤ ਵਿੱਚ ਤਿਆਰ ਰਹਿਣ ਲਈ ਅਗਲੇ ਪੰਜ ਸਾਲਾਂ ਵਾਸਤੇ 507.7 ਮਿਲੀਅਨ ਡਾਲਰ ਰੱਖੇ ਹਨ। ਇਸ ਨਿਵੇਸ਼ ਤਹਿਤ ਨਵੀਂ ਨੈਸ਼ਨਲ ਸਾਈਬਰਸਕਿਊਰਿਟੀ ਸਟਰੈਟੇਜੀ, ਕੈਨੇਡੀਅਨ ਸੈਂਟਰ ਫੌਰ ਸਾਈਬਰ ਸਕਿਊਰਿਟੀ ਤੇ ਆਰਸੀਐਮਪੀ ਵੱਲੋਂ ਕੌਮੀ ਸਾਈਬਰਕ੍ਰਾਈਮ ਕੋ-ਆਰਡੀਨੇਸ਼ਨ ਯੂਨਿਟ ਦੇ ਉਪਰਾਲੇ ਨੂੰ ਸਮਰਥਨ ਮਿਲੇਗਾ।
ਇਸ ਤੋਂ ਇਲਾਵਾ ਮੌਰਨਿਊ ਦੀ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਆਈਟੀ ਸੇਵਾਵਾਂ ਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਛੇ ਸਾਲਾਂ ਵਿੱਚ 2.2 ਬਿਲੀਅਨ ਡਾਲਰ ਦਾ ਫੰਡ ਰੱਖਿਆ ਗਿਆ ਹੈ। ਸਾਈਬਰ ਹਮਲੇ ਅੱਜ ਕੱਲ੍ਹ ਬਹੁਤ ਆਮ ਹੋ ਗਏ ਹਨ। ਬੈਂਕ ਆਫ ਕੈਨੇਡਾ ਵੱਲੋਂ ਵੀ ਸਾਈਬਰ ਹਮਲੇ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ।