ਕਿਸੇ ਮਹਿਲਾ ਨਾਲ ਕੀਤੇ ਜਿਨਸੀ ਦੁਰਵਿਵਹਾਰ ਦੀ ਗੱਲ ਚੇਤੇ ਨਹੀਂ : ਟਰੂਡੋ


ਓਟਵਾ, 2 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ 18 ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿੱਚ ਕਿਸੇ ਈਵੈਂਟ ਦੌਰਾਨ ਹੋਈ ਨਕਾਰਾਤਮਕ ਗੱਲਬਾਤ ਉਨ੍ਹਾਂ ਨੂੰ ਚੇਤੇ ਨਹੀਂ ਹੈ। ਜਿ਼ਕਰਯੋਗ ਹੈ ਕਿ ਪਿੱਛੇ ਜਿਹੇ ਇੱਕ ਈਵੈਂਟ ਉੱਤੇ ਟਰੂਡੋ ਖਿਲਾਫ ਪਹਿਲੀ ਵਾਰੀ ਜਿਨਸੀ ਦੁਰਵਿਵਹਾਰ ਸਬੰਧੀ ਲੱਗੇ ਦੋਸ਼ਾਂ ਸਬੰਧੀ ਜਵਾਬ ਮੰਗਿਆ ਗਿਆ ਸੀ।
ਰੇਜਾਈਨਾ ਪਹੁੰਚੇ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਕ੍ਰੈਸਟਨ, ਬੀਸੀ ਵਿੱਚ ਮਿਊਜਿ਼ਕ ਫੈਸਟੀਵਲ ਵਿੱਚ ਹਿੱਸਾ ਲੈਣ ਦੀ ਗੱਲ ਤਾਂ ਯਾਦ ਹੈ ਪਰ ਉੱਥੇ ਕੁੱਝ ਗਲਤ ਹੋਇਆ ਸੀ ਅਜਿਹਾ ਕੁੱਝ ਵੀ ਉਨ੍ਹਾਂ ਨੂੰ ਯਾਦ ਨਹੀਂ ਹੈ। ਟਰੂਡੋ ਨੇ ਦੱਸਿਆ ਕਿ ਕ੍ਰੈਸਟਨ ਦਾ ਉਹ ਦਿਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ। ਐਵਲਾਂਸ਼ ਫਾਊਂਡੇਸ਼ਨ ਵੱਲੋਂ ਐਵਲਾਂਸ਼ ਸੇਫਟੀ ਸਬੰਧੀ ਈਵੈਂਟ ਕਰਵਾਇਆ ਗਿਆ ਸੀ। ਉਹ ਦਿਨ ਕਾਫੀ ਚੰਗਾ ਵੀ ਰਿਹਾ ਸੀ। ਪਰ ਟਰੂਡੋ ਨੇ ਆਖਿਆ ਕਿ ਉਸ ਦਿਨ ਹੋਈ ਕੋਈ ਵੀ ਨਕਾਰਾਤਮਕ ਗੱਲ ਯਾਦ ਨਹੀਂ।
ਪਿਛਲੇ ਕੁੱਝ ਹਫਤਿਆਂ ਵਿੱਚ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਵਿੱਚ ਇੱਕ 18 ਸਾਲਾ ਲੜਕੀ ਵੱਲੋਂ ਟਰੂਡੋ ਖਿਲਾਫ ਦੋਸ਼ ਲਾਏ ਗਏ ਸਨ ਜਿਨ੍ਹਾਂ ਦੇ ਸਬੰਧ ਵਿੱਚ ਪਹਿਲੀ ਵਾਰੀ ਟਰੂਡੋ ਨੇ ਕੋਈ ਸਿੱਧੀ ਟਿੱਪਣੀ ਕੀਤੀ ਹੈ। ਇਨ੍ਹਾਂ ਦੋਸ਼ਾਂ ਬਾਰੇ ਟਰੂਡੋ ਦੇ ਆਫਿਸ ਦੀ ਜਿਹੜੀ ਪ੍ਰਤੀਕਿਰਿਆ ਰਹੀ ਸੀ ਉਹੀ ਗੱਲ ਉਨ੍ਹਾਂ ਦੋਹਰਾ ਦਿੱਤੀ। ਇਹ ਤਥਾਕਥਿਤ ਘਟਨਾ ਸਾਲ 2000 ਵਿੱਚ ਮਿਊਜਿ਼ਕ ਫੈਸਟੀਵਲ ਵਿੱਚ ਹੋਈ ਸੀ ਜਿੱਥੇ ਐਵਲਾਂਸ਼ ਫਾਊਂਡੇਸ਼ਨ ਲਈ ਫੰਡ ਇੱਕਠੇ ਕੀਤੇ ਜਾ ਰਹੇ ਸਨ। ਇਸ ਚੈਰਿਟੀ ਨਾਲ ਟਰੂਡੋ ਇਸ ਲਈ ਵੀ ਜੁੜੇ ਸਨ ਕਿਉਂਕਿ 1998 ਵਿੱਚ ਉਨ੍ਹਾਂ ਦੇ ਭਰਾ ਮਾਈਕਲ ਦੀ ਐਵਲਾਂਸ਼ ਵਿੱਚ ਮੌਤ ਹੋ ਗਈ ਸੀ।
ਇਸ ਈਵੈਂਟ ਤੋਂ ਕੁੱਝ ਦਿਨ ਬਾਅਦ ਕ੍ਰੈਸਟਨ ਵੈਲੀ ਐਡਵਾਂਸ ਵਿੱਚ ਇੱਕ ਸੰਪਾਦਕੀ ਛਪੀ ਜਿਸ ਵਿੱਚ ਇਹ ਦੋਸ਼ ਲਾਏ ਗਏ ਕਿ ਟਰੂਡੋ ਨੇ ਇੱਕ ਅਣਪਛਾਤੀ ਮਹਿਲਾ ਰਿਪੋਰਟਰ ਨੂੰ ਜ਼ਬਰਦਸਤੀ ਛੂਹਣ ਤੋਂ ਬਾਅਦ ਉਸ ਤੋਂ ਮੁਆਫੀ ਮੰਗੀ। ਇਹ ਵੀ ਆਖਿਆ ਗਿਆ ਕਿ ਉਨ੍ਹਾਂ ਉਸ ਮਹਿਲਾ ਨੂੰ ਆਖਿਆ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਹ ਨੈਸ਼ਨਲ ਅਖਬਾਰ ਲਈ ਰਿਪੋਰਟਿੰਗ ਕਰ ਰਹੀ ਹੈ ਤਾਂ ਉਹ ਉਸ ਨੂੰ ਕਦੇ ਨਾ ਛੂੰਹਦੇ। ਪਿੱਛੇ ਜਿਹੇ ਉਹੀ ਸੰਪਾਦਕੀ ਇੱਕ ਵਾਰੀ ਮੁੜ ਸਾਹਮਣੇ ਆ ਗਈ ਤੇ ਇਨ੍ਹਾਂ ਦੋਸ਼ਾਂ ਸਬੰਧੀ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਿਆ ਜਾਣ ਲੱਗਿਆ।