ਕਿਸਾਨ ਅੰਦੋਲਨ ਅਤੇ ਅੰਨਾ ਹਜ਼ਾਰੇ ਦੇ ਸਬਕ

-ਡਾ. ਰਾਜਿੰਦਰ ਸਿੰਘ ਸੇਖੋਂ
ਕਿਰਤੀਆਂ ਤੇ ਕਰਮਚਾਰੀਆਂ ਵਾਂਗ ਕਿਸਾਨਾਂ ਨੇ ਵੀ ਸਰਕਾਰ ਨੂੰ ਮਜ਼ਬੂਰ ਕਰਨ ਲਈ ਲੋਕਾਂ ਨੂੰ ਤੰਗ ਕਰਨ ਵਾਲਾ ਤਰੀਕਾ ਚੁਣਿਆ। ਮਤਲਬ ਤੰਗ ਕਰਨ ਵਾਲੇ ਵੀ ਲੋਕ ਸਨ ਅਤੇ ਤੰਗ ਹੋਣ ਵਾਲੇ ਵੀ ਲੋਕ ਸਨ। ਸਰਕਾਰਾਂ ‘ਜੈ ਕਿਸਾਨ’ ਕਹਿੰਦੀਆਂ ਹਨ ਜਾਂ ਨਹੀਂ, ਇਹ ਤਾਂ ਮੌਕੇ ਉੱਤੇ ਪੈਦਾ ਹੋਏ ਹਾਲਾਤ ਹੀ ਦੱਸਦੇ ਹਨ।
ਜਦੋਂ ਵੀ ਸਮਾਜ ਦੇ ਕਿਸੇ ਵਰਗ ਵੱਲੋਂ ਕਿਸੇ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਜਾਂ ਹੜਤਾਲ ਕੀਤੀ ਜਾਂਦੀ ਹੈ ਤਾਂ ਇਸ ਨੂੰ ਆਮ ਲੋਕ ਵੇਖ ਰਹੇ ਹੁੰਦੇ ਹਨ। ਉਹ ਅੰਦੋਲਨ/ ਹੜਤਾਲ ਕਰਦੇ ਵਰਗ ਵਿੱਚ ਸ਼ਾਮਲ ਨਹੀਂ ਹੁੰਦੇ, ਪਰ ਉਨ੍ਹਾਂ ਦੀ ਅੰਦੋਲਨਕਾਰੀਆਂ ਪ੍ਰਤੀ ਇਕ ਰਾਏ ਜ਼ਰੂਰ ਬਣਦੀ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਇਸ ਰਾਏ ਨੂੰ ਬਣਾਉਣ ਵਿੱਚ ਹੋਰ ਯੋਗਦਾਨ ਪਾ ਰਿਹਾ ਹੈ। ਇਸ ਰਾਏ ਦਾ ਚੰਗਾ ਜਾਂ ਮਾੜਾ ਬਣਨਾ ਇਸ ਉਤੇ ਨਿਰਭਰ ਕਰਦਾ ਹੈ ਕਿ ਅੰਦੋਲਨਕਾਰੀ ਆਮ ਲੋਕਾਂ ਨਾਲ ਕਿਹੋ ਜਿਹਾ ਵਰਤਾਉ ਕਰਦੇ ਹਨ। ਜਦੋਂ ਰੇਲ ਜਾਂ ਚੱਕੇ ਜਾਮ ਕੀਤੇ ਜਾਂਦੇ ਹਨ, ਦੁੱਧ ਤੇ ਸਬਜ਼ੀਆਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇ ਤਾਂ ਆਮ ਲੋਕਾਂ ਦੇ ਮੂੰਹੋਂ ਨਿਕਲਦੀ ਇਹ ਆਵਾਜ਼ ਲਗਭਗ ਸਭ ਨੇ ਸੁਣੀ ਹੋਵੇਗੀ, ‘ਲੋਕਾਂ ਨੇ ਤੁਹਾਡਾ ਕੀ ਵਿਗਾੜਿਆ ਹੈ।’
ਦਸ ਰੋਜ਼ਾ ਕਿਸਾਨ ਹੜਤਾਲ ਦੇ ਵੀ ਦੋ ਰੂਪ ਵੇਖਣ ਨੂੰ ਮਿਲੇ ਹਨ। ਪਹਿਲੇ ਰੂਪ ਵਿੱਚ ਸ਼ਹਿਰਾਂ ਨੂੰ ਜਾਂਦੀਆਂ ਸੜਕਾਂ ਉਤੇ ਦੁੱਧ, ਫਲ ਸਬਜ਼ੀਆਂ ਦੀ ਸਪਲਾਈ ਰੋਕਣ ਲਈ ਪਹਿਰਾ ਦੇਣਾ, ਦੋਧੀਆਂ ਨੂੰ ਰੋਕਣਾ, ਉਨ੍ਹਾਂ ਦਾ ਦੁੱਧ ਫੜ ਕੇ ਸੜਕਾਂ ਉਤੇ ਡੋਲ੍ਹ ਦੇਣਾ, ਆਲੂਆਂ ਨੂੰ ਸੜਕਾਂ ਉਤੇ ਖਿਲਾਰ ਦੇਣਾ ਆਦਿ ਪੱਖ ਸ਼ਾਮਲ ਹਨ। ਕਿਸਾਨਾਂ ਦੀ ਹੜਤਾਲ ਦੇ ਇਸ ਭੈੜੇ ਪੱਖ ਕਰ ਕੇ ਕਿਸਾਨ ਯੂਨੀਅਨ ਨੂੰ ਇਹ ਹਦਾਇਤ ਕਰਨੀ ਪਈ ਕਿ ਕਿਸੇ ਵੀ ਕਿਸਾਨ ਦਾ ਦੁੱਧ ਨਾ ਡੋਲ੍ਹਿਆ ਜਾਵੇ ਤੇ ਨਾ ਸਬਜ਼ੀਆਂ ਖਿਲਾਰੀਆਂ ਜਾਣ, ਸਗੋਂ ਕਿਸਾਨਾਂ ਨੂੰ ਸਮਝਾ ਕੇ ਵਾਪਸ ਮੋੜ ਦਿੱਤਾ ਜਾਵੇ ਜਾਂ ਇਹ ਵਸਤਾਂ ਗੁਰੂ ਘਰਾਂ/ ਗਰੀਬਾਂ ਨੂੰ ਵੰਡ ਦਿੱਤੀਆਂ ਜਾਣ। ਕਿਸਾਨ ਅੰਦੋਲਨ ਦੇ ਦੂਜੇ ਰੂਪ ਵਿੱਚ ਦੁੱਧ ਸਬਜ਼ੀਆਂ ਵੇਚਣ ਜਾਂਦੇ ਕਿਸਾਨਾਂ ਨੂੰ ਇਕ ਵਾਰ ਜਾਣ ਦਿੱਤਾ ਗਿਆ, ਪਰ ਅੱਗੇ ਲਈ ਹੜਤਾਲ ਵਿੱਚ ਸਹਿਯੋਗ ਲਈ ਤਾੜਨਾ ਕੀਤੀ ਗਈ। ਦੁੱਧ ਸਬਜ਼ੀ ਦੇ ਸਟਾਲ ਪਿੰਡਾਂ ਵਿੱਚ ਲਾਏ ਗਏ। ਦੁੱਧ ਦੀ ਵਰਤੋਂ ਗਰੀਬਾਂ ਨੂੰ ਵੰਡਣ ਜਾਂ ਛਬੀਲਾਂ ਵਿੱਚ ਕੀਤੀ ਗਈ। ਅੰਦੋਲਨ ਦੇ ਇਨ੍ਹਾਂ ਦੋਵੇਂ ਰੂਪਾਂ ਤੋਂ ਸਾਫ ਹੈ ਕਿ ਹਰ ਚੰਗੇ ਤੋਂ ਚੰਗਾ ਅੰਦੋਲਨ ਕੁਰਾਹੇ ਪੈ ਸਕਦਾ ਹੈ। ਹਰਿਆਣਾ ਦਾ ‘ਜਾਟ ਅੰਦੋਲਨ’ ਇਸ ਦੀ ਢੁੱਕਵੀਂ ਮਿਸਾਲ ਹੈ।
ਇਕ ਪਾਸੇ ਪੰਜਾਬ ਦਾ ਇਹ ਕਿਸਾਨ ਅੰਦੋਲਨ ਤੇ ਹਰਿਆਣਾ ਦਾ ਜਾਟ ਅੰਦੋਲਨ ਹੈ ਤੇ ਦੂਜੇ ਪਾਸੇ ਬਜ਼ੁਰਗ ਆਗੂ ਅੰਨਾ ਹਜ਼ਾਰੇ ਅਤੇ ਉਸ ਦੇ ਸਾਥੀਆਂ ਵੱਲੋਂ ਲੋਕਪਾਲ ਬਿੱਲ ਨੂੰ ਲਾਗੂ ਕਰਾਉਣ ਲਈ ਦਿੱਲੀ, ਮੁੰਬਈ ਤੇ ਰਾਲੇਗਾਂਉਂ ਸਿੱਧੀ ਵਿੱਚ ਕੀਤੇ ਗਏ ਅੰਦੋਲਨ ਹਨ। ਵੇਲੇ ਦੀ ਸਰਕਾਰ ਵੱਲੋਂ ਇਸ ਅੰਦੋਲਨ ਨੂੰ ਅਸਫਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ। ਓਪਰੀ ਨਜ਼ਰੇ ਵੇਖਿਆਂ ਇਹ ਇਕ ਸਾਧਾਰਨ ਅੰਦੋਲਨ ਲੱਗਦਾ ਸੀ, ਪਰ ਜੇ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਇਸ ਦੇਸ਼ ਦੇ ਆਮ ਲੋਕਾਂ, ਦੂਜੀਆਂ ਅੰਦੋਲਨਕਾਰੀਆਂ ਜਥੇਬੰਦੀਆਂ ਤੇ ਦੇਸ਼ ਦੀ ਸਰਕਾਰ ਨੂੰ ਕਈ ਸਬਕ ਸਿਖਾ ਕੇ ਗਿਆ। ਇਹ ਅਜਿਹੀ ਲਹਿਰ ਸੀ, ਜੋ ਕੁਝ ਕੁ ਦਿਨ ਚੱਲੀ, ਪਰ ਇਸ ਦਾ ਅਸਰ ਸੜਕ ਤੋਂ ਪਾਰਲੀਮੈਂਟ ਤੱਕ ਵੇਖਿਆ ਗਿਆ। ਇਸ ਦਾ ਉਦੇਸ਼ ਬੇਸ਼ੱਕ ਲੋਕਪਾਲ ਬਿੱਲ ਸੀ, ਪਰ ਅੰਦਰਖਾਤੇ ਇਹ ਅੰਦੋਲਨ ਲੋਕਾਂ ਦੇ ਦਿਲਾਂ ਵਿੱਚ ਸਿਸਟਮ ਪ੍ਰਤੀ ਰੋਸ ਨੂੰ ਪ੍ਰਗਟ ਕਰਦਾ ਸੀ। ਇਸ ਨੇ ਆਮ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਨਹੀਂ, ਉਨ੍ਹਾਂ ਦੀਆਂ ਸ਼ਕਤੀਆਂ ਤੋਂ ਵੀ ਜਾਣੂ ਕਰਾਇਆ। ਇਸ ਅੰਦੋਲਨ ਰਾਹੀਂ ਦੇਸ਼ ਦੀ ਜਨਤਾ ਵੱਲੋਂ ਸਰਕਾਰ ਨੂੰ ਇਹ ਸੁਨੇਹਾ ਗਿਆ ਕਿ ਸਰਕਾਰ ਸਰਬ ਉਚ ਨਹੀਂ, ਪਾਰਲੀਮੈਂਟ ਵੀ ਸਰਬ ਉਚ ਨਹੀਂ, ਦੇਸ਼ ਦੀ ਜਨਤਾ ਸਰਬ ਉਚ ਹੈ। ਇਸ ਨੇ ਦੇਸ਼ ਦੀ ਜਨਤਾ ਨੂੰ ਜਗਾਇਆ ਤੇ ਸਰਕਾਰ ਨੂੰ ਇਹ ਸੁਨੇਹਾ ਪੁੱਜਦਾ ਕੀਤਾ ਕਿ ਕਾਨੂੰਨ ਬਣਾਉਣ ਦਾ ਹੱਕ ਕੇਵਲ ਸਰਕਾਰ ਕੋਲ ਨਹੀਂ, ਦੇਸ਼ ਦੇ ਲੋਕ ਵੀ ਕਿਸੇ ਕਾਨੂੰਨ ਦੀ ਮੰਗ ਕਰ ਸਕਦੇ ਹਨ। ਲੋਕਾਂ ਨੂੰ ਕਾਨੂੰਨ ਦੀ ਮੰਗ ਕਰਨ ਦਾ ਵੀ ਅਧਿਕਾਰ ਹੈ। ਵੈਸੇ ਵੀ ਪਾਰਲੀਮੈਂਟ ਵਿੱਚ ਬੈਠੇ ਕੁਝ ਕੁ ਮੈਂਬਰ, ਜੋ ਕੁਝ ਪ੍ਰਤੀਸ਼ਤ ਵੋਟਾਂ ਦੇ ਅੰਤਰ ਨਾਲ ਜਿੱਤ ਕੇ ਆਏ ਹੁੰਦੇ ਹਨ, ਕਰੋੜਾਂ ਲੋਕਾਂ ਤੋਂ ਸਰਬ ਉਚ ਕਿਵੇਂ ਹੋ ਸਕਦੇ ਹਨ।
ਭਾਰਤ ਵਿੱਚ ਅੱਜ ਤੱਕ ਬਹੁਤ ਸਾਰੇ ਕਾਨੂੰਨ ਬਣੇ ਹਨ, ਪਰ ਇਨ੍ਹਾਂ ਵਿੱਚੋਂ ਕਿਸੇ ਇਕ ਨਾਲ ਵੀ ਆਮ ਲੋਕਾਂ ਦੇ ਹੱਥ ਵਿੱਚ ਤਾਕਤ ਨਹੀਂ ਆਈ। ਇਕੱਲੇ ‘ਸੂਚਨਾ ਅਧਿਕਾਰ ਕਾਨੂੰਨ’ ਨਾਲ ਲੋਕਾਂ ਦੇ ਹੱਥ ਵਿੱਚ ਸੂਚਨਾ ਦੀ ਅਜਿਹੀ ਤਾਕਤ ਆ ਗਈ, ਜਿਸ ਤੋਂ ਵੱਡੇ-ਵੱਡੇ ਅਧਿਕਾਰੀ ਆਪਣੇ ਗੁੱਝੇ ਭੇਤ ਜ਼ਾਹਰ ਹੋਣ ਤੋਂ ਡਰਦੇ ਹਨ। ਇਨ੍ਹਾਂ ਅੰਦੋਲਨਾਂ ਨੇ ਦੇਸ਼ ਦੇ ਲੋਕਾਂ ਨੂੰ ਵੋਟ ਦੀ ਅਹਿਮੀਅਤ ਸਮਝਾਈ ਹੈ। ਵੋਟ ਨਾ ਪਾਉਣਾ ਕਿਸੇ ਸਮੱਸਿਆ ਦਾ ਹੱਲ ਨਹੀਂ। ਇਸ ਨੇ ਲੋਕਾਂ ਦੀ ਇਹ ਚੇਤਨਾ ਜਗਾਈ ਕਿ ਲੋਕਤੰਤਰ ਦਾ ਮਤਲਬ ਕੇਵਲ ਪੰਜ ਸਾਲਾਂ ਪਿੱਛੋਂ ਇਕ ਵੋਟ ਪਾ ਦੇਣਾ ਹੀ ਨਹੀਂ, ਲੋਕਾਂ ਨੂੰ ਲੋਕਤੰਤਰ ਵਿੱਚ ਅਹਿਮ ਭੂਮਿਕਾ ਨਿਭਾਉਣੀ ਪਵੇਗੀ। ਲੋਕਤੰਤਰ ਨਾਗਰਿਕਾਂ ਨਾਲ ਨਹੀਂ, ਜਾਗਰੂਕ ਨਾਗਰਿਕਾਂ ਨਾਲ ਚੱਲਦਾ ਹੈ।
ਇਸ ਨੇ ਇਹ ਵੀ ਦਿਖਾਇਆ ਕਿ ਆਦਰਸ਼ ਜਨ ਅੰਦੋਲਨ ਕਿੱਦਾਂ ਦਾ ਹੋਣਾ ਚਾਹੀਦਾ ਹੈ। ਆਦਰਸ਼ ਅੰਦੋਲਨ ਉਹ ਹੁੰਦਾ ਹੈ, ਜਿਸ ਵਿੱਚ ਲੋਕਾਂ ਦੀ ਵੱਡੀ ਭਾਗੀਦਾਰੀ ਹੋਵੇ, ਪਰ ਦੇਸ਼ ਦੇ ਆਮ ਲੋਕਾਂ ਨੂੰ ਮਿਲਣ ਵਾਲੀਆਂ ਲੋਕ ਸਹੂਲਤਾਂ ਵਿੱਚ ਰੁਕਾਵਟ ਨਾ ਆਵੇ। ਜਨਤਕ ਜਾਨ ਮਾਲ ਨੂੰ ਨੁਕਸਾਨ ਨਾ ਹੋਵੇ। ਅੰਦੋਲਨ ਵਿੱਚ ਸ਼ਾਮਲ ਨਾ ਹੋਣ ਵਾਲੇ ਲੋਕਾਂ ਦੀ ਹਮਦਰਦੀ ਤੁਹਾਡੇ ਨਾਲ ਹੋਵੇ। ਜਦੋਂ ਅੰਦੋਲਨ ਅਹਿੰਸਕ ਹੁੰਦਾ ਹੈ ਤਾਂ ਇਹ ਰਾਜ ਲਈ ਖਤਰਾ ਨਹੀਂ ਹੁੰਦਾ, ਸਰਕਾਰ ਲਈ ਖਤਰਾ ਹੁੰਦਾ ਹੈ। ਜਦੋਂ ਰਾਜ ਦੀ ਪ੍ਰਭੂਸੱਤਾ ਨੂੰ ਖਤਰਾ ਹੋਵੇ ਤਾਂ ਉਹ ਅੰਦੋਲਨਕਾਰੀਆਂ ਵਿਰੁੱਧ ਫੌਜੀ ਅਤੇ ਕਾਨੂੰਨੀ ਕਾਰਵਾਈ ਕਰ ਸਕਦਾ ਹੈ, ਪਰ ਜਦੋਂ ਅੰਦੋਲਨ ਅਹਿੰਸਕ ਹੋਵੇ ਤਾਂ ਲੋਕਾਂ ਨੂੰ ਇਹ ਸੰਦੇਸ ਪਹਿਲਾਂ ਹੀ ਪਹੁੰਚ ਜਾਂਦਾ ਹੈ ਕਿ ਇਹ ਅੰਦੋਲਨ ਸਟੇਟ ਵਿਰੋਧੀ ਨਹੀਂ, ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਦੀ ਮਜਬੂਰੀ ਵਿੱਚ ਕੀਤਾ ਜਾ ਰਿਹਾ ਹੈ। ਇਸ ਨਾਲ ਲੋਕਾਂ ਦੀ ਲੋਕਤੰਤਰੀ ਹਮਦਰਦੀ ਤੁਹਾਡੇ ਨਾਲ ਹੋ ਜਾਂਦੀ ਤੇ ਅੰਦੋਲਨ ਵਿਆਪਕ ਹੋ ਜਾਂਦਾ ਹੈ। ਅੰਨਾ ਅੰਦੋਲਨ ਨੇ ਦੇਸ਼ ਦੇ ਲੋਕਾਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਦਾ ਵਿਕਾਸ ਕੀਤਾ ਹੈ।
ਭਾਰਤ ਵਿੱਚ ਵੱਖੋ-ਵੱਖ ਥਾਵਾਂ ‘ਤੇ ਰਾਜ ਪੱਧਰ ਜਾਂ ਰਾਸ਼ਟਰੀ ਪੱਧਰ ਉਤੇ ਅੰਦੋਲਨ ਰੋਜ਼ਾਨਾ ਹੁੰਦੇ ਰਹਿੰਦੇ ਹਨ, ਪਰ ਉਹ ਲੋਕਾਂ ਦਾ ਧਿਆਨ ਇਸ ਕਰਕੇ ਨਹੀਂ ਖਿੱਚਦੇ ਕਿ ਉਨ੍ਹਾਂ ਅੰਦੋਲਨਾਂ ਵਿੱਚ ਉਹ ਗੁਣ ਨਹੀਂ ਹੁੰਦੇ, ਜੋ ਅੰਨਾ ਦੇ ਅੰਦੋਲਨ ਵਿੱਚ ਵੇਖਣ ਨੂੰ ਸਨ। ਨਿਸ਼ਚੇ ਹੀ ਕਿਰਤੀਆਂ, ਕਾਮਿਆਂ, ਕਿਸਾਨਾਂ, ਕਾਰੀਗਰਾਂ ਤੇ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੂੰ ਅੰਨਾ ਅੰਦੋਲਨ ਤੋਂ ਸਬਕ ਸਿੱਖਣ ਦੀ ਲੋੜ ਹੈ। ਸੜਕਾਂ ਜਾਂ ਚੱਕੇ ਜਾਮ ਕਰਨ ਨਾਲ ਲੋਕ ਦੁਖੀ ਹੁੰਦੇ ਹਨ, ਸਰਕਾਰ ਨਹੀਂ। ਜਨ ਅੰਦੋਲਨ ਦਾ ਉਦੇਸ਼ ਸਰਕਾਰ ਨੂੰ ਤੰਗ ਕਰਨਾ ਹੋਣਾ ਚਾਹੀਦਾ ਹੈ, ਲੋਕਾਂ ਨੂੰ ਨਹੀਂ। ਜਨ ਅੰਦੋਲਨ ਕੁਝ ਆਦਰਸ਼ ਗੁਣਾਂ ਦੀ ਮੰਗ ਕਰਦਾ ਹੈ, ਜੋ ਕੇਵਲ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਵੇਖਣ ਨੂੰ ਮਿਲੇ ਹਨ। ਅੰਨਾ ਦੇ ਅੰਦੋਲਨਾਂ ਤੋਂ ਕਿਸਾਨਾਂ, ਕਰਮਚਾਰੀਆਂ ਅਤੇ ਸਭ ਤਰ੍ਹਾਂ ਦੇ ਅੰਦੋਲਨਕਾਰੀਆਂ ਨੂੰ ਇਹੋ ਸਬਕ ਸਿੱਖਣ ਦੀ ਲੋੜ ਹੈ।