ਕਿਸ਼ਤੀ ਡੁੱਬਣ ਕਾਰਨ 4 ਜਣਿਆਂ ਦੀ ਮੌਤ


ਪਟਨਾ, 31 ਜਨਵਰੀ (ਪੋਸਟ ਬਿਊਰੋ)- ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਬੁੱਧਵਾਰ ਹੋਏ ਇਕ ਕਿਸ਼ਤੀ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਨੇ ਤਰ ਕੇ ਜਾਨ ਬਚਾਈ।
ਮਿਲੀ ਜਾਣਕਾਰੀ ਅਨੁਸਾਰ ਇਸ ਕਿਸ਼ਤੀ ਉੱਤੇ ਕਰੀਬ 15 ਲੋਕ ਸਨ, ਪਰ ਪ੍ਰਸ਼ਾਸਨ ਨੇ 9 ਲੋਕਾਂ ਦੇ ਸਵਾਰ ਹੋਣ ਅਤੇ 2 ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਹਾਦਸਾ ਮਾਘੀ ਪੂਰਨਿਮਾ ਦੇ ਇਸ਼ਨਾਨ ਮੌਕੇ ਹੋਇਆ। ਪੂਰਨਿਮਾ ਇਸ਼ਨਾਨ ਲਈ ਪਟਨਾ ਸਮੇਤ ਬਿਹਾਰ ਦੇ ਹੋਰ ਘਾਟਾਂ ਉੱਤੇ ਵੀ ਲੋਕਾਂ ਦੀ ਭਾਰੀ ਭੀੜ ਸੀ। ਪਤਾ ਲੱਗਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਮਾਘ ਪੂਰਨਿਮਾ ਮੌਕੇ ਗੰਗਾ ਇਸ਼ਨਾਨ ਕਰ ਕੇ ਮਸਤਾਨਾ ਘਾਟ ਪੁੱਜੇ ਤੇ ਛੋਟੀ ਜਿਹੀ ਕਿਸ਼ਤੀ ਉੱਤੇ ਸਵਾਰ ਹੋ ਕੇ ਗੰਗਾ ਦੇ ਦੂਸਰੇ ਪਾਰ ਗਏ ਸਨ। ਵਾਪਸੀ ਵੇਲੇ ਕਿਸ਼ਤੀ ਨਦੀ ਵਿੱਚ ਪਲਟ ਗਈ। ਜਿਸ ਘਾਟ ਉੱਤੇ ਹਾਦਸਾ ਹੋਇਆ ਹੈ, ਉੱਥੇ ਲੋਕਾਂ ਦੀ ਭੀੜ ਸੀ। ਪਿਛਲੇ ਸਾਲ ਵੀ ਅਕਤੂਬਰ ਵਿੱਚ ਇਸੇ ਘਾਟ ਉੱਤੇ 8 ਬੱਚੇ ਡੁੱਬ ਗਏ ਸਨ।
ਇਸ ਘਟਨਾ ਦੇ ਤਿੰਨ ਘੰਟੇ ਬਾਅਦ ਜ਼ਿਲਾ ਪ੍ਰਸ਼ਾਸਨ ਦਾ ਪੱਖ ਸਾਹਮਣੇ ਆਇਆ। ਪਟਨਾ ਦੇ ਜਿ਼ਲਾ ਮੈਜਿਸਟਰੇਟ ਕੁਮਾਰ ਰਵੀ ਅਨੁਸਾਰ ਕਿਸ਼ਤੀ ਵਿੱਚ 9 ਲੋਕ ਸਵਾਰ ਸਨ। ਇਸ ਵਿੱਚੋਂ 2 ਪੁਰਸ਼ ਤੇ ਇਕ ਔਰਤ ਤਰ ਕੇ ਬਾਹਰ ਨਿਕਲ ਆਏ। ਫਿਲਹਾਲ 2 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ।