ਕਿਸਮਤ

-ਸੁਰਿੰਦਰ ਮਾਣੂਕੇ ਗਿੱਲ
ਵਾਰ ਵਾਰ ਕੋਸ਼ਿਸ਼ ਕਰਨ ਉਤੇ ਉਹ ਅਸਫਲ ਹੋ ਰਿਹਾ ਸੀ। ਹੁਣ ਉਹ ਬਿਲਕੁਲ ਨਿਰਾਸ਼ ਹੋ ਚੁੱਕਾ ਸੀ। ਇਸ ਕਾਰਨ ਉਹ ਕਿਸਮਤ ਨੂੰ ਮੰਨਣ ਲੱਗ ਪਿਆ ਅਤੇ ਕਿਸਮਤ ਨੂੰ ਜਗਾਉਣ ਲਈ ਉਹ ਪੰਡਤ ਜੋਤਸ਼ੀਆਂ ਦੇ ਚੱਕਰਾਂ ਵਿੱਚ ਪੈ ਚੁੱਕਾ ਸੀ। ਇੱਕ ਵਾਰ ਉਸ ਨੂੰ ਕਿਸੇ ਪੰਡਤ ਨੇ ਕਿਹਾ ਕਿ ਜੇ ਕੋਈ ਚੀਜ਼ ਉਸ ਦੀ ਕਿਸਮਤ ਵਿੱਚ ਲਿਖੀ ਹੈ ਤਾਂ ਉਸ ਨੂੰ ਜ਼ਰੂਰ ਮਿਲੇਗੀ। ਇਸ ਗੱਲ ਨੂੰ ਸੁਣ ਕੇ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਜੇ ਉਸ ਨੂੰ ਕਿਸਮਤ ਵਿੱਚ ਲਿਖਿਆ ਹੀ ਕੁਝ ਮਿਲਣਾ ਹੈ, ਫਿਰ ਉਸ ਲਈ ਕੋਸ਼ਿਸ਼ ਕਰਨ ਦਾ ਕੀ ਫਾਇਦਾ?
ਇਸ ਤਰ੍ਹਾਂ ਕਰਦਿਆਂ ਕਰਦਿਆਂ ਕਾਫੀ ਸਮਾਂ ਲੰਘ ਚੁੱਕਾ ਸੀ। ਹੁਣ ਉਸ ਦੀ ਉਮਰ ਕਾਫੀ ਹੋ ਚੁੱਕੀ ਸੀ, ਜਿਹੜੀ ਨੌਕਰੀ ਲੈਣ ਦੀ ਸ਼ਰਤ ਵਜੋਂ ਪਾਰ ਹੋਣ ਵਾਲੀ ਸੀ। ਇੱਕ ਦਿਨ ਉਹ ਨੌਕਰੀਆਂ ਦੇ ਇਸ਼ਤਿਹਾਰ ਵੇਖਣ ਨੂੰ ਅਖਬਾਰ ਪੜ੍ਹ ਰਿਹਾ ਸੀ। ਅਖਬਾਰ ਪੜ੍ਹਦਿਆਂ-ਪੜ੍ਹਦਿਆਂ ਉਸ ਦੀ ਨਿਗ੍ਹਾ ਅਖਬਾਰ ਦੇ ਇੱਕ ਕੋਨੇ ਉੱਤੇ ਪਈ, ਜਿਸ ਉਤੇ ਚੰਦਰਗੁਪਤ ਮੌਰੀਆ ਅਤੇ ਚਾਣਕਿਆ ਦਾ ਆਪਸੀ ਵਾਰਤਾਲਾਪ ਲਿਖਿਆ ਹੋਇਆ ਸੀ।
ਇਸ ਵਾਰਤਾਲਾਪ ਵਿੱਚ ਚੰਦਰਗੁਪਤ ਮੌਰੀਆ ਓਥੇ ਚਾਣਕਿਆ ਨੂੰ ਕਹਿ ਰਿਹਾ ਹੈ ਕਿ “ਜੇ ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੋਵੇ ਤਾਂ ਕੋਸ਼ਿਸ਼ ਕਰ ਕੇ ਕੀ ਮਿਲੇਗਾ?”
ਜਵਾਬ ਵਿੱਚ ਚਾਣਕਿਆ ਨੇ ਕਿਹਾ ਕਿ “ਕੀ ਪਤਾ ਕਿਸਮਤ ਵਿੱਚ ਇਹ ਲਿਖਿਆ ਹੋਵੇ ਕਿ ਕੋਸ਼ਿਸ਼ ਕਰਨ ਨਾਲ ਹੀ ਮਿਲੇਗਾ।” ਅਜਿਹਾ ਪੜ੍ਹ ਕੇ ਉਸ ਨੂੰ ਪੰਡਤਾਂ ਜੋਤਸ਼ੀਆਂ ਤੇ ਨਹੀਂ, ਸਗੋਂ ਆਪਣੇ ਆਪ ਉਤੇ ਗੁੱਸਾ ਆ ਰਿਹਾ ਸੀ, ਕਿਉਂਕਿ ਇਸ ਲਈ ਉਹ ਆਪ ਜ਼ਿੰਮੇਵਾਰ ਸੀ। ਉਸ ਕੋਲ ਅਜੇ ਵੀ ਕੁਝ ਕਰਨ ਲਈ ਸਮਾਂ ਸੀ। ਉਸ ਨੇ ਆਪਣਾ ਗੁੱਸਾ ਸ਼ਾਂਤ ਕੀਤਾ ਅਤੇ ਕੋਸ਼ਿਸ਼ ਜਾਰੀ ਰੱਖਣ ਦਾ ਦਿ੍ਰੜ ਇਰਾਦਾ ਕਰ ਲਿਆ ਸੀ।