ਕਿਸ਼ਨਗੰਗਾ ਪ੍ਰਾਜੈਕਟ ਬਾਰੇ ਪਾਕਿਸਤਾਨ ਫਿਰ ਵਿਸ਼ਵ ਬੈਂਕ ਕੋਲ ਪੁੱਜਾ


ਇਸਲਾਮਾਬਾਦ, 6 ਅਪ੍ਰੈਲ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਬਣਾਏ ਜਾ ਰਹੇ ਕਿਸ਼ਨਗੰਗਾ ਪ੍ਰਾਜੈਕਟ ਦੇ ਖਿਲਾਫ ਇੱਕ ਵਾਰ ਫਿਰ ਪਾਕਿਸਤਾਨ ਨੇ ਵਿਸ਼ਵ ਬੈਂਕ ਨੂੰ ਪਹੁੰਚ ਕੀਤੀ ਤੇ ਕਿਹਾ ਹੈ ਕਿ ਭਾਰਤ ਇਹ ਹਾਈਡਰੋ ਪਾਵਰ ਪ੍ਰਾਜੈਕਟ ਪੂਰਾ ਕਰਨ ਜਾ ਰਿਹਾ ਹੈ ਤੇ ਸਿੰਧੂ ਜਲ ਸਮਝੌਤੇ ਮੁਤਾਬਕ ਵਿਸ਼ਵ ਬੈਂਕ ਭਾਰਤ ਦੀ ਜ਼ਿੰਮੇਵਾਰੀ ਤੈਅ ਕਰੇ।
ਪਾਕਿਸਤਾਨ ਇਸ ਲਈ ਵਿਸ਼ਵ ਬੈਂਕ ਕੋਲ ਪੁੱਜਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਾਣੀਆਂ ਦੇ ਸਮਝੌਤੇ ਲਈ ਵਿਸ਼ਵ ਬੈਂਕ ਵਿਚੋਲੇ ਦਾ ਕੰਮ ਕਰ ਰਿਹਾ ਹੈ। ਜੰਮੂ ਕਸ਼ਮੀਰ ਦੇ ਰੈਟਲ ਪ੍ਰਾਜੈਕਟ ਬਾਰੇ ਵੀ ਪਾਕਿਸਤਾਨ ਨੇ ਵਿਸ਼ਵ ਬੈਂਕ ਨਾਲ ਗੱਲ ਕੀਤੀ ਹੈ। ਪੱਕਲ ਡੱਲ (1000 ਮੈਗਾਵਾਟ), ਰੈਟਲ (850 ਮੈਗਾਵਾਟ), ਕਿਸ਼ਨਗੰਗਾ (330 ਮੈਗਾਵਾਟ), ਮਿਆਰ (120 ਮੈਗਾਵਾਟ) ਤੇ ਲੋਅਰ ਕਾਲਨਾਈ (48 ਮੈਗਾਵਾਟ) ਦੇ ਪ੍ਰਾਜੈਕਟਾਂ ਦੇ ਡਿਜ਼ਾਈਨ ਬਾਰੇ ਵੀ ਪਾਕਿਸਤਾਨ ਪਰੇਸ਼ਾਨ ਹੈ, ਕਿਉਂਕਿ ਇਹ ਸਾਰੇ ਪ੍ਰਾਜੈਕਟ ਸਿੰਧੂ ਜਲ ਸਮਝੌਤੇ ਵਾਲੇ ਖੇਤਰਾਂ ਵਿੱਚ ਹਨ। ਭਾਰਤ ਦੇ ਊਰਜਾ ਮੰਤਰਾਲੇ ਦੇ ਪਾਵਰ ਡਿਵੀਜ਼ਨ ਨੇ ਇਸ ਹਫਤੇ ਦੇ ਸ਼ੁਰੂ ‘ਚ ਸੰਦੇਸ਼ ਭੇਜ ਕੇ ਵਿਸ਼ਵ ਬੈਂਕ ਦੇ ਉਪ ਪ੍ਰਧਾਨ ਨੂੰ ਦੱਸਿਆ ਸੀ ਕਿ ਭਾਰਤ 1960 ਦੇ ਪਾਣੀਆਂ ਦੇ ਸਮਝੌਤੇ ਅਨੁਸਾਰ ਹੀ ਇਨ੍ਹਾਂ ਪ੍ਰਾਜੈਕਟਾਂ ਨੂੰ ਤਿਆਰ ਕਰ ਰਿਹਾ ਹੈ। ਪਾਕਿਸਤਾਨ ਨੂੰ ਨੀਲਮ ਨਦੀ ‘ਤੇ ਬਣ ਰਹੇ ਕਿਸ਼ਨਗੰਗਾ ਪ੍ਰਾਜੈਕਟ ਅਤੇ ਚਨਾਬ ਨਦੀ ‘ਤੇ ਬਣ ਰਹੇ ਰੈਟਲ ਪ੍ਰਾਜੈਕਟ ‘ਤੇ ਇਤਰਾਜ਼ ਹੈ।
ਵਿਸ਼ਵ ਬੈਂਕ ਨੇ ਪਿਛਲੇ ਸਾਲ ਕਿਸ਼ਨਗੰਗਾ ਪ੍ਰਾਜੈਕਟ ‘ਤੇ ਰੋਕ ਲਾ ਕੇ ਉਦੋਂ ਤੱਕ ਇਸ ਪ੍ਰਾਜੈਕਟ ਨੂੰ ਪੂਰਾ ਨਾ ਕਰਨ ਲਈ ਕਿਹਾ ਸੀ ਜਦੋਂ ਤੱਕ ਕਿਸੇ ਨਿਰਪੱਖ ਮਾਹਰ ਦੀ ਨਿਯੁਕਤੀ ਨਾ ਕੀਤੀ ਜਾਵੇ। ਇਸ ਪਿੱਛੋਂ ਵਿਸ਼ਵ ਬੈਂਕ ਦੋਵਾਂ ਦੇਸ਼ਾਂ ਵਿਚਕਾਰ ਦੋ ਵਾਰ ਮੀਟਿੰਗ ਕਰਵਾ ਚੁੱਕਾ ਹੈ। ਸਿੰਧੂ ਜਲ ਸਮਝੌਤੇ ਅਨੁਸਾਰ ਪੂਰਬੀ ਨਦੀਆਂ ਸਤਲੁਜ, ਬਿਆਸ ਤੇ ਰਾਵੀ ਦਾ ਪਾਣੀ ਭਾਰਤ ਨੂੰ ਤੇ ਪੱਛਮੀ ਨਦੀਆਂ ਸਿੰਧੂ, ਜੇਹਲਮ ਅਤੇ ਚਨਾਬ ਦਾ ਪਾਣੀ ਪਾਕਿਸਤਾਨ ਨੂੰ ਦੇਣਾ ਤੈਅ ਹੋਇਆ ਹੈ।