ਕਿਰਾਏਦਾਰਾਂ ਤੇ ਘਰ ਖਰੀਦਣ ਵਾਲਿਆਂ ਦੀ ਹੋ ਰਹੀ ਲੁੱਟ ਰੋਕਣ ਲਈ ਵਿੰਨ ਸਰਕਾਰ ਲਿਆ ਰਹੀ ਹੈ ਨਵੀਂ ਯੋਜਨਾ

wynes plan
ਓਨਟਾਰੀਓ, 20 ਅਪਰੈਲ (ਪੋਸਟ ਬਿਊਰੋ) : ਪ੍ਰੀਮੀਅਰ ਕੈਥਲੀਨ ਵਿੰਨ ਵੱਲੋਂ ਕਿਰਾਏਦਾਰਾਂ ਨੂੰ ਹੱਦੋਂ ਵੱਧ ਰਹੇ ਕਿਰਾਇਆਂ ਤੋਂ ਬਚਾਉਣ ਤੇ ਘਰ ਖਰੀਦਣ ਦੇ ਚਾਹਵਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਵਿੰਨ ਵੱਲੋਂ ਵਿਦੇਸ਼ੀ ਖਰੀਦਦਾਰਾਂ ਉੱਤੇ 15 ਫੀ ਸਦੀ ਟੈਕਸ, ਜੋ ਕਿ ਗੈਰ ਰਿਹਾਇਸ਼ੀ ਟੈਕਸ ਹੋਵੇਗਾ, ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅਜਿਹਾ ਓਨਟਾਰੀਓ ਦੀ ਆਸਮਾਨ ਛੂਹ ਰਹੀ ਰੀਅਲ ਅਸਟੇਟ ਮਾਰਕਿਟ ਨੂੰ ਠੱਲ੍ਹ ਪਾਉਣ ਲਈ ਕੀਤਾ ਜਾ ਰਿਹਾ ਹੈ। ਬੈਂਕ ਆਫ ਕੈਨੇਡਾ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਮਾਰਕਿਟ ਵਿੱਚ ਇਸ ਤਰ੍ਹਾਂ ਦਾ ਉਛਾਲ ਅਸੁਰੱਖਿਅਤ ਹੈ।
ਇਹ ਟੈਕਸ ਬ੍ਰਿਟਿਸ਼ ਕੋਲੰਬੀਆ ਵੱਲੋਂ ਵੈਨਕੂਵਰ ਵਿੱਚ ਇਸੇ ਸਮੱਸਿਆ ਦੇ ਅਪਣਾਏ ਗਏ ਹੱਲ ਉੱਤੇ ਹੀ ਅਧਾਰਤ ਹੈ। ਇਹ ਟੈਕਸ ਉਸ ਜ਼ਮੀਨ ਨੂੰ ਟਰਾਂਸਫਰ ਕਰਨ ਉੱਤੇ ਲਾਇਆ ਜਾਵੇਗਾ ਜਿਸ ਉੱਤੇ ਘੱਟੋ ਘੱਟ ਇੱਕ ਤੇ ਛੇ ਸਿੰਗਲ ਪਰਿਵਾਰਕ ਰਿਹਾਇਸ਼ਾਂ ਹੋਣਗੀਆਂ। ਇਸ ਦਾ ਅਸਰ ਉਨ੍ਹਾਂ ਖਰੀਦਦਾਰਾਂ ਉੱਤੇ ਵੀ ਪਵੇਗਾ ਜਿਹੜੇ ਇੱਥੋਂ ਦੇ ਨਾਗਰਿਕ ਜਾਂ ਪੱਕੇ ਵਾਸੀ ਨਹੀਂ ਹੋਣਗੇ ਤੇ ਵਿਦੇਸ਼ੀ ਕਾਰਪੋਰੇਸ਼ਨਾਂ ਉੱਤੇ ਵੀ ਇਸ ਦਾ ਅਸਰ ਪਵੇਗਾ।
ਗ੍ਰੇਟਰ ਗੋਲਡਨ ਹੌਰਸਸ਼ੂਅ-ਜਿਸ ਵਿੱਚ ਗ੍ਰੇਟਰ ਟੋਰਾਂਟੋ ਤੇ ਹੈਮਿਲਟਨ ਏਰੀਆ, ਨਾਇਗਰਾ, ਬ੍ਰੈਂਟ, ਹੈਲਡੀਮਾਂਡ, ਕਿਚਨਰ, ਵਾਟਰਲੂ, ਬੈਰੀ, ਓਰੀਲੀਆ ਤੇ ਪੀਟਰਬੌਰੋ ਸ਼ਾਮਲ ਹਨ, ਵਿੱਚ ਹੋਣ ਵਾਲੀਆਂ ਸਾਰੀਆਂ ਰਿਹਾਇਸ਼ੀ ਲੈਣ-ਦੇਣ ਉੱਤੇ ਹੋਵੇਗਾ। ਵਿੰਨ ਨੇ ਵੀਰਵਾਰ ਨੂੰ ਲਿਬਰਟੀ ਵਿਲੇਜ ਵਿੱਚ ਵਿਲੀਅਮਜ਼ ਲੈਂਡਿੰਗ ਪੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਓਨਟਾਰੀਓ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਪਰ 15 ਫੀ ਸਦੀ ਗੈਰ ਰਿਹਾਇਸ਼ੀ ਸਪੈਕਿਊਲੇਟਰ ਟੈਕਸ ਸਿਰਫ ਉਨ੍ਹਾਂ ਲੋਕਾਂ ਉੱਤੇ ਹੀ ਲਾਇਆ ਜਾਵੇਗਾ ਜਿਹੜੇ ਜਲਦੀ ਮੁਨਾਫਾ ਕਮਾਉਣ ਦੀ ਫਿਰਾਕ ਵਿੱਚ ਰਹਿੰਦੇ ਹਨ।
ਅਗਲੇ ਵੀਰਵਾਰ ਸੰਤੁਲਿਤ ਬਜਟ ਪੇਸ਼ ਕਰਨ ਦਾ ਦਾਅਵਾ ਕਰਨ ਰਹੇ ਵਿੱਤ ਮੰਤਰੀ ਚਾਰਲਸ ਸੌਸਾ ਨੇ ਆਖਿਆ ਕਿ ਇਸ ਮਾਮਲੇ ਵਿੱਚ ਰਫਿਊਜੀਆਂ, ਕੌਮਾਂਤਰੀ ਵਿਦਿਆਰਥੀਆਂ, ਓਨਟਾਰੀਓ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਛੋਟ ਦਿੱਤੀ ਜਾਵੇਗੀ। ਉਨ੍ਹਾਂ ਨੂੰ ਵੀ ਛੋਟ ਦਿੱਤੀ ਜਾਵੇਗੀ ਜਿਹੜੇ ਹਾਲ ਹੀ ਵਿੱਚ ਨਾਗਰਿਕ ਜਾਂ ਪਰਮਾਨੈਂਟ ਵਾਸੀ ਬਣੇ ਹੋਣਗੇ।
ਰੀਅਲ ਅਸਟੇਟ ਐਸੋਸਿਏਸ਼ਨ ਦੇ ਸੀਈਓ ਟਿੰਮ ਹੁਡਕ ਨੇ ਆਖਿਆ ਕਿ ਸਰਕਾਰ ਦੀ ਇਸ ਕੋਸਿ਼ਸ਼ ਨਾਲ ਹਾਊਸਿੰਗ ਮਾਰਕਿਟ ਨੂੰ ਠੱਲ੍ਹ ਤਾਂ ਪੈਣੀ ਚਾਹੀਦੀ ਹੈ। ਪਿਛਲੇ ਕੁੱਝ ਅਰਸੇ ਦੌਰਾਨ ਦਰਜਨਾਂ ਵਾਰੀ ਵਿੰਨ, ਸੌਸਾ ਤੇ ਹੋਰ ਅਧਿਕਾਰੀਆਂ ਨਾਲ ਇਸੇ ਮੁੱਦੇ ਨੂੰ ਲੈ ਕੇ ਮੁਲਾਕਾਤ ਕਰ ਚੁੱਕੇ ਹੁਡਕ ਨੇ ਆਖਿਆ ਕਿ ਸਾਨੂੰ ਇਸ ਲਈ ਵੀ ਖੁਸ਼ੀ ਹੈ ਕਿ ਚਲੋ ਸਰਕਾਰ ਨੇ ਸਾਡੀ ਗੱਲ ਤਾਂ ਸੁਣੀ।