ਕਿਰਨ ਬਾਲਾ ਕੇਸ ਵਿੱਚ ਭੰਗਾਲੀ ਨੂੰ ਬਚਾਉਣ ਲਈ ਕਮੇਟੀ ਦੀ ਰਿਪੋਰਟ ਲਟਕਾਈ ਗਈ


ਅੰਮ੍ਰਿਤਸਰ, 16 ਮਈ (ਪੋਸਟ ਬਿਊਰੋ)- ਪਾਕਿਸਾਨ ਜਾ ਕੇ ਮੁਸਲਿਮ ਨੌਜਵਾਨ ਨਾਲ ਵਿਆਹ ਕਰਨ ਵਾਲੀ ਕਿਰਨ ਬਾਲਾ ਦੇ ਕੇਸ ਵਿੱਚ ਵੀਜ਼ੇ ਦੀ ਸਿਫਾਰਸ਼ ਕਰਨ ਲਈ ਸਾਬਕਾ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਤੋਂ ਕਮੇਟੀ ਨੇ ਹਾਲੇ ਤੱਕ ਕੋਈ ਸਪੱਸ਼ਟੀਕਰਨ ਵੀ ਨਹੀਂ ਲਿਆ। ਸਬ ਕਮੇਟੀ ਇਸ ਸਬੰਧੀ ਸੋਮਵਾਰ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਕਰ ਚੁੱਕੀ ਹੈ ਅਤੇ ਭੰਗਾਲੀ ਤੋਂ ਜ਼ੁਬਾਨੀ ਪੁੱਛ ਪੜਤਾਲ ਵੀ ਕਰ ਚੁੱਕੀ ਹੈ।
ਸਮਝਿਆ ਜਾ ਰਿਹਾ ਹੈ ਕਿ ਸਬ ਕਮੇਟੀ ਨੇ ਭੰਗਾਲੀ ਨੂੰ ਕਿਰਨ ਬਾਲਾ ਦੀ ਸਿਫਾਰਸ਼ ਕੇਸ ਵਿੱਚੋਂ ਬਚਾਉਣ ਲਈ ਰਿਪੋਰਟ ਵਿਚਾਲੇ ਲਟਕਾ ਕੇ ਰੱਖੀ ਹੋਈ ਹੈ, ਜਿਸ ਕਾਰਨ ਤਲਬੀਰ ਸਿੰਘ ਗਿੱਲ ਦੇ ਨਾਂ ਵਰਤਣ ਬਾਰੇ ਕਮੇਟੀ ਨੇ ਸੁਲੱਖਣ ਸਿੰਘ ਭੰਗਾਲੀ ਤੋਂ ਹਾਲੇ ਤੱਕ ਲਿਖਤੀ ਸਪੱਸ਼ਟੀਕਰਨ ਨਹੀਂ ਲਿਆ। ਇਸ ਮਾਮਲੇ ਵਿੱਚ ਭੰਗਾਲੀ ਨੇ ਵੀਜ਼ੇ ਸਬੰਧੀ ਕੀਤੀ ਸਿਫਾਰਸ਼ ਵਿੱਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਦਾ ਨਾਂ ਲਿਖਤੀ ਤੌਰ ‘ਤੇ ਸ਼ਾਮਲ ਕੀਤਾ ਸੀ, ਜਿਸ ਉੱਤੇ ਗਿੱਲ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਅਤੇ ਭੰਗਾਲੀ ਵੱਲੋਂ ਝੂਠਾ ਨਾਂ ਸ਼ਾਮਲ ਕਰਨ ਦੀ ਗੱਲ ਕਹੀ ਸੀ। ਜਾਂਚ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਚੱਕ ਨੇ ਕਿਹਾ ਕਿ ਕਿਰਨ ਬਾਲਾ ਕੇਸ ਦੀ ਜਾਂਚ ਵਿੱਚ ਸੁਲੱਖਣ ਸਿੰਘ ਭੰਗਾਲੀ ਤੋਂ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਸ ਨੂੰ ਬਾਰੀਕੀ ਨਾਲ ਵਾਚਿਆ ਜਾ ਰਿਹਾ ਹੈ। ਇਸ ਕੇਸ ਵਿੱਚ ਸੁਲੱਖਣ ਸਿੰਘ ਭੰਗਾਲੀ ਤੋਂ ਸਪੱਸ਼ਟੀਕਰਨ ਲੈਣ ਸਬੰਧੀ ਚੱਕ ਨੇ ਕਿਹਾ ਕਿ ਇਸ ਸਬੰਧੀ ਭੰਗਾਲੀ ਤੋਂ ਲਿਖਤੀ ਸਪੱਸ਼ਟੀਕਰਨ ਲਿਆ ਜਾਵੇਗਾ।
ਵਰਨਣ ਯੋਗ ਹੈ ਕਿ ਕਿਰਨ ਬਾਲਾ ਨੂੰ ਵੀਜ਼ਾ ਦਿਵਾਉਣ ਲਈ ਯਾਤਰਾ ਵਿਭਾਗ ਦੇ ਇੰਚਾਰਜ ਨੂੰ ਤਲਬੀਰ ਸਿੰਘ ਗਿੱਲ ਵੱਲੋਂ ਕਿਰਨ ਬਾਲਾ ਦਾ ਨਾਂ ਜਥੇ ਵਿੱਚ ਸ਼ਾਮਲ ਕਰਨ ਲਈ ਸਾਬਕਾ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਵੱਲੋਂ ਲਿਖੀ ਗਈ ਚਿੱਠੀ ਦੇ ਜਨਤਕ ਹੋਣ ਬਾਰੇ ਸਬ ਕਮੇਟੀ ਕਿਸੇ ਹੋਰ ਨੂੰ ਦੋਸ਼ੀ ਠਹਿਰਾ ਕੇ ਸਿਆਸੀ ਆਗੂ ਤਲਬੀਰ ਸਿੰਘ ਗਿੱਲ ਅਤੇ ਅਕਾਲੀ ਦਲ ਦੇ ਆਗੂ ਸਾਬਕਾ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਜਾਣ ਚੁੱਕੇ ਹਨ ਕਿ ਜਾਂ ਤਾਂ ਗਿੱਲ ਤੇ ਭੰਗਾਲੀ ਦੀ ਇਕ ਸੁਰ ਹੈ।