ਕਿਮ ਜੋਂਗ ਉਨ ਨੇ ਵਾਈਟ ਹਾਊਸ ਆਉਣ ਦਾ ਟਰੰਪ ਦਾ ਸੱਦਾ ਪ੍ਰਵਾਨ ਕੀਤਾ


* ਅਮਰੀਕੀ ਵਿਦੇਸ਼ ਮੰਤਰੀ ਨੇ ਫਿਰ ਐਟਮੀ ਹਥਿਆਰਾਂ ਦਾ ਰਾਗ ਅਲਾਪਿਆ
ਪਿਓਂਗਯਾਂਗ, 13 ਜੂਨ, (ਪੋਸਟ ਬਿਊਰੋ)- ਸਿੰਗਾਪੁਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਸਫਲ ਮੁਲਾਕਾਤ ਦੌਰਾਨ ਡੋਨਾਲਡ ਟਰੰਪ ਨੇ ਕਿਮ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਕਿਮ ਜੋਂਗ ਨੇ ਅੱਜ ਬਾਕਾਇਦਾ ਤੌਰ ਉੱਤੇ ਸਵੀਕਾਰ ਕਰ ਲਿਆ ਹੈ।
ਉੱਤਰੀ ਕੋਰੀਆ ਦੇ ਮੀਡੀਆ ਨੇ ਅੱਜ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਿਮ ਜੋਂਗ ਉਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤਾ ਵਾਈਟ ਹਾਊਸ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਹੈ ਤੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਵੀ ਉੱਤਰੀ ਕੋਰੀਆ ਆਉਣ ਦਾ ਸੱਦਾ ਦਿੱਤਾ ਹੈ। ਸਰਕਾਰੀ ਮੀਡੀਆ ਨੇ ਇਹ ਬਿਆਨ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਜਾਰੀ ਕੀਤਾ ਹੈ, ਜਿਹੜਾ ਉਨ੍ਹਾਂ ਨੇ ਸਿੰਗਾਪੁਰ ਸੰਮੇਲਨ ਵੇਲੇ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਚਿਤ ਸਮੇਂ ਉੱਤੇ ਉਹ ਪਿਓਂਗਯਾਂਗ ਜਾਣਗੇ ਤੇ ਉਹ ਉੱਤਰ ਕੋਰੀਆਈ ਨੇਤਾ ਦਾ ਵਾਸ਼ਿੰਗਟਨ ਵਿੱਚ ਸਵਾਗਤ ਕਰਨ ਦੀ ਘੜੀ ਦਾ ਇੰਤਜ਼ਾਰ ਕਰਨਗੇ। ਦੋਵਾਂ ਆਗੂਆਂ ਨੇ ਇਕ-ਦੂਜੇ ਦੇ ਸੱਦੇ ਸਵੀਕਾਰ ਕਰ ਲਏ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਬਿਹਤਰ ਹੋਣਗੇ।
ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਮੁਤਾਬਕ ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਅਗਲੇ ਢਾਈ ਸਾਲਾਂ ਵਿੱਚ ਵੱਡੇ ਪੈਮਾਨੇ ਉੱਤੇ ਐਟਮੀ ਹਥਿਆਰ ਤਬਾਹ ਕਰਕੇ ਦਿਖਾਵੇ। ਦੱਖਣੀ ਕੋਰੀਆ ਦੇ ਦੌਰੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ ਕਿ ਉੱਤਰੀ ਕੋਰੀਆ ਨਾਲ ‘ਇਕ ਵੱਡੀ ਡੀਲ ਉੱਤੇ ਕੰਮ ਅਜੇ ਬਾਕੀ ਹੈ।’ ਉਨ੍ਹਾਂ ਕਿਹਾ, ‘ਵੱਡੇ ਪੈਮਾਨੇ ਉੱਤੇ ਐਟਮੀ ਹਥਿਆਰ ਤਬਾਹ ਕਰਨ ਲਈ ਉੱਤਰੀ ਕੋਰੀਆ ਤਿਆਰ ਹੈ, ਸਾਨੂੰ ਆਸ ਹੈ ਕਿ ਇਹ ਕੰਮ ਢਾਈ ਸਾਲ ਵਿੱਚ ਹੋ ਸਕਦਾ ਹੈ।’ ਅਮਰੀਕੀ ਵਿਦੇਸ਼ ਮੰਤਰੀ ਦੀ ਇਹ ਟਿੱਪਣੀ ਸਿੰਗਾਪੁਰ ਵਿੱਚ ਰਾਸ਼ਟਰਪਤੀ ਟਰੰਪ ਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਮੁਲਾਕਾਤ ਤੋਂ ਇਕ ਦਿਨ ਬਾਅਦ ਆਈ ਹੈ। ਸਿੰਗਾਪੁਰ ਵਿੱਚ ਦੋਵਾਂ ਨੇਤਾਵਾਂ ਵਿਚਾਲੇ ਕੋਰੀਆਈ ਟਾਪੂ ਨੂੰ ਪੂਰੀ ਤਰ੍ਹਾਂ ਨਾਲ ਐਟਮੀ ਹਥਿਆਰਾਂ ਤੋਂ ਮੁਕਤ ਕਰਨ ਦੀ ਸਹਿਮਤੀ ਬਣੀ ਸੀ, ਪਰ ਇਸ ਸਮਝੌਤੇ ਵਿੱਚ ਇਸ ਗੱਲ ਦਾ ਬਿਊਰਾ ਨਹੀਂ ਸੀ ਕਿ ਉੱਤਰੀ ਕੋਰੀਆ ਕਦੋਂ ਅਤੇ ਕਿਵੇਂ ਆਪਣੇ ਹਥਿਆਰ ਛੱਡੇਗਾ।
ਵਿਦੇਸ਼ ਮੰਤਰੀ ਪੋਂਪੀਓ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਤੋਂ ਐਟਮੀ ਖਤਰਾ ਨਹੀਂ ਰਿਹਾ ਅਤੇ ਹਰ ਕੋਈ ਵੱਧ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ, ਪਰ ਇਸ ਦਾਅਵੇ ਦੀ ਭਰੋਸੇਯੋਗਤਾ ਸ਼ੱਕੀ ਹੋਣ ਦਾ ਕਾਰਨ ਇਹ ਹੈ ਕਿ ਸਮਝੌਤੇ ਮੁਤਾਬਕ ਉੱਤਰੀ ਕੋਰੀਆ ਆਪਣੇ ਐਟਮੀ ਹਥਿਆਰ ਅਤੇ ਉਨ੍ਹਾਂ ਨੂੰ ਲਾਂਚ ਕਰਨ ਵਾਲੀਆਂ ਮਿਜ਼ਾਈਲਾਂ ਆਪਣੇ ਕੋਲ ਰਖੇਗਾ। ਫਿਰ ਵੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉੱਤਰ ਕੋਰੀਆ ਤੋਂ ਕੋਈ ਐਟਮੀ ਖਤਰਾ ਨਹੀਂ ਰਿਹਾ। ਟਰੰਪ ਨੇ ਸਿੰਗਾਪੁਰ ਵਿੱਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਬੈਠਕ ਤੋਂ ਬਾਅਦ ਬੁੱਧਵਾਰ ਨੂੰ ਅਮਰੀਕਾ ਪਹੁੰਚ ਕੇ ਇਹ ਗੱਲ ਕਹੀ ਅਤੇ ਟਵੀਟ ਕੀਤਾ ਕਿ ਅੱਜ ਹਰ ਵਿਅਕਤੀ ਉਸ ਦਿਨ ਤੋਂ ਵੱਧ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਜਿਸ ਦਿਨ ਮੈਂ ਚਾਰਜ ਸੰਭਾਲਿਆ ਸੀ।