ਕਿਮ ਜੋਂਗ ਉਨ ਨਾਲ ਮੀਟਿੰਗ ਲਈ ਟਰੰਪ ਨੇ ‘ਪੀਸ ਵਿਲੇਜ’ ਦੇ ਸਥਾਨ ਦਾ ਸੁਝਾਅ ਦਿੱਤਾ


ਵਾਸ਼ਿੰਗਟਨ, 30 ਅਪਰੈਲ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਇਹ ਸੁਝਾਅ ਦਿੱਤਾ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨਾਲ ਉਨ੍ਹਾਂ ਦੀ ਮੁਲਾਕਾਤ ਉਸੇ ‘ਪੀਸ ਵਿਲੇਜ’ ਵਿੱਚ ਕਰ ਲਈ ਜਾਵੇ, ਜਿਹੜਾ ਸਰਹੱਦ ਉੱਤੇ ਦੋਵਾਂ ਕੋਰੀਆਈ ਦੇਸ਼ਾਂ ਨੂੰ ਵੱਖਰਾ ਕਰਦਾ ਹੈ ਤੇ ਜਿੱਥੇ ਕੋਈ ਫੌਜ ਨਹੀਂ ਹੈ। ਟਰੰਪ ਨੇ ਇਸ ਤੋਂ ਪਹਿਲਾਂ ਇਸ ਇਤਿਹਾਸਕ ਮੁਲਾਕਾਤ ਲਈ ਕਈ ਥਾਂਵਾਂ ਦੀ ਲਿਸਟ ਬਣਾਈ ਸੀ।
ਵਰਨਣ ਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਤਰ ਕੋਰੀਆ ਦੇ ਨੇਤਾ ਵਿਚਾਲੇ ਇਹ ਪਹਿਲੀ ਮੁਲਾਕਾਤ ਤੇ ਗੱਲਬਾਤ ਹੋਣੀ ਹੈ, ਜਿਸ ਦੀ ਸੰਭਾਵਤ ਥਾਂ ਬਾਰੇ ਇਹ ਪਹਿਲੀ ਜਨਤਕ ਟਿੱਪਣੀ ਹੈ। ਡੋਨਾਲਡ ਟਰੰਪ ਨੇ ਟਵੀਟ ਕਰਕੇ ਸੰਕੇਤ ਦਿੱਤਾ ਕਿ ‘ਬੈਠਕ ਲਈ ਦੋਵਾਂ ਦੇਸ਼ਾਂ ਦੇ ਨਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਤੀਜੇ ਦੇਸ਼ ਦੀ ਬਜਾਏ ਉੱਤਰੀ ਤੇ ਦੱਖਣੀ ਕੋਰੀਆ ਦੀ ਸਰਹੱਦ ਉੱਤੇ ਸ਼ਾਂਤੀ ਸਦਨ ਜਾਂ ਆਜ਼ਾਦ ਸਦਨ (ਪੀਸ ਹਾਊਸ, ਫ੍ਰੀਡਮ ਹਾਊਸ) ਵੱਧ ਬਿਹਤਰ, ਮਹੱਤਵ ਪੂਰਰ ਅਤੇ ਹਮੇਸ਼ਾ ਲਈ ਯਾਦਗਾਰ ਥਾਂ ਹੋਵੇਗੀ। ਸਿਰਫ ਪੁੱਛ ਰਿਹਾ ਹਾਂ।’
ਅਸਲ ਵਿੱਚ ਦੋਵਾਂ ਕੋਰੀਆਈ ਦੇਸ਼ਾਂ ਨੂੰ ਵੱਖ ਕਰਨ ਵਾਲੇ ਸਿਵਲ ਖੇਤਰ ਵਿੱਚ ਇਸ ਪਿੰਡ ਪੰਮੁਨਜੋਮ ਵਿੱਚ ‘ਪੀਸ ਹਾਊਸ’ ਉਹ ਥਾਂ ਹੈ, ਜਿੱਥੇ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਬੀਤੇ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ ਸੀ। ਸਾਲ 1953 ਤੋਂ ਬਾਅਦ ਦੱਖਣੀ ਕੋਰੀਆ ਦੀ ਧਰਤੀ ਉੱਤੇ ਕਦਮ ਰੱਖਣ ਵਾਲੇ ਉੱਤਰ ਕੋਰੀਆ ਦੇ ਪਹਿਲਾਂ ਨੇਤਾ ਕਿਮ ਜੋਂਗ ਉਨ ਇਸ ਬੈਠਕ ਲਈ ਮੂਨ ਜੇਈ ਇਨ ਨਾਲ ਪੀਸ ਹਾਊਸ ਗਏ ਸਨ। ਇਸ ਬੈਠਕ ਪਿੱਛੋਂ ਟਰੰਪ ਅਤੇ ਕਿਮ ਦੇ ਵਿਚਾਲੇ ਗੱਲਬਾਤ ਦੀਆਂ ਤਿਆਰੀਆਂ ਹੋਰ ਤੇਜ਼ ਹੋ ਗਈਆਂ ਹਨ।
ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਦਾ ਸਮਝੌਤਾ ਛੱਡਣ ਦਾ ਉੱਤਰੀ ਕੋਰੀਆ ਨਾਲ ਗੱਲਬਾਤ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਉਨ੍ਹਾ ਕਿਹਾ ਕਿ ਉਹ ਈਰਾਨ ਨਾਲ ਨਵੇਂ ਸਮਝੌਤੇ ਉੱਤੇ ਗੱਲਬਾਤ ਲਈ ਉਹ ਤਿਆਰ ਹਨ। ਜਦੋਂ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਈਰਾਨ ਐਟਮੀ ਸਮਝੌਤੇ ਦੀ ਮਿਆਦ ਖਤਮ ਹੋ ਜਾਵੇਗੀ ਤੇ ਈਰਾਨ ਸਮਝੌਤਾ ਛੱਡਣ ਨਾਲ ਉੱਤਰੀ ਕੋਰੀਆ ਨੂੰ ਗਲਤ ਸੰਦੇਸ਼ ਜਾਵੇਗਾ ਤਾਂ ਟਰੰਪ ਨੇ ਕਿਹਾ ਕਿ ਅਮਰੀਕਾ 12 ਮਈ ਦੀ ਡੈਡਲਾਈਨ ਤੋਂ ਪਹਿਲਾਂ ਐਟਮੀ ਸਮਝੌਤੇ ਤੋਂ ਨਿਕਲਣ ਦਾ ਫੈਸਲਾ ਲਵੇਗਾ।