ਕਿਊਬਿਕ ਵੈਲਿਊਜ਼ ਚਾਰਟਰ ਕਾਰਨ ਐਨਡੀਪੀ ਕਸੂਤੀ ਫਸੀ

ਓਟਵਾ, 8 ਸਤੰਬਰ (ਪੋਸਟ ਬਿਊਰੋ) : ਕਿਊਬਿਕ ਵੱਲੋਂ ਵਿਵਾਦਗ੍ਰਸਤ ਸੈਕੂਲਰਿਜ਼ਮ ਚਾਰਟਰ ਲਿਆਉਣ ਦੀ ਕੀਤੀ ਜਾ ਰਹੀ ਕੋਸਿ਼ਸ਼ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਫੈਡਰਲ ਐਨਡੀਪੀ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਫੈਡਰਲ ਐਨਡੀਪੀ ਇਸ ਗੱਲ ਉੱਤੇ ਸਹਿਮਤੀ ਪ੍ਰਗਟਾ ਰਹੀ ਹੈ ਕਿ ਕਿਸੇ ਨੂੰ ਸਿਰ ਉੱਤੇ ਧਾਰਮਿਕ ਚਿੰਨ੍ਹ ਜਾਂ ਆਪਣੇ ਧਰਮ ਦੀ ਪਛਾਣ ਧਾਰਨ ਕਰਨ ਤੋਂ ਰੋਕਣਾ ਉਸ ਵਿਅਕਤੀ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾਂ ਕਰਨਾ ਹੈ। ਐਨਡੀਪੀ ਆਗੂ ਟੌਮ ਮਲਕੇਅਰ ਨੂੰ ਇਸ ਮੁੱਦੇ ਨੂੰ ਹਲਕੇ ਵਿੱਚ ਲੈਣ ਲਈ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕਈਆਂ ਦਾ ਆਖਣਾਂ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਐਨਡੀਪੀ ਆਪਣੇ ਬਚਾਅਪੱਖੀ ਖੇਡ ਖੇਡਣੀ ਛੱਡ ਕੇ ਕੁੱਝ ਜ਼ੋਖ਼ਮ ਵੀ ਉਠਾਵੇ। ਪਿੱਛੇ ਜਿਹੇ ਦਿੱਤੀ ਇੱਕ ਇੰਟਰਵਿਊ ਵਿੱਚ ਮਲਕੇਅਰ ਨੇ ਆਖਿਆ ਕਿ ਕਿਊਬਿਕ ਦੇ ਪ੍ਰਸਤਾਵਿਤ ਸੈਕੂਲਰਿਜ਼ਮ ਚਾਰਟਰ ਨਾਲ ਬੜੀ ਹੀ ਹਲੀਮੀ ਤੇ ਸਹਿਜ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਜਿਹਾ ਪਹਿਲੀ ਵਾਰੀ ਨਹੀਂ ਹੋਇਆ ਹੈ ਕਿ ਪਾਰਟੀ ਕਿਊਬਿਕੁਆ ਵੱਲੋਂ ਕਿਸੇ ਤਰ੍ਹਾਂ ਦਾ ਸੰਘਰਸ਼ ਸ਼ੁਰੂ ਕੀਤਾ ਗਿਆ ਹੋਵੇ ਤੇ ਬਾਅਦ ਵਿੱਚ ਉਹ ਪਾਰਟੀ ਚੁੱਪ ਕਰਕੇ ਪਿੱਛੇ ਵੀ ਹਟ ਜਾਂਦੀ ਰਹੀ ਹੈ। ਉਨ੍ਹਾਂ ਵੋਟਰਾਂ ਦੀ ਨਾਰਾਜ਼ਗੀ ਤੋਂ ਡਰਦਿਆਂ ਧਰਮ ਦੀ ਅਜ਼ਾਦੀ ਦੇ ਮਾਮਲੇ ਉੱਤੇ ਹੋ ਰਹੀ ਬਹਿਸ ਤੋਂ ਪਾਸੇ ਰਹਿਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਉਹ ਇਸ ਤੋਂ ਪੱਲਾ ਨਹੀਂ ਝਾੜ ਰਹੇ। ਇਸ ਤੋਂ ਇਲਾਵਾ ਚਾਰਟਰ ਆਫ ਕਿਊਬਿਕ ਵੈਲਿਊਜ਼ ਨੂੰ ਉਨ੍ਹਾਂ ਦੇ ਪਾਰਟੀ ਮੈਂਬਰਾਂ ਵੱਲੋਂ ਸਮਰਥਨ ਦੇਣ ਸਬੰਧੀ ਪੁੱਛੇ ਸਵਾਲਾਂ ਨੂੰ ਵੀ ਉਨ੍ਹਾਂ ਗੁੱਸੇ ਨਾਲ ਖਾਰਜ ਕਰ ਦਿੱਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਸੰਕੇਤ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਨਹੀਂ ਮਿਲਿਆ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਇਸ ਮੁੱਦੇ ਨੂੰ ਲੈ ਕੇ ਕੋਈ ਸਮੱਸਿਆ ਹੈ। ਯੂਨੀਵਰਸਿਟੀ ਆਫ ਸਸਕੈਚਵਨ ਦੇ ਐਸੋਸੀਏਟ ਪੁਲੀਟਿਕਲ ਸਟਡੀਜ਼ ਪ੍ਰੋਫੈਸਰ ਡੇਵਿਡ ਮੈਗਰੇਨ ਦਾ ਕਹਿਣਾ ਹੈ ਕਿ ਮਲਕੇਅਰ ਯਕੀਨਨ ਦੁਚਿੱਤੀ ਵਿੱਚ ਹਨ। ਇੱਕ ਪਾਸੇ ਤਾਂ ਉਹ ਨਹੀਂ ਚਾਹੁੰਦੇ ਕਿ ਉਹ ਇਸ ਲਈ ਸਕਾਰਾਤਮਕ ਰੁਖ ਅਪਣਾ ਕੇ ਇੰਗਲਿਸ਼ ਕੈਨੇਡਾ ਦੇ ਸਿਧਾਂਤਾ ਦੀ ਉਲੰਘਣਾ ਕਰਨ ਤੇ ਦੂਜੇ ਪਾਸੇ ਉਹ ਇਸ ਦਾ ਵਿਰੋਧ ਵੀ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਸਮਰਥਕ ਕਿਊਬਿਕ ਵੋਟਰ, ਜਿਹੜੇ ਇਸ ਚਾਰਟਰ ਨੂੰ ਚੰਗਾ ਆਈਡੀਆ ਮੰਨਦੇ ਹਨ, ਉਨ੍ਹਾਂ ਨਾਲੋਂ ਟੁੱਟ ਜਾਣ। ਮੈਗਰੇਨ ਨੇ ਆਖਿਆ ਕਿ ਹੋ ਸਕਦਾ ਹੈ ਕਿ ਜੇ ਤੁਸੀਂ ਇਸ ਚਾਰਟਰ ਦੀ ਉਲੰਘਣਾਂ ਕਰੋਂ ਤਾਂ ਤੁਹਾਨੂੰ ਕਿਊਬਿਕ ਦੀ ਪਰਵਾਹ ਨਾ ਕਰਨ ਵਾਲਾ ਮੰਨਿਆ ਜਾਵੇ। ਓਟਵਾ ਦੀ ਕਾਰਲਟਨ ਯੂਨੀਵਰਸਿਟੀ ਦੇ ਕਿਊਬਿਕ ਪੁਲੀਟਿਕਲ ਸਾਇੰਟਿਸਟ ਬਰੂਸ ਹਿੱਕਸ ਦਾ ਤਰਕ ਹੈ ਕਿ ਇਹ ਮਸਲਾ ਕਿਊਬਿਕ ਕੌਮਪ੍ਰਸਤੀ ਨਾਲ ਜੁੜਿਆ ਹੋਇਆ ਹੈ ਤੇ ਐਨਡੀਪੀ ਵੀ ਇੱਕ ਵਾਰ ਕੌਮਪ੍ਰਸਤੀ ਦਾ ਹੋਕਾ ਦੇ ਚੁੱਕੀ ਹੈ ਤੇ ਕਿਊਬਿਕ ਦੇ ਹੱਕਾਂ ਦੀ ਗੱਲ ਕਰਦੀ ਰਹੀ ਹੈ। ਇਸ ਤਰ੍ਹਾਂ ਦੇ ਨਾਜੁ਼ਕ ਮਸਲੇ ਬਾਰੇ ਗਲਤ ਧਿਰ ਦਾ ਸਾਥ ਦੇ ਕੇ ਮਲਕੇਅਰ ਕਿਊਬਿਕ ਦੇ ਪੇਂਡੂ ਇਲਾਕਿਆਂ ਵਿੱਚ ਆਪਣਾ ਆਧਾਰ ਨਹੀਂ ਗੰਵਾਉਣਾ ਚਾਹੁੰਦੇ। ਜਿ਼ਕਰਯੋਗ ਹੈ ਕਿ ਕਿਊਬਿਕ ਤੋਂ ਵੱਡੀ ਗਿਣਤੀ ਐਨਡੀਪੀ ਦੇ ਐਮਪੀਜ਼ ਹੋਣ ਕਾਰਨ ਕਿਊਬਿਕ ਦੀਆਂ 75 ਸੀਟਾਂ ਵਿੱਚੋਂ 57 ਸੀਟਾਂ ਉੱਤੇ ਐਨਡੀਪੀ ਕਾਬਜ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਮਲਕੇਅਰ ਨੂੰ ਕੋਈ ਚੋਣ ਕਰਨੀ ਹੀ ਹੋਵੇਗੀ ਤੇ ਉਨ੍ਹਾਂ ਨੂੰ ਆਰ-ਪਾਰ ਦੀ ਲੜਾਈ ਵੀ ਲੜਨੀ ਪੈ ਸਕਦੀ ਹੈ।