ਕਿਊਬਿਕ ਵਿੱਚ ਕੈਂਪ ਲਾਉਣ ਵਿੱਚ ਮਦਦ ਕਰਨ ਲਈ ਸੱਦੇ ਗਏ ਕੈਨੇਡੀਅਨ ਸੈਨਿਕ

2
ਸੇਂਟ ਬਰਨਾਰਡ ਡੀ ਲੈਕੋਲੇ, ਕਿਊਬਿਕ, 9 ਅਗਸਤ (ਪੋਸਟ ਬਿਊਰੋ) : ਕਿਊਬਿਕ ਦੀ ਅਮਰੀਕਾ ਨਾਲ ਲੱਗਦੀ ਹੱਦ ਉੱਤੇ ਲਾਏ ਗਏ ਕੈਂਪ ਵਿੱਚ ਮਦਦ ਕਰਨ ਲਈ ਕੈਨੇਡੀਅਨ ਸੈਨਿਕਾਂ ਦੀਆਂ ਟੀਮਾਂ ਵੀ ਸ਼ਾਮਲ ਹੋ ਗਈਆਂ ਹਨ। ਅਮਰੀਕਾ ਤੋਂ ਕੈਨੇਡਾ ਆ ਰਹੇ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੇ ਹੜ੍ਹ ਨੂੰ ਸਾਂਭਣ ਲਈ ਅਧਿਕਾਰੀਆਂ ਦੀ ਮਦਦ ਕਰਨ ਵਾਸਤੇ ਇਨ੍ਹਾਂ ਸੈਨਿਕਾਂ ਨੂੰ ਲਾਇਆ ਗਿਆ ਹੈ।
ਜਿੱਥੇ ਕੈਂਪ ਲਾਏ ਗਏ ਹਨ ਉੱਥੇ 500 ਲੋਕਾਂ ਲਈ ਇੱਕੋ ਸਮੇਂ ਆਸਰਾ ਕਾਇਮ ਕਰਨ ਦੀ ਸਮਰੱਥਾ ਹੈ। ਮੇਜਰ ਯਵੇਸ ਡੈਸਬੀਅਨਜ਼ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸਾਡੇ ਕੋਲ 100 ਕਰਮਚਾਰੀ ਹਨ ਜਿਹੜੇ 25 ਟੈਂਟ ਲਾਉਣਗੇ ਜਿਨ੍ਹਾਂ ਵਿੱਚ 500 ਲੋਕ ਰਹਿ ਸਕਣਗੇ। ਉਨ੍ਹਾਂ ਆਖਿਆ ਕਿ ਅਸੀਂ ਬਿਜਲੀ, ਹੀਟਿੰਗ ਤੇ ਫਲੋਰਿੰਗ ਦਾ ਪ੍ਰਬੰਧ ਵੀ ਕਰਾਂਗੇ।
ਸਕਿਊਰਿਟੀ ਦੇ ਮਾਮਲੇ ਵਿੱਚ ਸੈਨਿਕ ਕੋਈ ਭੂਮਿਕਾ ਨਹੀਂ ਨਿਭਾਉਣਗੇ ਤੇ ਨਾ ਹੀ ਕਾਨੂੰਨ ਲਾਗੂ ਕਰਵਾਉਣ ਵਿੱਚ ਮਦਦ ਕਰਨਗੇ। ਜਦੋਂ ਇਹ ਸਾਈਟ ਮੁਕੰਮਲ ਹੋ ਜਾਵੇਗੀ ਤੇ ਟੈਂਟ ਪੂਰੀ ਤਰ੍ਹਾਂ ਲਾ ਦਿੱਤੇ ਜਾਣਗੇ ਤਾਂ ਇਨ੍ਹਾਂ ਸੈਨਿਕਾਂ ਵਿੱਚੋਂ ਕੁੱਝ ਪਰਤ ਜਾਣਗੇ। ਇਸ ਤੋਂ ਪਹਿਲਾਂ ਹੈਮਿੰਗਫੋਰਡ ਵਿੱਚ 40 ਦੇ ਕਰੀਬ ਪਨਾਹ ਹਾਸਲ ਕਰਨ ਦੇ ਚਾਹਵਾਨ ਚੱਕਵੇਂ ਜਿਹੇ ਰਿਸੈਪਸ਼ਨ ਸੈਂਟਰ ਉੱਤੇ ਚਿੱਟੇ ਟੈਂਟਾ ਹੇਠ ਇੱਕਠੇ ਹੋਏ। ਇੱਥੋਂ ਦਾ ਮਾਹੌਲ ਇੱਕਦਮ ਸ਼ਾਂਤ ਹੈ। ਸਰਹੱਦ ਪਾਰ ਕਰਨ ਵਾਲੇ ਲੋਕ ਲਾਈਨ ਵਿੱਚ ਲੱਗਕੇ ਲੰਚ ਬੌਕਸ ਲੈਂਦੇ ਹਨ ਤੇ ਆਰਸੀਐਮਪੀ ਕਰਮਚਾਰੀ ਉਨ੍ਹਾਂ ਨੂੰ ਇਹ ਖਾਣਾ ਦੇਣ ਦੀ ਜਿੰ਼ਮੇਵਾਰੀ ਨਿਭਾਅ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਬੱਸ ਵਿੱਚ ਲੱਦ ਕੇ ਦਸ ਮਿੰਟ ਦੀ ਦੂਰੀ ਉੱਤੇ ਸਥਿਤ ਲੈਕੋਲੇ ਪ੍ਰੋਸੈਸਿੰਗ ਸਟੇਸ਼ਨ ਲਿਜਾਇਆ ਜਾਂਦਾ ਹੈ।
ਬੱਸ ਵਿੱਚ ਸਵਾਰ ਇੱਕ ਆਰਸੀਐਮਪੀ ਅਧਿਕਾਰੀ ਨੂੰ ਇਹ ਮਜ਼ਾਕ ਕਰਦਿਆਂ ਵੀ ਸੁਣਿਆ ਜਾ ਸਕਦਾ ਹੈ ਕਿ ਉਹ ਹੋਵੇਗਾ ਤੁਹਾਡਾ ਟੂਰ ਗਾਈਡ। ਉੱਧਰ ਅਮਰੀਕਾ ਹੈ ਤੇ ਹੁਣ ਤੁਸੀਂ ਕੈਨੇਡਾ ਵਿੱਚ ਹੋਂ। ਸਰਹੱਦ ਪਾਰ ਕਰਨ ਵਾਲਿਆਂ ਵਿੱਚ ਬਹੁਤਾ ਕਰਕੇ ਹਾਇਤੀ ਲੋਕ ਸ਼ਾਮਲ ਹਨ। ਭਾਵੇਂ ਉਹ ਕਾਨੂੰਨੀ ਤੌਰ ਉੱਤੇ ਅਮਰੀਕਾ ਵਿੱਚ ਰਹਿ ਰਹੇ ਹਨ ਪਰ ਉਨ੍ਹਾਂ ਨੂੰ ਡਰ ਇਸ ਗੱਲ ਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਜਲਦ ਹੀ ਉਹ ਪ੍ਰੋਗਰਾਮ ਖ਼ਤਮ ਕਰ ਦੇਣਗੇ ਜਿਸ ਕਾਰਨ ਉਨ੍ਹਾਂ ਨੂੰ ਅਸਥਾਈ ਹਿਫਾਜ਼ਤ ਮਿਲੀ ਹੋਈ ਹੈ। ਹਾਇਤੀ ਵਾਪਿਸ ਭੇਜੇ ਜਾਣ ਦੇ ਡਰੋਂ ਉਹ ਸਾਰੇ ਕੈਨੇਡਾ ਵਿੱਚ ਆ ਵੱਸਣਾ ਚਾਹੁੰਦੇ ਹਨ।