ਕਿਊਬਿਕ ਦੇ ਪ੍ਰੀਮੀਅਰ ਹੋਰਨਾਂ ਪ੍ਰੀਮੀਅਰਜ਼ ਨਾਲ ਵਿਚਾਰਨਾ ਚਾਹੁੰਦੇ ਹਨ ਆਪਣੀ ਸੰਵਿਧਾਨਕ ਪੇਸ਼ਕਦਮੀ

quebec premierਕਿਊਬਿਕ, 17 ਜੁਲਾਈ (ਪੋਸਟ ਬਿਊਰੋ) : ਕਿਊਬਿਕ ਪ੍ਰੀਮੀਅਰ ਫਿਲਿਪ ਕੋਇਲਾਰਡ ਨੇ ਆਪਣੀਆਂ ਸੰਵਿਧਾਨਕ ਪਹਿਲਕਦਮੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਆਪਣੇ ਕਈ ਹਮਰੁਤਬਾ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਹ ਮੁੱਦਾ ਐਡਮੰਟਨ ਵਿੱਚ ਕਾਉਂਸਲ ਆਫ ਦ ਫੈਡਰੇਸ਼ਨ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਉਠਾਉਣਾ ਚਾਹੁੰਦੇ ਹਨ।
ਕੋਇਲਾਰਡ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਉਹ ਆਪਣੇ ਕੁਲੀਗਜ਼ ਦੀਆਂ ਜਨਤਕ ਤੇ ਪ੍ਰਾਈਵੇਟ ਪ੍ਰਤੀਕਿਰਿਆਵਾਂ ਤੋਂ ਕਾਫੀ ਖੁਸ਼ ਹਨ। ਸਾਰਿਆਂ ਨੇ ਹੀ ਕਿਊਬਿਕ ਦੇ ਨਜ਼ਰੀਏ ਤੋਂ ਮਸਲੇ ਨੂੰ ਸਕਾਰਾਤਮਕ ਢੰਗ ਨਾਲ ਜਾਣਨ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਆਖਿਆ ਕਿ ਸੰਵਿਧਾਨਕ ਕਾਨਫਰੰਸ ਬਾਰੇ ਐਡਮੰਟਨ ਵਿੱਚ ਉਹ ਕਿਸੇ ਤਰ੍ਹਾਂ ਦੀ ਵਾਰਤਾ ਦੀ ਉਮੀਦ ਨਹੀਂ ਕਰ ਰਹੇ। ਸਗੋਂ ਉਹ ਤਾਂ ਉੱਥੇ ਆਪਣੇ ਕੁਲੀਗਜ਼ ਨੂੰ ਕੁੱਝ ਦਸਤਾਵੇਜ਼ਾਂ ਬਾਰੇ ਚਾਨਣਾ ਪਾਉਣ ਜਾ ਰਹੇ ਹਨ ਤੇ ਇਹ ਦੱਸਣਾ ਚਾਹੁੰਦੇ ਹਨ ਕਿ ਅਸੀਂ ਹੋਰ ਨੇੜੇ ਹੋ ਕੇ, ਇੱਕਜੁੱਟ ਹੋ ਕੇ ਕੰਮ ਕਰ ਸਕਦੇ ਹਾਂ।
ਕੋਇਲਾਰਡ ਨੇ ਆਖਿਆ ਕਿ ਪ੍ਰੀਮੀਅਰਜ਼ ਦੀ ਮੀਟਿੰਗ ਤਾਂ ਅਸਲ ਵਿੱਚ ਉਨ੍ਹਾਂ ਮੁੱਦਿਆਂ ਉੱਤੇ ਕੇਂਦਰਿਤ ਹੋਵੇਗੀ ਜਿਹੜੇ ਕੈਨੇਡੀਅਨਾਂ ਤੇ ਕਿਊਬਿਕ ਵਾਸੀਆਂ ਲਈ ਵਧੇਰੇ ਅਹਿਮੀਅਤ ਰੱਖਦੇ ਹਨ। ਇਨ੍ਹਾਂ ਵਿੱਚ ਸਕਿਊਰਿਟੀ, ਮੈਰੀਜੁਆਨਾ ਦੇ ਕਾਨੂੰਨੀਕਰਨ, ਸੌਫਟਵੁੱਡ ਲੰਬਰ ਤੇ ਅਮਰੀਕਾ ਨਾਲ ਮੁਕਤ ਵਪਾਰ ਆਦਿ ਵਰਗੇ ਮੁੱਦੇ ਸ਼ਾਮਲ ਹਨ।
ਜਿ਼ਕਰਯੋਗ ਹੈ ਕਿ ਛੇ ਹਫਤੇ ਪਹਿਲਾਂ ਕੋਇਲਾਰਡ ਨੇ ਆਪਣੀ ਸੋਚ ਮੁਤਾਬਕ ਇੱਕ ਦਸਤਾਵੇਜ਼ “ਕਿਊਬਿਕਰਜ਼ : ਆਰ ਵੇਅ ਆਫ ਬੀਂਗ ਕੈਨੇਡੀਅਨਜ਼” ਸਿਰਲੇਖ ਹੇਠ ਛਪਵਾਇਆ ਸੀ। ਉਨ੍ਹਾਂ ਸਫਾਈ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਰੱਖੇ ਪ੍ਰਸਤਾਵ ਦਾ ਟੀਚਾ ਦੇਸ਼ ਵਿੱਚ ਕਿਊਬਿਕ ਦੀ ਸਥਿਤੀ ਬਾਰੇ ਗੱਲਬਾਤ ਸ਼ੁਰੂ ਕਰਨਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਹੌਲੀ ਹੌਲੀ ਸੰਵਿਧਾਨਕ ਗੱਲਬਾਤ ਵੀ ਸ਼ੁਰੂ ਹੋ ਸਕੇਗੀ ਤੇ 1982 ਵਿੱਚ ਕਿਊਬਿਕ ਵੱਲੋਂ ਸੰਵਿਧਾਨ ਉੱਤੇ ਪਾਈ ਗਈ ਸਹੀ ਦਾ ਮਾਮਲਾ ਵੀ ਮੁੜ ਉੱਠੇਗਾ।
ਇੱਕ ਪਾਸੇ ਕੋਇਲਾਰਡ ਆਪਣੀ ਪ੍ਰੋਵਿੰਸ ਦੀ ਵਿਲੱਖਣਤਾ ਦੀ ਵੱਖਰੀ ਪਛਾਣ ਸੰਵਿਧਾਨ ਵਿੱਚ ਬਰਕਰਾਰ ਰੱਖਣੀ ਚਾਹੁੰਦੇ ਹਨ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸੰਵਿਧਾਨ ਨੂੰ ਮੁੜ ਖੋਲ੍ਹਣ ਲਈ ਰਾਜ਼ੀ ਨਹੀਂ ਹਨ। ਇਸ ਤੋਂ ਇਲਾਵਾ ਕਿਊਬਿਕ ਦੇ ਪ੍ਰੀਮੀਅਰ ਦੀ ਇਸ ਪਹਿਲਕਦਮੀ ਨੂੰ ਉਨ੍ਹਾਂ ਦੇ ਹਮਰੁਤਬਾ ਅਧਿਕਾਰੀਆਂ ਵੱਲੋਂ ਵੀ ਕੋਈ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ। ਕਾਉਂਸਲ ਆਫ ਫੈਡਰੇਸ਼ਨ ਮੰਗਲਵਾਰ ਤੇ ਬੁੱਧਵਾਰ ਨੂੰ ਮੀਟਿੰਗ ਕਰੇਗੀ।