ਕਿਊਬਾ ਵਿੱਚ ਜਹਾਜ਼ ਹਾਦਸੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ


ਹਵਾਨਾ, 20 ਮਈ (ਪੋਸਟ ਬਿਊਰੋ)- ਕਿਊਬਾ ਵਿੱਚ ਸ਼ੁੱਕਰਵਾਰ ਨੂੰ ਵੱਡਾ ਜਹਾਜ਼ ਹਾਦਸਾ ਹੋ ਗਿਆ। ਇਹ ਜਹਾਜ਼ ਹਵਾਨਾ ਏਅਰਪੋਰਟ ਤੋਂ 110 ਲੋਕਾਂ ਨੂੰ ਲੈ ਕੇ ਉਡਾਣ ਭਰਨ ਦੇ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਤਿੰਨ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਮੁਸਾਫਰ ਮਾਰੇ ਗਏ।
ਇਸ ਸੰਬੰਧ ਵਿੱਚ ਕਿਊਬਾ ਦੇ ਮੀਡੀਆ ਅਨੁਸਾਰ ਜਹਾਜ਼ ਦੇ ਮਲਬੇ ‘ਚੋਂ ਤਿੰਨ ਔਰਤਾਂ ਨੂੰ ਜਿਉਂਦਾ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਹੈ। ਕਿਊਬਾ ਡੀ ਏਵੀਏਸ਼ਨ ਵੱਲੋਂ ਚਲਾਇਆ ਜਾ ਰਿਹਾ ਬੋਇੰਗ 737 ਜਹਾਜ਼ ਸ਼ੁੱਕਰਵਾਰ ਦੁਪਹਿਰ ਰਾਜਧਾਨੀ ਹਵਾਨਾ ਦੇ ਏਅਰਪੋਰਟ ਤੋਂ 670 ਕਿਲੋਮੀਟਰ ਦੂਰ ਹਾਲਗੁਈਨ ਸ਼ਹਿਰ ਲਈ ਰਵਾਨਾ ਹੋਇਆ ਸੀ। ਇਹ ਜਹਾਜ਼ ਕਰੀਬ ਚਾਲੀ ਸਾਲ ਪੁਰਾਣਾ ਸੀ। ਉਡਾਣ ਭਰਨ ਮਗਰੋਂ ਇਹ ਏਅਰਪੋਰਟ ਦੇ ਨੇੜਲੇ ਜੰਗਲਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਅੱਗ ਨਾਲ ਅਸਮਾਨ ਵਿੱਚ ਕਾਲਾ ਧੂੰਆਂ ਛਾ ਗਿਆ। ਜਹਾਜ਼ ਦਾ ਛੇ ਮੈਂਬਰੀ ਚਾਲਕ ਦਲ ਮੈਕਸੀਕੋ ਦਾ ਰਹਿਣ ਵਾਲਾ ਸੀ।
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਅਰਜਨਟੀਨਾ ਦੇ ਦੋ ਨਾਗਰਿਕ ਵੀ ਸਨ। ਜਹਾਜ਼ ਵਿੱਚ ਕੁੱਲ 104 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਨ। ਕਿਊਬਾ ਵਿੱਚ ਤੀਹ ਸਾਲ ਵਿੱਚ ਇਹ ਸਭ ਤੋਂ ਵੱਡਾ ਜਹਾਜ਼ ਹਾਦਸਾ ਦੱਸਿਆ ਗਿਆ ਹੈ। ਘਟਨਾ ਵਾਲੀ ਥਾਂ ਦਾ ਦੌਰਾ ਕਰਨ ਵਾਲੇ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨਲ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।