ਕਿਊਬਾ ਵਿੱਚ ਕੈਨੇਡੀਅਨ ਡਿਪਲੋਮੈਟਸ ਪੈ ਰਹੇ ਹਨ ਬਿਮਾਰ


ਬਿਮਾਰ ਪੈਣ ਦੀ ਵਜ੍ਹਾ ਬਣੀ ਰਹੱਸ
ਓਟਵਾ, 10 ਜਨਵਰੀ (ਪੋਸਟ ਬਿਊਰੋ) : ਕਿਊਬਾ ਵਿੱਚ ਮੌਜੂਦ ਅੱਠ ਕੈਨੇਡੀਅਨ ਡਿਪਲੋਮੈਟਸ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਮਾਰ ਪੈਣ ਦੀ ਵਜ੍ਹਾ ਰਹੱਸ ਬਣੀ ਹੋਈ ਹੈ। ਇਨ੍ਹਾਂ ਵਿੱਚੋਂ ਅੱਠ ਕੈਨੇਡੀਅਨਾਂ ਨੂੰ ਵਾਰੀ ਵਾਰੀ ਮੈਡੀਕਲ ਜਾਂਚ ਕਰਵਾਉਣੀ ਪੈ ਰਹੀ ਹੈ।
ਡਿਪਲੋਮੈਟਸ ਦੇ ਦਸ ਪਰਿਵਾਰਾਂ ਦੇ 27 ਜੀਆਂ ਦੀ ਉਦੋਂ ਮੈਡੀਕਲ ਜਾਂਚ ਕਰਵਾਈ ਗਈ ਜਦੋਂ ਉਨ੍ਹਾਂ ਵੱਲੋਂ ਚੱਕਰ ਆਉਣ, ਨੱਕ ਵਿੱਚੋਂ ਖੂਨ ਵਗਣ ਜਾਂ ਸਿਰਦਰਦ ਦੀ ਸਿ਼ਕਾਇਤ ਕੀਤੀ ਗਈ। ਇਹ ਲੱਛਣ ਸੰਭਾਵੀ ਐਕੌਸਟਿਕ ਅਟੈਕ ਕਾਰਨ ਹੋ ਸਕਦੇ ਹਨ। ਅਜੇ ਤੱਕ ਇਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਕਿਸੇ ਨੂੰ ਸਥਾਈ ਤੌਰ ਉੱਤੇ ਕੋਈ ਨੁਕਸਾਨ ਹੋਇਆ ਹੋਵੇ ਤੇ ਜਿਨ੍ਹਾਂ ਅੱਠ ਮੈਂਬਰਾਂ ਨੂੰ ਵਾਧੂ ਮੈਡੀਕਲ ਕੇਅਰ ਦੀ ਲੋੜ ਸੀ ਉਹ ਵੀ ਕੰਮ ਉੱਤੇ ਜਾਂ ਸਕੂਲ ਪਰਤ ਚੁੱਕੇ ਹਨ।
ਆਰਸੀਐਮਪੀ ਵੱਲੋਂ ਇਸ ਸਬੰਧੀ ਜਾਂਚ ਕਰਵਾਈ ਜਾ ਰਹੀ ਹੈ ਤੇ ਇਹ ਸੱਭ ਇੱਕ ਰਹੱਸ ਬਣਿਆ ਹੋਇਆ ਹੈ। ਕੈਨੇਡਾ ਅਮਰੀਕਾ ਨਾਲ ਰਲ ਕੇ ਵੀ ਕੰਮ ਕਰ ਰਿਹਾ ਹੈ ਕਿਉਂਕਿ ਹਵਾਨਾ ਸਥਿਤ ਅਮਰੀਕੀ ਕਰਮਚਾਰੀਆਂ ਵਿੱਚੋਂ ਵੀ ਕਈ ਬਿਮਾਰ ਹੋਏ। ਇਸ ਦੇ ਨਾਲ ਹੀ ਕਿਊਬਾ ਦੇ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕਰਕੇ ਕੈਨੇਡੀਅਨ ਸਰਕਾਰ ਇਸ ਗੁੱਥੀ ਨੂੰ ਸੁਲਝਾਉਣ ਦੀ ਕੋਸਿ਼ਸ਼ ਕਰ ਰਹੀ ਹੈ।
ਆਪਣਾ ਨਾਂ ਗੁਪਤ ਰੱਖਣ ਦੀ ਸੂਰਤ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਕਿਊਬਾ ਵਿੱਚ ਰਹਿ ਰਹੇ ਕੈਨੇਡੀਅਨ ਪਰਿਵਾਰਾਂ ਦੀ ਪ੍ਰਾਈਵੇਸੀ ਜਾਂ ਸਕਿਊਰਿਟੀ ਨਾਲ ਹੋ ਰਹੇ ਖਿਲਵਾੜ ਦਾ ਪਤਾ ਲਾਉਣ ਦੀ ਪੂਰੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਪਿੱਛੇ ਜਿਹੇ ਹੀ ਫੈਡਰਲ ਸਰਕਾਰ ਵੱਲੋਂ ਹਵਾਨਾ ਸਥਿਤ ਡਿਪਲੋਮੈਟਸ ਤੇ ਪਰਿਵਾਰਕ ਮੈਂਬਰਾਂ ਦੀ ਜਾਂਚ ਕਰਨ ਲਈ ਡਾਕਟਰ ਉੱਥੇ ਭੇਜਿਆ ਗਿਆ ਸੀ। ਹੈਲਥ ਕੈਨੇਡਾ ਦੇ ਡਾ. ਜੈਫਰੀ ਚਰਨਿਨ ਵੱਲੋਂ ਜੂਨ ਵਿੱਚ ਕੀਤੇ ਗਏ ਇਸ ਦੌਰੇ ਵਿੱਚ ਉਹੋ ਜਿਹੇ ਹੀ ਲੱਛਣ ਪਾਏ ਗਏ ਜਿਹੋ ਜਿਹੇ ਕਿਊਬਾ ਸਥਿਤ ਅਮਰੀਕੀ ਅਮਲੇ ਵਿੱਚ ਪਾਏ ਗਏ ਸਨ।
ਅਗਸਤ ਵਿੱਚ ਓਟਵਾ ਨੇ ਇਹ ਮੰਨਿਆ ਕਿ ਕਿਊਬਾ ਵਿੱਚ ਮੌਜੂਦ ਕੁੱਝ ਕੈਨੇਡੀਅਨਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਬਿਮਾਰੀ ਦੇ ਚੱਲਦਿਆਂ ਤਿੰਨ ਡਿਪਲੋਮੈਟਿਕ ਪਰਿਵਾਰ ਕੈਨੇਡਾ ਪਰਤ ਆਏ ਹਨ। ਇਨ੍ਹਾਂ ਵਿੱਚੋਂ ਦੋ ਪਰਿਵਾਰਾਂ ਵਿੱਚ ਅਜਿਹੇ ਲੱਛਣ ਵੇਖਣ ਨੂੰ ਮਿਲ ਰਹੇ ਹਨ। ਪਰ ਕਿਊਬਾ ਵਿੱਚ ਮੌਜੂਦ ਕੈਨੇਡੀਅਨ ਅਮਲੇ ਨੂੰ ਘਟਾਇਆ ਨਹੀਂ ਗਿਆ।