ਕਾਸ਼ੀ ਵਿਸ਼ਵਨਾਥ ਮੰਦਰ ਅਤੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਮਿਲਣ ਪਿੱਛੋਂ ਅਲਰਟ ਜਾਰੀ


ਵਾਰਾਣਸੀ, 6 ਜੂਨ (ਪੋਸਟ ਬਿਊਰੋ)- ਕ੍ਰਿਸ਼ਨ ਜਨਮ ਭੂਮੀ ਮਥਰਾ ਅਤੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਸਮੇਤ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਲਸ਼ਕਰੇ ਤੋਇਬਾ ਦੀ ਧਮਕੀ ਪਿੱਛੋਂ ਉਤਰ ਪ੍ਰਦੇਸ਼ ਵਿਚ ਪੁਲਿਸ ਨੂੰ ਅਲਰਟ ਜਾਰੀ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਬੁਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਉਤਰੀ ਰੇਲਵੇ ਨੂੰ ਭੇਜੇ ਖ਼ਤ ਵਿਚ ਲਸ਼ਕਰੇ ਤੋਇਬਾ ਦੇ ਖੇਤਰੀ ਕਮਾਂਡਰ ਮੌਲਾਨਾ ਅੰਬੂ ਸ਼ੇਖ਼ ਨੇ ਇਹ ਧਮਕੀ ਦਿਤੀ ਹੈ। ਇਹ ਪੱਤਰ ਉਤਰੀ ਰੇਲਵੇ ਨੂੰ ਨਵੀਂ ਦਿੱਲੀ ਵਿਚ 29 ਮਈ ਨੂੰ ਮਿਲਿਆ ਸੀ ਤੇ ਇਸ ਵਿਚ ਸਹਾਰਨਪੁਰ ਅਤੇ ਹਾਪੁੜ ਸਮੇਤ ਕਈ ਰੇਲਵੇ ਸਟੇਸ਼ਨਾ ਨੂੰ ਦਹਿਲਾਉਣ ਦੀ ਧਮਕੀ ਦਿਤੀ ਗਈ ਸੀ। ਇਸ ਬਾਰੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਧਮਕੀ ਭਰੇ ਪੱਤਰ ਦੇ ਮਿਲਣ ਪਿੱਛੋਂ ਇਸ ਰਾਜ ਵਿੱਚ ਪੁਲਿਸ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਧਮਕੀ ਪੱਤਰ ਵਿਚ ਮਥੁਰਾ ਦੇ ਕ੍ਰਿਸ਼ਨ ਜਨਮ ਭੂਮੀ ਮੰਦਰ ਤੇ ਵਾਰਾਨਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਉਡਾਉਣ ਦੀ ਵੀ ਧਮਕੀ ਦਿਤੀ ਗਈ ਅਤੇ ਉਸ ਦੀ ਤਰੀਕ 8-10 ਜੂਨ ਦੱਸੀ ਗਈ ਹੈ। ਅਧਿਕਾਰੀਆਂ ਨੂੰ ਇਸ ਗੱਲ ਦੇ ਆਦੇਸ਼ ਦਿਤੇ ਗਏ ਹਨ ਕਿ ਪੂਰੇ ਰਾਜ ਵਿੱਚ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਵਿਵਸਥਾ ਦੀ ਪੂਰੀ ਚੌਕਸੀ ਯਕੀਨੀ ਕੀਤੀ ਜਾਵੇ।
ਇਸ ਦੌਰਾਨ ਐਡੀਸ਼ਨਲ ਡਾਇਰੈਕਟਰ ਜਨਰਲ (ਲਾਅ ਐਂਡ ਆਰਡਰ) ਆਨੰਦ ਕੁਮਾਰ ਨੇ ਕਿਹਾ ਕਿ ਰੇਲਵੇ ਦੇ ਸਟੇਸ਼ਨਾਂ ਅਤੇ ਧਾਰਮਿਕ ਸ਼ਹਿਰਾਂ ਨੂੰ ਉਡਾਉਣ ਦੀ ਧਮਕੀ ਦਾ ਪੱਤਰ ਕਿਸੇ ਦੀ ਸ਼ਰਾਰਤ ਵੀ ਹੋ ਸਕਦਾ ਹੈ। ਮੌਲਾਨਾ ਅਬੂ ਸ਼ੇਖ਼ ਨਾਮ ਦਾ ਕੋਈ ਅਤਿਵਾਦੀ ਨਹੀਂ ਹੈ। ਇਸ ਬਾਰੇ ਕੋਈ ਇੰਟੈਲੀਜੈਂਸ ਇਨਪੁਟ ਨਹੀਂ ਹੇ। ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਭੇਜਿਆ ਇਹ ਪੱਤਰ ਫਿਰੋਜ਼ਪੁਰ ਡਵੀਜ਼ਨ ਨੂੰ ਵੀ ਮਿਲਿਆ ਸੀ।