ਕਾਵਿ ਰੰਗ

-ਰਾਜ ਲਾਲੀ

ਕਬਰਾਂ ਵਿੱਚ ਆਰਾਮ ਜਿਹਾ ਏ,
ਜੀਵਨ ਇੱਕ ਸੰਗਰਾਮ ਜਿਹਾ ਏ।

ਕਬਰਾਂ ਅੰਦਰ ਚੁੱਪ ਬਥੇਰੀ,
ਲਾਸ਼ਾਂ ਵਿੱਚ ਕੋਹਰਾਮ ਜਿਹਾ ਏ।

ਮੈਨੂੰ ਤਾਂ ਹੁਣ ਮਾਰ ਮੁਕਾਓ,
ਸਾਹਾਂ ਦਾ ਬੱਸ ਨਾਮ ਜਿਹਾ ਏ।

ਪਾਗਲ ਕਰਦੇ ਤਾਂ ਇਹ ਮੰਨਾਂ
ਸਾਥ ਤੇਰਾ ਬਦਨਾਮ ਜਿਹਾ ਏ।

ਤੇਰਾ ਗ਼ਮ ਮਹਿਸੂਸ ਕਰਾਂ ਜੇ
ਮੇਰਾ ਗ਼ਮ ਤਾਂ ਆਮ ਜਿਹਾ ਏ।

ਸੂਰਜ ਤੇ ‘ਲਾਲੀ’ ਦਾ ਰਿਸ਼ਤਾ
ਮੀਰਾ ਲਈ ਬੱਸ ਸ਼ਾਮ ਜਿਹਾ ਏ।