ਕਾਲੇ ਭਾਈਚਾਰੇ ਦੇ ਐਮ ਪੀ ਚੁਣਨ ਦੀ ਲੋੜ- ਟਰੂਡੋ

ਓਟਾਵਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਨੂੰ ਲੋੜ ਹੈ ਕਿ ਉਹ ਕਾਲੇ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਐਮ ਪੀ ਚੁਣ ਕੇ ਭੇਜਣ। ਬਲੈਕ ਹਿਸਟਰੀ ਮੰਥ ਨਾਲ ਜੁੜੇ ਇੱਕ ਸਮਾਗਮ ਦੌਰਾਨ ਬੋਲਦੇ ਹੋਏ ਸ੍ਰੀ ਟਰੂਡੋ ਨੇ ਕਿਹਾ ਕਿ ਸਾਨੂੰ ਸੱਚਾਈ ਕਬੂਲ ਕਰਨ ਲੈਣੀ ਚਾਹੀਦੀ ਹੈ ਕਿ ਕਾਲੇ ਭਾਈਚਾਰੇ ਨਾਲ ਵਰਤਮਾਨ ਵਿੱਚ ਵੀ ਨਸਲੀ ਵਿਤਕਰਾ ਹੁੰਦਾ ਹੈ।ਟਰੂਡੋ ਨੇ ਇਹ ਵੀ ਕਿਹਾ ਕਿ ਕਾਲੇ ਭਾਈਚਾਰੇ ਦੇ ਲੋਕਾਂ ਦੀ ਕੈਨੇਡਾ ਦੀਆਂ ਜੇਲਾਂ ਵਿੱਚ ਨਫਰੀ ਹੋਰ ਫਿਰਕਿਆਂ ਨਾਲੋਂ ਕਿਤੇ ਵੱਧ ਹੈ। ਉਹਨਾਂ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਇੱਕ ਰਸਤਾ ਕਾਲੇ ਭਾਈਚਾਰੇ ਨੂੰ ਪਾਰਲੀਮੈਂਟ ਵਿੱਚ ਜਿ਼ਆਦਾ ਸਥਾਨ ਦੇਣਾ ਹੋਵੇਗਾ। ਚੇਤੇ ਰਹੇ ਕਿ ਪਿਛਲੀਆਂ ਚੋਣਾਂ ਵਿੱਚ ਜਸਟਿਨ ਟਰੂਡੋ ਹੋਰਾਂ ਨੇ ਔਰਤਾਂ ਅਤੇ ਰਿਫਿਊਜੀਆਂ, ਇੰਮੀਗਰਾਂਟਾਂ ਨੂੰ ਵੱਧ ਉਮੀਦਵਾਰ ਬਣਾਉਣ ਦਾ ਬੀੜਾ ਚੁੱਕਿਆ ਸੀ। ਇਸ ਵਾਰ ਉਸਦਾ ਇਰਾਦਾ ਕਾਲੇ ਭਾਈਚਾਰੇ ਵੱਲ ਆਪਣੀਆਂ ਨਜ਼ਰਾਂ ਕਰਨ ਦਾ ਹੋ ਗਿਆ ਜਾਪਦਾ ਹੈ।