ਕਾਲੇ ਪਹਿਰ

-ਸੁਖਦੇਵ ਸਿੰਘ ਮਾਨ
ਪੰਡਿਤ ਜੀ ਨੇ ਰੇਡੀਉ ਸੈਟ ਚਲਾ ਦਿੱਤਾ ਹੈ। ਸ਼ਾਮ ਪੈਂਦਿਆਂ ਪੰਡਿਤ ਜੀ ਇਸ ਤਰ੍ਹਾਂ ਹੀ ਕਰਦੇ ਹਨ। ਦੂਰ ਟਿੱਬਿਆਂ ਓਹਲੇ ਸੂਰਜ ਅਸਤ ਹੋ ਰਿਹਾ ਹੁੰਦਾ ਹੈ। ਡੁੱਬਦੇ ਸੂਰਜ ਦੀ ਆਭਾ ਸੁਰਖੀ ਦਾ ਮੀਂਹ ਵਰ੍ਹਾ ਰਹੀ ਹੁੰਦੀ ਹੈ। ਏਧਰ ਰੇਡੀਉ ਦੀ ਆਵਾਜ਼ ਬੀਘੜਾਂ ‘ਚ ਗੂੰਜਣ ਲੱਗਦੀ ਹੈ। ‘ਜੀ ਨਹੀਂ ਲਗਤਾ ਮਿਰਾ ਉਜੜੇ ਦਿਆਰ ਮੇਂ..’ ਜ਼ਫਰ ਦੀ ਕਾਲ ਤੋਂ ਪਾਰ ਦੀ ਗ਼ਜ਼ਲ ਵੱਜ ਰਹੀ ਹੈ। ਮੈਂ ਹੋਰ ਉਦਾਸ ਹੋ ਜਾਂਦਾ ਹਾਂ। ਇਸ ਦੂਰ ਤੱਕ ਪਸਰੇ ਰੋਹੀ ਬੀਆਬਾਨ ‘ਚ ਮੇਰਾ ਵੀ ਦਿਲ ਕਿੱਤੇ ਲੱਗਦਾ ਹੈ। ਮੈਂ ਦਿੱਲੀ ਦੇ ਚੰਗੇ ਕਾਰੋਬਾਰੀਆਂ ‘ਚ ਸ਼ੁਮਾਰ ਹੋਣ ਦਾ ਸੁਪਨਾ ਲੈ ਕੇ ਦੁਕਾਨ ਚਲਾਉਂਦਾ ਸੀ। ਲਾਲਾ ਬਸ਼ੇਸ਼ਰ ਰਾਮ ਦੀ ਦੁਕਾਨ ਨੂੰ ਬਸਤੀਆਂ ਜਾਣਦੀਆਂ ਸਨ। ਵੱਡਾ ਪੁੱਤਰ ਕਰਨ ਅਤੇ ਛੋਟਾ ਗੋਵਿੰਦਾ ਭੱਜ-ਭੱਜ ਕੇ ਕੰਮ ਕਰਦੇ। ਇਕ ਦੁਕਾਨ ਤੋਂ ਅਸੀਂ ਚਾਰ ਕੁਦਾਨਾਂ ਦੇ ਮਾਲਕ ਬਣ ਗਏ ਸੀ।
ਗ਼ਜ਼ਲ ਹਾਲੇ ਚੱਲ ਰਹੀ ਸੀ। ਮਨ ਅਵਾਜ਼ਾਰ ਹੋ ਰਿਹਾ ਹੈ। ਚੱਪਲਾਂ ਪਾ, ਖੂੰਡੀ ਫੜ ਪਗਡੰਡੀਆਂ ‘ਤੇ ਨਿਕਲ ਪੈਂਦਾ ਹਾਂ। ਇਹ ਪਗਡੰਡੀਆਂ ਮੇਰੀ ਜ਼ਿੰਦਗੀ ਵਾਂਗ ਕਿੱਥੇ ਖਤਮ ਹੋਣਗੀਆਂ, ਮੈਂ ਨਹੀਂ ਜਾਣਦਾ। ਹੁਣ ਤੱਕ ਮੈਨੂੰ ਇਸ ਧਰਤੀ ਬਾਰੇ ਇੰਨਾ ਪਤਾ ਲੱਗਿਆ ਹੈ ਕਿ ਇਹ ਉਜਾੜ ਜਗ੍ਹਾ ਪੰਡਿਤ ਜੀ ਨੂੰ ਕਿਸੇ ਨੇ ਦਾਨ ਦਿੱਤੀ ਸੀ। ਦਾਨੀਆਂ ਨੇ ਬਿਰਧ ਆਸ਼ਰਮ ਉਸਾਰਿਆ ਸੀ।
ਮੈਂ ਥੱਕ ਕੇ ਇਕ ਜੰਡ ਕੋਲ ਬਹਿ ਜਾਂਦਾ ਹਾਂ। ਇਹ ਰੁੱਖ ਵੀ ਮੇਰੀ ਜ਼ਿੰਦਗੀ ਵਾਂਗ ਉਦਾਸ ਹੈ। ਸੁਰਤੀ ਫਿਰ ਦਿੱਲੀ ਵੱਲ ਪਰਤ ਜਾਂਦੀ ਹੈ। ਮੈਨੂੰ ਪਤਾ ਹੀ ਨਾ ਲੱਗਾ ਕਿ ਵੱਡੇ ਮੁੰਡੇ ਕਰਨ ਦੇ ਮਨ ‘ਚ ਲਾਲਚ ਅਤੇ ਧੋਖੇ ਨੂੰ ਕਦੋਂ ਵਾਸਾ ਕਰ ਲਿਆ। ਜਾਇਦਾਦ ਦਾ ਚੰਗਾ ਹਿੱਸਾ ਉਹ ਆਪਣੇ ਨਾਂ ਕਰਵਾ ਗਿਆ। ਘਰ ‘ਚ ਫੁੱਟ ਪੈ ਗਈ। ਮੈਂ ਤੇ ਮੇਰੀ ਪਤਨੀ ਰਾਮ ਪਿਆਰੀ ਦੋਵਾਂ ਭਰਾਵਾਂ ਦੇ ਕਲੇਸ਼ ‘ਚ ਪਿਸਣ ਲੱਗ ਪਏ। ਵੱਡਾ ਮੁੰਡਾ ਸਾਡੇ ਕਹਿਣੇ ‘ਚ ਨਹੀਂ ਸੀ। ਦੂਜੇ ਪਾਸੇ ਛੋਟੇ ਨੇ ਸਾਡੇ ‘ਤੇ ਇਹ ਦੋਸ਼ ਮੜ੍ਹ ਦਿੱਤਾ ਕਿ ਅਸੀਂ ਜਾਣਬੁੱਝ ਕੇ ਜਾਇਦਾਦ ਕਰਨ ਨੂੰ ਦਿੱਤੀ ਹੈ। ਦੋਵਾਂ ਭਰਾਵਾਂ ਦੀ ਲੜਾਈ ਨੇ ਘਰ ‘ਚੋਂ ਸਾਡੀ ਹਸਤੀ ਖਤਮ ਕਰ ਦਿੱਤੀ। ਸਾਡੀਆਂ ਨੂੰਹਾਂ ਮੁਕੱਦਮੇਬਾਜ਼ੀ ਕਾਰਨ ਸਾਥੋਂ ਦੂਰ ਹੋ ਗਈਆਂ। ਸਾਨੂੰ ਆਪਣੇ ਪੋਤਿਆਂ ਨੂੰ ਵੀ ਗੋਦ ‘ਚ ਲੈਣ ਦੀ ਮਨਾਹੀ ਹੋਣ ਲੱਗੀ।
ਪੋਤੇ ਯਾਦ ਆਉਂਦਿਆਂ ਮੇਰਾ ਮਨ ਭਰ ਆਇਆ। ਜੰਡ ਕੋਲੋਂ ਤੁਰ ਕੇ ਮੈਂ ਬਿਰਧ ਆਸ਼ਰਮ ਪੁੱਜ ਜਾਂਦਾ ਹਾਂ। ਸਭ ਬਿਰਧ ਰੋਟੀ ਖਾਣ ਤੁਰ ਪਏ ਹਨ। ਪੰਡਿਤ ਜੀ ਸਭ ਨੂੰ ਸੱਦ ਰਹੇ ਹਨ। ਬਿਮਾਰ ਬਿਰਧਾਂ ਦੀ ਦਵਾਈ ਦਾ ਪ੍ਰਬੰਧ ਕਰ ਰਹੇ ਹਨ। ਇਥੇ ਹਰ ਬੰਦੇ ਦੀ ਆਪਣੀ ਦਰਦ ਕਹਾਣੀ ਹੈ। ਪੰਡਿਤ ਜੀ ਹਰੇਕ ਦੀ ਦਰਦ ਕਹਾਣੀ ਸੁਣਦੇ ਹਨ। ਮੇਰੇ ਨਾਲ ਵੀ ਉਹ ਗੱਲਾਂ ਕਰਦੇ ਹਨ, ਪਰ ਮੈਂ ਅੱਜ ਤੱਕ ਉਨ੍ਹਾਂ ਨਾਲ ਸਾਰੀ ਗੱਲ ਸਾਂਝੀ ਨਹੀਂ ਕੀਤੀ। ਹਾਲੇ ਮੈਂ ਇਥੇ ਰਹਿਣ ਦਾ ਆਦੀ ਨਹੀਂ ਹੋਇਆ। ਮੇਰੀ ਪਤਨੀ ਰਾਮ ਪਿਆਰੀ ਕੁਝ ਦਿਲ ਧਰ ਗਈ ਹੈ। ਸ਼ਾਮ ਨੂੰ ਆਸ਼ਰਮ ਦੇ ਕੋਨੇ ‘ਚ ਬਣੇ ਮੰਦਿਰ ‘ਚ ਪੰਡਿਤ ਜੀ ਨਾਲ ਭਜਨ ਕਰਨ ਜਾਂਦੀ ਹੈ। ਰਾਮ ਪਿਆਰੀ ਕਬੀਰ ਦੇ, ਸੂਰਦਾਸ ਦੇ ਦੋਹਰੇ ਉਚੀ-ਉਚੀ ਉਚਾਰਦੀ ਹੈ ਤਾਂ ਮੇਰਾ ਮਨ ਹੋਰ ਨਾਸਤਕ ਹੋ ਜਾਂਦਾ ਹੈ। ‘ਕਿੱਥੇ ਹੈ ਰੱਬੀ ਨਿਆਂ?’ ਮੇਰਾ ਮਨ ਸਵਾਲ ਕਰਦਾ ਹੈ। ਜਿਨ੍ਹਾਂ ਪੁੱਤਰਾਂ ਲਈ ਦਿੱਲੀ ਵਰਗੇ ਸ਼ਹਿਰ ‘ਚ ਸਲਤਨਤ ਉਸਾਰ ਦਿੱਤੀ ਸੀ, ਉਹ ਇੰਨੇ ਨਿਰਮੋਹੇ ਨਿਕਲਣਗੇ। ਮਾਂ ਬਾਪ ਨੂੰ ਧੱਕਾ ਦੇ ਦੇਣਗੇ। ਕਿੰਨਾ ਚੰਦਰਾ ਵਕਤ ਆ ਗਿਆ ਹੈ। ਨੂੰਹਾਂ ‘ਚੋਂ ਵੀ ਕਿਸੇ ਨੇ ਹਾਅ ਦਾ ਨਾਅਰਾ ਨਾ ਮਾਰਿਆ।
ਕਰਨ ਅਤੇ ਗੋਵਿੰਦਾ ਦੇ ਨਾਂ ਯਾਦ ਆਉਂਦਿਆਂ ਇੰਜ ਜਾਪਦਾ ਹੈ ਜਿਵੇਂ ਇਨ੍ਹਾਂ ਟਿੱਬਿਆਂ ‘ਚ ਭਾਂਬੜ ਬਲ ਪੈਣਗੇ। ਕਿਸ ਤਰ੍ਹਾਂ ਉਹ ਦੁਕਾਨਾਂ ਲਈ ਲੜੇ। ਕਿਸ ਤਰ੍ਹਾਂ ਇਕ ਦੂਜੇ ਨੂੰ ਬਰਬਾਦ ਕਰਨ ਦੀਆਂ ਚਾਲਾਂ ਚੱਲਣ ਲੱਗੇ। ਸਾਨੂੰ ਕੋਹ-ਕੋਹ ਕੇ ਮਾਰਨ ਲੱਗੇ। ਰਿਸ਼ਤੇਦਾਰਾਂ ਦਾ ਉਹ ਕਿਹੜਾ ਦਰ ਸੀ, ਜਿਥੇ ਅਸੀਂ ਆਪਣਾ ਦੁੱਖ ਦੱਸਣ ਲਈ ਗਿੜਗਿੜਾਏ ਨਹੀਂ। ਫੋਕੇ ਦਿਲਾਸਿਆਂ ਤੋਂ ਬਿਨਾਂ ਸਾਡੇ ਪੱਲੇ ਕੁਝ ਨਾ ਪਿਆ। ਅਸੀਂ ਆਪਣੀ ਹੋਣੀ ਸਮਝ ਗਏ ਸੀ। ਵੱਡੇ ਮਕਾਨਾਂ ਦੇ ਕਿਸੇ ਕੋਨੇ ‘ਚ ਸਿਰ ਘਸੋ ਕੇ ਦਿਨ ਕਟੀ ਕਰਨ ਲਈ ਤਰਲੇ ਲੈਣ ਲੱਗੇ। ਕਿੰਨੇ ਵਾਰੀ ਬਿਰਾਦਰੀ ਇਕੱਠੀ ਹੋਈ। ਕਰਨ ਤੇ ਗੋਵਿੰਦਾ ਨੂੰ ਸਮਝਾਉਣ ਵਾਲੇ ਵੀ ਬਹੁਤ ਸਨ ਕਿ ਅੰਤਲੀ ਉਮਰ ‘ਚ ਬਜ਼ੁਰਗਾਂ ਨੂੰ ਧੱਕਾ ਦੇ ਕੇ ਤੁਸੀਂ ਵੀ ਨਰਕਾਂ ਨੂੰ ਜਾਵੋਗੇ, ਪਰ ਦੋਵਾਂ ਦੀ ਜ਼ਮੀਰ ਮਰ ਗਈ ਸੀ। ਮੈਨੂੰ ਆਭਾਸ਼ ਹੋ ਗਿਆ ਸੀ ਕਿ ਸਾਡੇ ਨਾਲ ਕੁਝ ਹੋਰ ਮਾੜਾ ਵਾਪਰਨ ਵਾਲਾ ਹੈ। ਅਸੀਂ ਥਾਣੇ ਰਿਪੋਰਟ ਲਿਖਵਾਉਣ ਗਏ। ਸਾਡੀ ਕਿਸੇ ਨੇ ਗੱਲ ਨਾ ਸੁਣੀ। ਕਾਨੂੰਨ ਦੇ ਪੁਰਜ਼ੇ ਵੀ ਰਿਸ਼ਵਤ ‘ਚ ਖੁੱਭੇ ਹੋਏ ਸਨ।
ਇਕ ਰਾਤ ਕਰਨ ਨੇ ਸਾਡਾ ਬਿਸਤਰਾ ਬੰਨ੍ਹ ਦਿੱਤਾ। ਜੋ ਕੁਝ ਅੱਗੇ ਵਾਪਰਨਾ ਸੀ, ਸਾਨੂੰ ਉਸ ਦਾ ਪਤਾ ਲੱਗ ਗਿਆ। ‘ਅਸੀਂ ਘਰ ਨਹੀਂ ਛੱਡਾਂਗੇ ਕਰਨ,’ ਮੈਂ ਹਾਲ ਦੁਹਾਈ ਪਾਉਣ ਲੱਗਾ। ਮੇਰੀ ਦੁਹਾਈ ਦਾ ਕਰਨ ‘ਤੇ ਅਸਰ ਨਾ ਹੋਇਆ। ਮੈਂ ਆਖਰੀ ਦਾਅ ਮਾਰਿਆ। ਆਪਣੇ ਛੇ ਸਾਲ ਦੇ ਪੋਤੇ ਨੂੰ ਬਾਹਾਂ ‘ਚ ਘੁੱਟ ਲਿਆ। ਪੋਤੇ ਨੂੰ ਮੈਂ ਬੇਹੱਦ ਪਿਆਰ ਕਰਦਾ ਸੀ। ਜਾਨ ਤਾਂ ਬਹੁਤ ਛੋਟੀ ਚੀਜ਼ ਹੈ, ਇਸ ਤੋਂ ਵੀ ਵੱਧ ਪਿਆਰ ਕਰਦਾ ਸੀ। ਮੈਂ ਉਸ ਨੂੰ ਗੱਲ ਲਾ ਉਚੀ-ਉਚੀ ਧਾਹਾਂ ਮਾਰਨ ਲੱਗ ਪਿਆ। ਬੱਚਾ ਡਰ ਗਿਆ। ਉਸ ਨੂੰ ਕੀ ਪਤਾ ਸੀ ਕਿ ਉਸ ਦੇ ਬਿਰਧ ਦਾਦਾ ਦਾਦੀ ਨਾਲ ਕਲਯੁਗੀ ਔਲਾਦ ਕੀ ਸਲੂਕ ਕਰ ਰਹੀ ਸੀ। ਕਰਨ ਨੇ ਲਾਲ ਅੱਖਾਂ ਕਰਕੇ ਮੈਥੋਂ ਪੋਤਾ ਖੋਹ ਲਿਆ। ਰਾਮ ਪਿਆਰੀ, ਗੋਵਿੰਦਾ ਦੇ ਬੱਚੇ ਨੂੰ ਪਿਆਰ ਕਰਨ ਲਈ ਦੂਜੇ ਮਕਾਨ ਵੱਲ ਦੌੜੀ। ਗੋਵਿੰਦਾ ਦਾ ਦਰ ਵੀ ਸਾਡੇ ਲਈ ਬੰਦ ਹੋ ਚੁੱਕਾ ਸੀ।
ਸ਼ਾਇਦ ਆਟੋ ਵਾਲਾ ਅਤੇ ਕਰਨ ਦਾ ਇਕ ਨੌਕਰ ਇਸ ਯੋਜਨਾ ਦਾ ਹਿੱਸਾ ਸਨ। ਉਹ ਸਾਨੂੰ ਧੱਕੇ ਨਾਲ ਟਰੇਨ ਚਾੜ੍ਹ ਗਏ। ਨੌਕਰ ਵੀ ਪਤਾ ਨਹੀਂ ਕਿਹੜੇ ਸਟੇਸ਼ਨ ‘ਤੇ ਉਤਰ ਗਿਆ। ਸਾਨੂੰ ਇਹ ਪਤਾ ਨਹੀਂ ਸੀ ਕਿ ਸਾਡੇ ਕੋਲ ਟਿਕਟ ਕਿੱਥੋਂ ਦੀ, ਟਿਕਟ ਹੈ ਵੀ ਜਾਂ ਨਹੀਂ। ਅਸੀਂ ਜਾਣ ਕੇ ਵੀ ਕੀ ਲੈਣਾ ਸੀ। ਤੜਕਸਾਰ ਉਦਾਸੀ ਨਾਲ ਭਰੇ ਅਸੀਂ ਕਿਸੇ ਸੁੰਨੇ ਸਟੇਸ਼ਨ ‘ਤੇ ਉਤਰ ਖੜੋਤੇ। ਸਮਝ ਨਹੀਂ ਆਉਂਦੀ ਸੀ ਕਿ ਕਿੱਧਰ ਜਾਇਆ ਜਾਵੇ। ਦੁੱਖ ਭਰੀ ਕਹਾਣੀ ਦੱਸੀ ਜਾਵੇ ਜਾਂ ਨਾ। ਹੁਣ ਆਪਣੀ ਅਣਸ ਨੂੰ ਲੋਕਾਂ ਮੂਹਰੇ ਭੰਡਣ ਦਾ ਵੀ ਕੀ ਫਾਇਦਾ ਸੀ। ਬਦਹਵਾਸ ਹੋਏ ਬੈਂਚ ‘ਤੇ ਬਹਿ ਗਏ। ਮੈਂ ਹੀ ਗੱਲ ਤੋਰੀ, ‘ਭਾਗਵਾਨੇ, ਹੁਣ ਕੀ ਕੀਤਾ ਜਾਵੇ? ਅਜਿਹੀ ਜ਼ਿੰਦਗੀ ਨਾਲੋਂ ਮੌਤ ਚੰਗੀ ਨਹੀਂ!’
ਰਾਮ ਪਿਆਰੀ ਰੋਣ ਲੱਗ ਪਈ, ‘ਨਹੀਂ ਜੀ, ਘਾਤ ਕਰਿਆਂ ਨਰਕ ਮਿਲਦਾ ਹੈ, ਇਹ ਗੱਲ ਸ਼ਾਸਤਰ ਦੱਸਦੇ ਹਨ। ਰਹਿੰਦੀ ਜ਼ਿੰਦਗੀ ਕਿਸੇ ਧਰਮ ਸਥਾਨ ‘ਤੇ ਕੱਟ ਲਵਾਂਗੇ। ਮਰਨਾ ਤਾਂ ਪਾਪ ਹੈ।’ ਇਹ ਕਹਿੰਦੀ ਰਾਮ ਪਿਆਰੀ ਦੇ ਹੰਝੂਆਂ ਦੀਆਂ ਧਰਾਲਾਂ ਵਗਣ ਲੱਗ ਪਈਆਂ, ‘ਮੇਰਾ ਮਨ ਹੁਣ ਵੀ ਇਹ ਆਖਦਾ ਹੈ ਕਿ ਸਾਡੇ ਨਾਲ ਜੋ ਭਾਣਾ ਵਰਤਿਆ, ਪੋਤਿਆਂ ਦੇ ਸਾਹਮਣੇ ਵਾਪਰਿਆ। ਉਹ ਜ਼ਰੂਰ ਆਪਣੇ ਮਾਂ ਬਾਪ ਤੋਂ ਬਾਗੀ ਹੋ ਕੇ ਆਪਣਾ ਪਤਾ ਕਰਨ ਆਉਣਗੇ। ਤਾਂ ਹੀ ਮੈਂ ਜਿਉਣਾ ਚਾਹੁੰਦੀ ਹਾਂ। ਮੈਂ ਤਾਂ ਹੁਣ ਵੀ ਅਣਸ ਨੂੰ ਸਰਾਪ ਨਹੀਂ ਦੇਵਾਂਗੀ।’
ਛੋਟੇ ਬਾਲ ਮੈਨੂੰ ਵੀ ਬਹੁਤ ਯਾਦ ਆ ਰਹੇ ਸਨ, ਪਰ ਮੈਂ ਇੰਨਾ ਹਫ ਚੁੱਕਾ ਸੀ ਕਿ ਰਾਮ ਪਿਆਰੀ ਨੂੰ ਧਰਵਾਸਾ ਵੀ ਨਾ ਦੇ ਸਕਿਆ। ਪਤਾ ਹੀ ਨਾ ਲੱਗਿਆ ਕਿ ਅਸੀਂ ਕਦੋਂ ਬੈਂਚ ‘ਤੇ ਸੌਂ ਗਏ।
ਜਾਗ ਖੁੱਲ੍ਹੀ ਤਾਂ ਕੋਈ ਭਲਾ ਪੁਰਸ਼ ਸਾਡੇ ਕੋਲ ਖੜਾ ਸੀ। ਮੈਂ ਵੀ ਦੁਨੀਆ ਦੇਖੀ ਸੀ। ਉਸ ਬੰਦੇ ਨੇ ਉਦੋਂ ਸਾਥੋਂ ਕੁਝ ਨਾ ਪੁੱਛਿਆ ਤੇ ਅਸੀਂ ਬਿਰਧ ਆਸ਼ਰਮ ਦੇ ਵਸਨੀਕ ਬਣ ਗਏ। ਪੰਡਿਤ ਜੀ ਕਈ ਵਾਰ ਯਤਨ ਕਰਦੇ ਕਿ ਮੇਰੇ ਦਿਲ ਅੰਦਰਲੀ ਪੀੜ ਦੀ ਥਾਹ ਪਾ ਸਕਣ। ਕਈ ਵਾਰੀ ਮੇਰੇ ਜੀਅ ‘ਚ ਵੀ ਆਉਂਦਾ ਕਿ ਸਾਰੀ ਹੋਈ ਬੀਤੀ ਉਨ੍ਹਾਂ ਨਾਲ ਸਾਂਝੀ ਕਰਾਂ। ਫਿਰ ਮਨ ਇਸ ਗੱਲ ਦੀ ਹਾਮੀ ਨਾ ਭਰਦਾ। ਸੋਚਦਾ ਕਿ ਇਹ ਵਿਚਾਰੇ ਭਲੇ ਪੁਰਸ਼ ਸਾਡੇ ਦੁੱਖ ਦਾ ਕੀ ਨਿਵਾਰਨ ਕਰਨਗੇ। ਜੇ ਪੁੱਤਾਂ ਦੇ ਮਨ ‘ਚ ਤਰਸ ਹੁੰਦਾ ਤਾਂ ਸਾਨੂੰ ਦਰ ਤੋਂ ਧੱਕਾ ਕਿਉਂ ਮਿਲਦਾ। ਪੁੱਤਾਂ ਵਾਲੀ ਜ਼ਹਿਰ ਤਾਂ ਅਸੀਂ ਗਲ ‘ਚ ਅਟਕਾਈ ਫਿਰਦੇ ਸੀ। ਫਿਰ ਵੀ ਪੋਤਿਆਂ ਲਈ ਮੋਹ ਦੀ ਛੱਲ ਉਛਾਨ ਪੈਦਾ ਕਰ ਦਿੰਦੀ। ਦਿਲ ‘ਚ ਆਉਂਦਾ ਕਿ ਇਕ ਵਾਰੀ ਉਨ੍ਹਾਂ ਮਾਸੂਮਾਂ ਨੂੰ ਦੇਖਣ ਦਾ ਸਬੱਬ ਬਣ ਜਾਵੇ। ਅਕਸਰ ਦੂਰ ਤੱਕ ਖਾਮੋਸ਼ੀ ਅਤੇ ਰੋਹੀ ਬੀਆਬਾਨ ‘ਚ ਮੇਰਾ ਮਨ ਧਾਹਾਂ ਮਾਰਨ ਨੂੰ ਕਰਦਾ।
ਇਕ ਦਿਨ ਰਾਮ ਪਿਆਰੀ ਤੋਂ ਰਿਹਾ ਨਾ ਗਿਆ। ਸਾਰੀ ਹੋਈ ਬੀਤੀ ਪੰਡਿਤ ਜੀ ਨੂੰ ਦੱਸ ਦਿੱਤੀ। ਪੰਡਿਤ ਜੀ ਅਜਿਹੀਆਂ ਦੁੱਖ ਭਰੀਆਂ ਕਹਾਣੀਆਂ ਸੁਣ-ਸੁਣ ਕੇ ਇੰਨੇ ਕੁ ਸਾਬਤ ਕਦਮ ਤਾਂ ਹੋ ਚੁੱਕੇ ਸਨ ਕਿ ਇਸ ਸੁੰਨੇ ਥਾਂ ‘ਤੇ ਵਸੇ ਤੇ ਆਪਣਿਆਂ ਵੱਲੋਂ ਦੁਰਕਾਰੇ ਦੁਖੀ ਜੀਵਾਂ ‘ਚ ਭਾਵ ਹੀਣ ਹੋ ਕੇ ਵਿਚਰੀ ਜਾਂਦੇ ਸਨ। ਹੋ ਸਕਦਾ ਹੈ ਕਿ ਦੁੱਖ ਭਾਰੂ ਪੈਣ ‘ਤੇ ਉਹ ਈਸ਼ਵਰ ਦੀ ਅਰਾਧਨਾ ‘ਚ ਲੀਨ ਹੋ ਕੇ ਅਜਿਹੇ ਬਿਹਬਲ ਕਰ ਦੇਣ ਵਾਲੇ ਬੰਦਿਆਂ ‘ਚ ਵਿਚਰਨ ਦਾ ਮਾਦਾ ਪੈਦਾ ਕਰ ਚੁੱਕੇ ਹੋਣ। ਰਾਮ ਪਿਆਰੀ ਦਾ ਦਰਦ ਦੇਖ ਕੇ ਪੰਡਿਤ ਜੀ ਨੇ ਆਪਣੇ ਦੋ ਸ਼ਿਸ਼ ਕਰਨ ਅਤੇ ਗੋਵਿੰਦਾ ਦਾ ਪਤਾ ਸਾਰ ਕਰਨ ਲਈ ਭੇਜ ਦਿੱਤਾ। ਸ਼ਿਸ਼ ਪਰਤ ਆਏ। ਸਾਡੇ ਲਈ ਹੋਰ ਵੀ ਮਾੜੀ ਖਬਰ ਸੀ। ਗੋਵਿੰਦਾ ਨੇ ਸੁਪਾਰੀ ਦੇ ਕੇ ਕਰਨ ਦਾ ਕਤਲ ਕਰਵਾ ਦਿੱਤਾ ਸੀ। ਗੋਵਿੰਦਾ ਜੇਲ ਵਿੱਚ ਸੀ। ਕੇਸਾਂ ‘ਚ ਫਸ ਕੇ ਸਾਡੀਆਂ ਦੋਵੇਂ ਨੂੰਹਾਂ ਪੇਕਿਆਂ ‘ਤੇ ਨਿਰਭਰ ਹੋ ਚੁੱਕੀਆਂ ਸਨ। ਇਸ ਮਾੜੇ ਵਕਤ ‘ਚ ਪੋਤਿਆਂ ਦਾ ਭਵਿੱਖ ਤਬਾਹ ਹੋ ਗਿਆ ਸੀ। ਪੜ੍ਹਾਈ ਛੁੱਟ ਗਈ ਸੀ। ਇਹ ਖਬਰ ਸੁਣ ਕੇ ਰਾਮ ਪਿਆਰੀ ਕਈ ਦਿਨ ਰੋਂਦੀ ਰਹੀ। ਮੈਂ ਵੀ ਰੋਂਦਾ ਰਿਹਾ। ਇਕ ਸ਼ਾਮ ਥੋੜ੍ਹੀ ਸੰਭਲੀ ਹੋਈ ਰਾਮ ਪਿਆਰੀ ਬੋਲੀ, ‘ਜੀ ਬਹੁਤ ਕੁਝ ਵਾਪਰ ਗਿਆ, ਪਰ ਮੇਰਾ ਜੀਅ ਮੰਨਦਾ ਹੈ ਕਿ ਪਰਮਾਤਮਾ ਇਕ ਦਿਨ ਪੋਤਿਆਂ ਦਾ ਮੋਹ ਮਿਲਾਪ ਕਰਾ ਕੇ ਛੱਡੇਗਾ।’
ਮੇਰਾ ਕੰਬਦਾ ਹੱਥ ਰਾਮ ਪਿਆਰੀ ਦੇ ਸਿਰ ‘ਤੇ ਸੀ। ਮੈਂ ਹੁੰਗਾਰਾ ਵੀ ਭਰ ਰਿਹਾ ਸੀ। ਮੇਰੀ ਡਬਡਬਾਈ ਨਜ਼ਰ ਪਰ੍ਹੇ ਟਿੱਬਿਆਂ ਓਹਲੇ ਅਸਰ ਹੋ ਰਹੇ ਸੂਰਜ ਵੱਲ ਵੀ ਦੇਖ ਰਹੀ ਸੀ।