ਕਾਲੇ ਦੌਰ ਨੂੰ ਯਾਦ ਕਰਦਿਆਂ ਅੱਜ ਵੀ ਦਹਿਲ ਜਾਂਦੇ ਹਨ ਅਜਨਾਲੇ ਦੇ ਕਿਸਾਨ


ਅਜਨਾਲਾ, 31 ਮਈ (ਪੋਸਟ ਬਿਊਰੋ)- ਅਜਨਾਲੇ ਦੇ ਮਸ਼ਹੂਰ ਕਿਸਾਨ ਸਤਿਨਾਮ ਸਿੰਘ ਨੇ 1984 ਦੇ ਕਾਲੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਹੁਣ ਤੇ ਉਦੋਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਅਸੀ ਸ਼ਾਂਤੀ ਵਿਚ ਰਹਿ ਰਹੇ ਹਾਂ। ਅਸੀਂ ੳਸ ਦੌਰ ਵਿਚੋਂ ਗੁਜਰੇ ਹਾਂ, ਜਦੋਂ ਕਈ ਵਿਹਲਿਆਂ ਨੇ ਉਠ ਕੇ ਪ੍ਰੋਪਗੰਡਾ ਸ਼ੁਰੂ ਕੀਤਾ ਤੇ ਦੰਗੇ-ਫਸਾਦ ਕਰਵਾ ਦਿੱਤੇ। ਉਨ੍ਹਾਂ ਕਿਹਾ ਸਦੀਆਂ ਤੋਂ ਹਿੰਦੂ-ਸਿੱਖ ਇਕ ਦੂਜੇ ਦੇ ਦੁੱਖ-ਸੁਖ ਵਿਚ ਸਾਥ ਦਿੰਦੇ ਰਹੇ ਹਨ ਤੇ ਫੇਰ ਪਤਾ ਨਹੀਂ ਕਿਉਂ ਪੰਜਾਬ ਨੂੰ ਇਕ ਫਿਰਕੂ ਸੂਬਾ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਕੁੱਝ ਅਜਿਹੇ ਲੋਕ ਸਨ, ਜਿਨ੍ਹਾਂ ਦਾ ਕੰਮ ਇਕ ਭੜਕਾਊ ਬਿਆਨ ਦੇ ਕੇ ਕਿਸੇ ਦੀ ਬੇਇੱਜ਼ਤੀ ਕਰਨਾ ਸੀ, ਇਸ ਦੌਰਾਨ ਕਈ ਅਨਪੜ੍ਹ ਮਗਰ ਲੱਗ ਤੁਰਦੇ ਅਤੇ ਪੜ੍ਹੇ ਲਿਖੇ ਮਹੌਲ ਨੂੰ ਠੀਕ ਰੱਖਣ ਦਾ ਵਾਸਤਾ ਪਾਉਂਦੇ ਰਹਿੰਦੇ। ਉਨ੍ਹਾਂ ਕਿਹਾ ਮੈਂ ਫਿਰੋਜ਼ਪੁਰ ਤੋਂ ਇਥੇ ਆ ਕੇ ਵਸਿਆ ਹਾਂ ਤੇ ਹੁਣ ਜੀਵਨ ਬੜਾ ਸ਼ਾਂਤਮਈ ਹੈ। ਉਨ੍ਹਾਂ ਕਿਹਾ ਕਿ ਸਾਡਾ ਕਦੇ ਕਿਸੇ ਨਾਲ ਤਕਰਾਰ ਨਹੀ ਹੋਇਆ। ਉਨ੍ਹਾਂ ਕਿਹਾ ਕਿ ਉਦੋਂ ਸੜਕਾਂ ਕੱਚੀਆਂ ਸਨ ਤੇ ਬਿਜਲੀ ਦੀ ਘਾਟ ਸੀ, ਪਰ ਹੁਣ ਤਾਂ ਅੰਨ੍ਹੇ ਨੂੰ ਵੀ ਵਿਕਾਸ ਦਾ ਪਤਾ ਲੱਗਦਾ ਹੈ। ਸਤਨਾਮ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ ਚੌਪਾਲ ਵਿਖੇ ਹਰ ਸ਼ਾਮ ਬਜੁਰਗਾਂ ਵਿਚ ਬੈਠਦੇ ਹਨ ਤੇ ਜਿੰਦਗੀ ਦੇ ਤਜਰਬੇ ਦੀਆਂ ਗੱਲਾਂ ਕਰਦੇ ਹਨ। ਅੱਜ ਵੀ ਬਜ਼ੁਰਗ 1984 ਨੂੰ ਯਾਦ ਕਰ ਦਹਿਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸਮਾਂ ਉਨ੍ਹਾਂ ਲਈ ਸਭ ਤੋ ਬਿਹਤਰੀਨ ਸਮਾਂ ਹੈ ਕਿ ਇਸ ਸਮੇ ਸਮਾਜ ਵਿਚ ਸ਼ਾਂਤੀ ਹੈ। ਉਨ੍ਹਾਂ ਕਿਹਾ ਅਸੀ ਹਿੰਦੂ ਸਿੱਖ ਇਥੇ ਪਿਆਰ ਨਾਲ ਰਹਿ ਰਹੇ ਹਾਂ। ਕੁੱਝ ਫਿਰਕਾਪ੍ਰ਼ਸਤ ਵਿਦੇਸ਼ੀ ਸਾਡੀ ਸ਼ਾਂਤੀ ਭੰਗ ਕਰਨ ਦੀ ਕੋਸਿ਼ਸ਼ ਨਾ ਕਰਨ।