ਕਾਲਾ ਹਿਰਨ ਸ਼ਿਕਾਰ ਮਾਮਲਾ: ਸਲਮਾਨ ਖਾਨ ਦੀ ਸਜ਼ਾ ਸਸਪੈਂਡ, ਮਿਲੀ ਜ਼ਮਾਨਤ

ਜੋਧਪੁਰ, 7 ਅਪ੍ਰੈਲ (ਪੋਸਟ ਬਿਊਰੋ)- ਕਾਲਾ ਹਿਰਨ ਸ਼ਿਕਾਰ ਮਾਮਲਾ ਕਰਨ ਦੇ ਦੋਸ਼ ‘ਚ ਮਿਲੀ ਸਜ਼ਾ ਦੇ ਖਿਲਾਫ ਸਲਮਾਨ ਖਾਨ ਦੀ ਜ਼ਮਾਨਤ ਯਾਚਿਕਾ ‘ਤੇ ਸੇਸ਼ਨ ਕੋਰਟ ਦਾ ਫੈਸਲਾ ਆ ਗਿਆ ਹੈ। ਸਲਮਾਨ ਖਾਨ ਦੀ ਸਜ਼ਾ ਸਸਪੈਂਡ ਕਰ ਦਿੱਤੀ ਗਈ ਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਦੱਸ ਦੇਈਏ ਕਿ ਸਲਮਾਨ ਨੂੰ 50 ਹਜ਼ਾਰ ਦੇ ਮੁਚਲਕੇ ‘ਤੇ ਜ਼ਮਾਨਤ ਮਿਲੀ ਹੈ। ਸਲਮਾਨ ਖਾਨ ਸ਼ਾਮ 5:30 ਵਜੇ ਦੇ ਕਰੀਬ ਜੇਲ ਤੋਂ ਬਾਹਰ ਆ ਗਏ ਤੇ ਚਾਰਟਰਡ ਪਲੇਨ ਰਾਹੀਂ ਮੁੰਬਈ ਲਈ ਰਵਾਨਾ ਹੋਏ। ਜਿਥੇ ਸਲਮਾਨ ਨੂੰ ਜ਼ਮਾਨਤ ਮਿਲ ਰਹੀ ਹੈ, ਉਥੇ ਹੀ ਦੱਸਿਆ ਜਾ ਰਿਹਾ ਹੈ ਬਿਸ਼ਨੋਈ ਸਮਾਜ ਕੋਰਟ ‘ਚ ਇਕ ਵਾਰ ਫਿਰ ਅਪੀਲ ਕਰੇਗਾ। ਸਲਮਾਨ ਖਾਨ ਨੂੰ 7 ਮਈ ਤੋਂ ਪਹਿਲਾਂ ਕੋਰਟ ‘ਚ ਪੇਸ਼ ਹੋਣਾ ਪਵੇਗਾ। ਦੱਸਣਯੋਗ ਹੈ ਕਿ 1998 ‘ਚ ਜੋਧਪੁਰ ‘ਚ ਆਪਣੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ‘ਤੇ ਤਿੰਨ ਵੱਖ-ਵੱਖ ਥਾਵਾਂ ‘ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ।