ਕਾਲਜਾਂ ਦੀ ਹੜਤਾਲ : ਸ਼ਰਮਨਾਕ ਅਸਫ਼ਲਤਾ ਉੱਤੇ ਚੁੱਪ ਦਾ ਨਕਾਬ

16 ਅਕਤੂਬਰ ਤੋਂ ਉਂਟੇਰੀਓ ਦੇ 24 ਪਬਲਿਕ ਕਾਲਜ ਬੰਦ ਹਨ ਜਿਸ ਕਾਰਣ ਪੰਜ ਲੱਖ ਵਿੱਦਿਆਰਥੀਆਂ ਦੇ ਭੱਵਿਖ ਦਾ ਨੁਕਸਾਨ ਹੋ ਰਿਹਾ ਹੈ। ਸਾਡੀ ਵਿਵਸਥਾ ਦਾ ਹਾਲ ਇਹ ਹੈ ਕਿ ਅਸੀਂ ਸਿਰਫ਼ ਪੰਜ ਲੱਖ ਵਿੱਦਿਆਰਥੀਆਂ ਦੀ ਗੱਲ ਕਰ ਕੇ ਚੁੱਪ ਹੋ ਜਾਂਦੇ ਹਾਂ। ਕਿਸੇ ਸ਼ਹਿਰ ਵਿੱਚ ਕੋਈ ਚੋਰ ਅਨੋਖੇ ਢੰਗ ਨਾਲ ਚੋਰੀ ਕਰ ਕੇ ਭੱਜ ਜਾਵੇ ਜਾਂ ਫੜਿਆ ਜਾਵੇ ਤਾਂ ਕੈਨੇਡਾ ਭਰ ਦੇ ਟੀ ਵੀ ਚੈਨਲ ਅਤੇ ਅਖ਼ਬਾਰ ਉਸਦੀ ਖ਼ਬਰ ਨੂੰ ਸਿਰ ਚੁੱਕੀ ਰੱਖਦੇ ਹਨ। ਕਿਤੇ ਭੁੱਕੀ ਫੜੀ ਗਈ ਜਾਂ ਕਿਸੇ ਸਿਆਸਤਦਾਨ ਨੇ ਗਲਤੀ ਨਾਲ ਆਮ ਧਾਰਨਾ ਤੋਂ ਉਲਟ ਬਿਆਨ ਦੇ ਦਿੱਤਾ ਤਾਂ ਇੰਝ ਜਾਪਦਾ ਹੈ ਕਿ ਅੱਜ ਕੈਨੇਡਾ ਭਰ ਵਿੱਚ ਭੂਚਾਲ ਆਇਆ ਹੋਇਆ ਹੈ। ਪਰ 5 ਲੱਖ ਵਿੱਦਿਆਰਥੀਆਂ ਦੇ ਭੱਵਿਖ ਨੂੰ ਸੰਕਟ ਵਿੱਚ ਪਾ ਕੇ ਸਾਡੀ ਵਿਵਸਥਾ ਲੱਗ ਭੱਗ ਤਿੰਨ ਹਫ਼ਤੇ ਤੋਂ ਆਰਾਮ ਦੀ ਨੀਂਦ ਸੌ ਰਹੀ ਹੈ।

ਹੜਤਾਲ ਕਿਉਂ ਹੋਈ ਅਤੇ ਕਿਸ ਦੀ ਗਲਤੀ ਨਾਲ ਹੋਈ, ਇਸਦਾ ਮੁਤਾਲਿਆ ਕਰਨਾ ਸੌਖਾ ਹੈ ਕਿਉਂਕਿ ਹਰ ਧਿਰ ਆਪਣੇ ਗਿਲਿਆਂ ਸਿ਼ਕਵਿਆਂ ਨੂੰ ਦੂਜੇ ਦੇ ਵਿਹੜੇ ਛੱਜ ਪਾ ਕੇ ਛੱਟ ਰਹੀ ਹੈ। ਜੇ ਇੱਕ ਨੂੰ ਵੱਧ ਤਨਖਾਹ ਦੇਣੀ ਔਖੀ ਤਾਂ ਦੂਜੇ ਨੂੰ ਤਨਖਾਹ ਘੱਟ ਲੈਣੀ ਦੁਸ਼ਵਾਰ ਨਹੀਂ। ਕਿਸੇ ਨੂੰ ਖਿਆਲ ਨਹੀਂ ਆ ਰਿਹਾ ਕਿ 5 ਲੱਖ ਵਿੱਦਿਆਰਥੀ ਕੋਈ ਤੀਜੇ ਮਹਾਂਦੀਪ ਵਿੱਚ ਵੱਸਦਾ ਅਲੱਗ ਥੱਲਗ ਹੋਇਆ ਗੁੱਟ ਨਹੀਂ ਹੈ ਸਗੋਂ ਆਪਣੇ ਮਾਪਿਆਂ ਪਰਿਵਾਰਾਂ ਨਾਲ ਉਂਟੇਰੀਓ ਵਿੱਚ ਆਪਣੇ ਵੱਸਦੇ ਬੱਚੇ ਹਨ। ਜੇ ਇਹ ਪੰਜ ਲੱਖ ਵਿੱਦਿਆਰਥੀ 4 ਲੱਖ ਪਰਿਵਾਰਾਂ ਨਾਲ ਵੀ ਸਬੰਧਿਤ ਹੋਣ ਤਾਂ ਘੱਟ ਤੋਂ ਘੱਟ 15 -10 ਲੱਖ ਵਿਅਕਤੀ ਇਸ ਹੜਤਾਲ ਤੋਂ ਪੀੜਤ ਹਨ। ਪੀੜਤ ਸ਼ਬਦ ਇਸ ਲਈ ਕਿ ਕੌਣ ਹੈ ਜੋ ਆਪਣੇ ਬੇਟੇ, ਬੇਟੀ, ਭੈਣ ਭਰਾ ਦਾ ਸਾਲ ਖਰਾਬ ਹੁੰਦਾ ਵੇਖ ਚਿੰਤਾ ਨਹੀਂ ਕਰਦਾ ਹੋਵੇਗਾ।

ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਕਈ ਕਾਲਜਾਂ ਦੇ ਅਧਿਆਪਕਾਂ ਨੇ ਹੜਤਾਲ ਦੀ ਧੌਂਸ ਜਮਾਉਣ ਵਾਸਤੇ ਵਿੱਦਿਆਰਥੀਆਂ ਨੂੰ ‘ਕੋ-ਆਪ’ ਉੱਤੇ ਜਾਣ ਦੀ ਵੀ ਮਨਾਹੀ ਕਰ ਦਿੱਤੀ ਹੈ। ‘ਕੋ-ਅੱਪ’ ਵਿੱਦਿਆਰਥੀ ਕਾਲਜ ਤੋਂ ਬਾਹਰ ਕਿਸੇ ਵਿਉਪਾਰਕ ਅਦਾਰੇ ਜਾਂ ਕਮਿਉਨਿਟੀ ਸੰਸਥਾ ਵਿੱਚ ਆਪਣੇ ਕੋਰਸ ਦੀ ਪੂਰਤੀ ਲਈ ਪਰੈਕਟੀਕਲ ਅਨੁਭਵ ਹਾਸਲ ਕਰਨ ਲਈ 4-6 ਮਹੀਨੇ ਜਾਂਦੇ ਹਨ। ਇਹਨਾਂ ਵਿੱਦਿਆਰਥੀਆਂ ਲਈ ਡਿਪਲੋਮਾ/ਡਿਗਰੀ ਹਾਸਲ ਕਰਨ ਲਈ ਇਹ ਅਨੁਭਵ ਲੈਣਾ ਲਾਜ਼ਮੀ ਹੈ। ਇਸਦੀ ਕੌੜੀ ਮਿਸਾਲ ਬਰੈਂਪਟਨ ਦਾ ਸ਼ੈਰੀਡਾਨ ਕਾਲਜ ਹੈ ਜਿਸਨੇ ‘ਕੋ-ਅੱਪ’ ਤੋਂ ਮਨਾਹੀ ਕੀਤੀ ਹੋਈ ਹੈ। ਦੂਜੇ ਪਾਸੇ ਸੈਨੇਕਾ ਕਾਲਜ ਦੇ ‘ਕੋ-ਅੱਪ’ ਵਿੱਦਿਆਰਥੀ ਆਪਣਾ ਅਨੁਭਵ ਜਾਰੀ ਰੱਖ ਰਹੇ ਹਨ। ਪੰਜਾਬੀ ਪੋਸਟ ਟੀਮ ਕੋਲ ਇਹਨਾਂ ਦੋ ਕਾਲਜਾਂ ਦੀ ਹੀ ਜਾਣਕਾਰੀ ਹਾਸਲ ਹੈ। ਮਜ਼ੇਦਾਰ ਗੱਲ ਤਾਂ ਇਹ ਹੈ ਕਿ ਜਿੱਥੇ ਵੀ ਮਾੜੇ ਸਿਸਟਮ ਦੀ ਮਿਸਾਲ ਨਿਕਲਣੀ ਹੋਵੇ ਤਾਂ ਬਰੈਂਪਟਨ ‘ਫਲਾਈਂਗ ਕਲਰਜ਼’ ਨਾਲ ਪਾਸ ਹੋ ਜਾਂਦਾ ਹੈ। ਵਰਨਣਯੋਗ ਹੈ ਕਿ ਬਰੈਂਪਟਨ ਦੇ ਸ਼ੈਰੀਡਾਨ ਕਾਲਜ ਵਿੱਚ ਦੇਸੀ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਪੰਜਾਬੀ ਵਿੱਦਿਆਰਥੀਆਂ ਦੀ ਗਿਣਤੀ ਲੱਗਭੱਗ 10 ਹਜ਼ਾਰ ਹੈ। ਇਸ ਆਰਟੀਕਲ ਨੂੰ ਪੜਨ ਵਾਲੇ ਇਹਨਾਂ ਦਸ ਹਜ਼ਾਰ ਬੱਚਿਆਂ ਦੇ ਪਰਿਵਾਰਕ ਮੈਬਰ ਸਹਿਮਤ ਵੀ ਹੋਣਗੇ ਕਿ ਇਹ ਵਰਤਾਰਾ ਕਿੰਨਾ ਕੌੜਾ ਹੈ।

ਵਿੱਦਿਆਰਥੀ ਐਨੇ ਹੱਤਾਸ਼ ਹਨ ਕਿ ਉਹਨਾਂ ਨੇ ਕਾਲਜਾਂ ਨੂੰ ਦਿੱਤੀਆਂ ਟਿਊਸ਼ਨ ਫੀਸਾਂ ਮੋੜਨ ਦੀ ਮੰਗ ਲਈ ਮੁਹਿੰਮ ਚਲਾ ਰੱਖੀ ਹੈ। ਉਹਨਾਂ ਦਾ ਨਾਅਰਾ ਹੈ ਕਿ ਸਾਡੀਆਂ ਫੀਸਾਂ ਵਿੱਚੋਂ ਤੁਹਾਡੀਆਂ ਤਨਖਾਹਾਂ ਨਿਕਲਦੀਆਂ ਹਨ। ਚਲਾਈ ਗਈ ਪਟੀਸ਼ਨ ਉੱਤੇ ਡੇਢ ਲੱਖ ਲੋਕਾਂ ਨੇ ਸਾਈਨ ਕੀਤਾ ਹੈ। ਅਮਰੀਕਾ ਵਿੱਚ ਕਨੂੰਨ ਹੈ ਕਿ ਜੇਕਰ ਕੋਈ ਪਟੀਸ਼ਨ 1 ਲੱਖ ਤੋਂ ਵੱਧ ਟੱਪ ਜਾਵੇ ਤਾਂ ਵ੍ਹਾਈਟ ਹਾਊਸ ਨੂੰ ਲਾਜ਼ਮੀ ਰੂਪ ਵਿੱਚ ਉਸਦਾ ਜਵਾਬ ਦੇਣਾ ਪੈਂਦਾ ਹੈ। ਪਰ ਉਂਟੇਰੀਓ ਵਿੱਚ ਆਪਣੇ ਧੀਆਂ ਪੁੱਤਰਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ। ਬਹੁਤ ਸਾਰੇ ਕਾਲਜ ਵਿੱਦਿਆਰਥੀ ਉਹ ਹਨ ਜਿਹਨਾਂ ਦੇ ਮੋਢਿਆਂ ਉੱਤੇ ਪਰਿਵਾਰਕ ਜੁੰਮੇਵਾਰੀਆਂ ਹਨ, ਤੀਬਰਤਾ ਨਾਲ ਰੁਜ਼ਗਾਰ ਦਾ ਰਾਹ ਵੇਖ ਰਹੇ ਹਨ।

ਪਰਸੋਂ ਪ੍ਰੀਮੀਅਰ ਕੈਥਲਿਨ ਵਿੱਨ ਦਾ ਦਿੱਤਾ ਬਿਆਨ ਕਿ ਅਸੀਂ ਬੈਕ ਟੂ ਵਰਕ ਕਨੂੰਨ ਲਾਗੂ ਕਰਾਂਗੇ, ਬਹੁਤ ਦੇਰ ਨਾਲ ਆਇਆ ਬਹੁਤ ਕਮਜ਼ਰੋ ਪ੍ਰਤੀਕਰਮ ਸੀ। ਇਹ ਬਿਆਨ ਸਿਆਸੀ ਲੋੜ ਪੱਖੋਂ ਦਰੁਸਤ ਹੋ ਸਕਦਾ ਹੈ ਪਰ ਸਰਕਾਰੀ ਦਿਆਨਤਦਾਰੀ ਅਤੇ ਜੁੰਮੇਵਾਰੀ ਤੋਂ ਕਿਤੇ ਪੱਛੜ ਕੇ ਮਜਬੂਰੀ ਵਿੱਚੋਂ ਨਿਕਲੇ ਸ਼ਬਦ ਸਨ। ਹੁਣ ਲੇਬਰ ਮੰਤਰਾਲੇ ਦੇ ਮੀਡੀਏਟਰ ਭਾਵ ਵਿਚੋਲੀਏ ਨੇ ਦੋਵੇਂ ਧਿਰਾਂ (ਕਾਲਜਾਂ ਦੀ ਯੂਨੀਅਨ ਅਤੇ ਕਾਲਜ ਇੰਪਲਾਇਰ) ਨੂੰ ਅੱਜ ਦਿਨ ਵੀਰਵਾਰ ਨੂੰ ਦੁਬਾਰਾ ਗੱਲਬਾਤ ਕਰਨ ਲਈ ਬੁਲਾਇਆ ਹੈ। ਹੱਥਲਾ ਆਰਟੀਕਲ ਲਿਖਣ ਤੱਕ ਅਧਿਆਪਕ ਯੂਨੀਅਨ ਆਖ ਰਹੀ ਹੈ ਕਿ ਵਿੱਦਿਆਰਥੀ ਇਸ ਗੱਲ ਦੀ ਤਵੱਕੋ ਨਾ ਕਰਨ ਕਿ ਗੱਲਬਾਤ ਦੇ ਸਿੱਟੇ ਚੰਗੇ ਹੀ ਨਿਕਲਣਗੇ। ਵਾਹਿਗੁਰੂ ਇਹੋ ਜਿਹੀ ਸੁਮੱਤ ਕਿਸੇ ਨੂੰ ਨਾ ਬਖਸ਼ੇ ਜਿੱਥੇ ਵਿੱਦਿਆ ਦਾ ਗਿਆਨ ਦੇਣ ਵਾਲੀ ਪੂਰੀ ਦੀ ਪੂਰੀ ਜਮਾਤ ਆਉਣ ਵਾਲੀ ਪੀੜੀ ਨੂੰ ਆਪਣੀ ਬੁੱਕਤ ਦਾ ਅਹਿਸਾਸ ‘ਵਿੱਦਿਆ ਲਈ ਰਾਜ਼ੀ ਨਾ ਹੋਣ’ ਦੀ ਧੌਂਸ ਵਿੱਚੋਂ ਕਰਵਾ ਰਹੀ ਹੈ।

ਕੋਈ ਵੀ ਅਧਿਆਪਕਾਂ ਦੇ ਹੱਕਾਂ ਦੇ ਵਿਰੁੱਧ ਨਹੀਂ ਹੋ ਸਕਦਾ ਪਰ ਵਿੱਦਿਆਰਥੀਆਂ ਦੇ ਭੱਵਿਖ ਤੋਂ ਵੱਡਾ ਕਿਸੇ ਦਾ ਵੀ ਕੈਰੀਅਰ ਨਹੀਂ ਹੋਣਾ ਚਾਹੀਦਾ। ਅੱਜ ਜੋ ਬੀਜਾਂਗੇ ਕੱਲ ਵੱਢਾਂਗੇ। ਕੱਲ ਨੂੰ ਸਮਾਜ ਇਹਨਾਂ ਵਿੱਦਿਆਰਥੀਆਂ ਕੋਲੋਂ ਕਿਹੋ ਜਿਹੀ ਸਮਾਜਕ ਜੁੰਮੇਵਾਰੀ ਨਿਭਾਉਣ ਦੀ ਤਵੱਕੋ ਰੱਖਦਾ ਹੈ? ਚੰਗੇ ਸ਼ਹਿਰ ਸੈਕੰਡਰੀ ਸਕੂਲ ਵਿੱਚ 40 ਘੰਟੇ ਕੀਤੇ ਵਾਲੰਟੀਅਰ ਕੰਮ ਨਾਲ ਨਹੀਂ ਉਪਜਦੇ, ਜੀਵਨ ਦੀਆਂ ਕੌੜੀਆਂ ਹਕੀਕਤਾਂ ਵਿੱਚੋਂ ਪੈਦਾ ਹੁੰਦੇ ਹਨ।