ਕਾਰ ਹਾਦਸੇ ਵਿੱਚ 2 ਟੀਨੇਜਰ ਹਲਾਕ, 2 ਜ਼ਖ਼ਮੀ

3
-ਹਾਦਸੇ ਲਈ ਕਿਊਬਿਕ ਦਾ 15 ਸਾਲਾ ਲੜਕਾ ਚਾਰਜ
ਮਾਂਟਰੀਅਲ, 9 ਅਕਤੂਬਰ (ਪੋਸਟ ਬਿਊਰੋ) : 15 ਸਾਲਾ ਲੜਕੇ ਨੂੰ ਆਪਣੇ ਦੋਸਤਾਂ ਨੂੰ ਕਾਰ ਵਿੱਚ ਘੁਮਾਉਣਾ ਉਦੋਂ ਮਹਿੰਗਾ ਪੈ ਗਿਆ ਜਦੋਂ ਕਾਰ ਉਸ ਦੇ ਕਾਬੂ ਤੋਂ ਬਾਹਰ ਹੋ ਗਈ। ਜਿਸ ਕਾਰਨ ਦੋ ਟੀਨੇਜਰਜ਼ ਦੀ ਮੌਤ ਹੋ ਗਈ ਤੇ ਦੋ ਹੋਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ।
ਸੋਮਵਾਰ ਨੂੰ ਥੈਂਕਸਗਿਵਿੰਗ ਵਾਲੇ ਦਿਨ 2:00 ਵਜੇ ਦੇ ਨੇੜੇ ਤੇੜੇ ਜੋਲਿਏਟੇ, ਕਿਊਬਿਕ ਵਿੱਚ ਇੱਕ ਰੁੱਖ ਨਾਲ ਟਕਰਾ ਜਾਣ ਤੋਂ ਬਾਅਦ ਉੱਥੇ ਹੀ ਫਸੀ ਵੋਕਸਵੈਗਨ ਜੈਟਾ ਵਿੱਚ ਫਸੀਆਂ ਟੀਨੇਜਰਜ਼ ਦੀਆਂ ਲਾਸ਼ਾਂ ਨੂੰ ਕੱਢਣ ਲਈ ਫਾਇਰਫਾਈਟਰਜ਼ ਨੂੰ ਕਾਰ ਕੱਟਣੀ ਪਈ। ਪੁਲਿਸ ਨੇ ਦੱਸਿਆ ਕਿ ਤੇਜ਼ ਰਫਤਾਰੀ ਹੀ ਇਸ ਹਾਦਸੇ ਦਾ ਕਾਰਨ ਹੋ ਸਕਦੀ ਹੈ। 17 ਤੇ 14 ਸਾਲਾ ਦੋ ਲੜਕਿਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ 13 ਤੇ 16 ਸਾਲਾਂ ਦੇ ਲੜਕਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਨਾਜੁ਼ਕ ਦੱਸੀ ਜਾਂਦੀ ਹੈ।
15 ਸਾਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਪਰ ਉਸ ਨੂੰ ਮੁਜਰਮਾਨਾ ਅਣਗਹਿਲੀ ਜਿਸ ਕਾਰਨ ਮੌਤਾਂ ਹੋਈਆਂ ਤੇ ਖਤਰਨਾਕ ਡਰਾਈਵਿੰਗ ਲਈ ਚਾਰਜ ਕੀਤਾ ਗਿਆ ਹੈ। ਇਹ ਸਾਰੇ ਟੀਨੇਜਰਜ਼ ਮਾਂਟਰੀਅਲ ਦੇ ਉੱਤਰਪੂਰਬ ਵਿੱਚ ਸਥਿਤ ਲਵਲਟਰੀ ਤੋਂ ਸਨ। ਦੋ ਸਥਾਨਕ ਲੜਕਿਆਂ ਜੋਸੂ਼ਆ ਤੇ ਇਸਾਕ ਲੇਮੇ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਵੀ ਇਨ੍ਹਾਂ ਲੋਕਾਂ ਨਾਲ ਜੌਏ ਰਾਈਡ ਉੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਉਸ ਸਮੇਂ ਵੀ ਕਾਰ ਬਹੁਤ ਤੇਜ਼ ਜਾ ਰਹੀ ਸੀ।
13 ਸਾਲਾ ਲੇਮੇ ਨੇ ਆਖਿਆ ਕਿ ਮਾਪਿਆਂ ਦੀ ਕਾਰ ਲੈ ਕੇ ਜਾਣ ਨਾਲ ਨੌਜਵਾਨਾਂ ਵਿੱਚ ਅਜ਼ਾਦੀ ਦਾ ਜੋਸ਼ ਭਰ ਜਾਂਦਾ ਹੈ ਪਰ ਹਾਦਸੇ ਤੋਂ ਬਾਅਦ ਇਨ੍ਹਾਂ ਦੋਵਾਂ ਬੱਚਿਆਂ ਨੇ ਦੱਸਿਆ ਕਿ ਉਹ ਵੀ ਇਸ ਤਰ੍ਹਾਂ ਦੀ ਖਤਰਨਾਕ ਡਰਾਈਵ ਉੱਤੇ ਜਾ ਚੁੱਕੇ ਹਨ। ਉਨ੍ਹਾਂ ਦੇ ਪਿਤਾ ਐਲੇਨ ਲੇਮੇ ਨੇ ਦੱਸਿਆ ਕਿ ਉਸ ਨੇ ਅਜਿਹੀ ਖੁਸ਼ੀ ਦੇ ਖਤਰਿਆਂ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਹੈ। ਸੋਮਵਾਰ ਨੂੰ ਉਨ੍ਹਾਂ ਇੱਕ ਮ੍ਰਿਤਕ ਲੜਕੇ ਦੇ ਘਰ ਜਾ ਕੇ ਦੁੱਖ ਸਾਂਝਾ ਵੀ ਕੀਤਾ।