ਕਾਰ ਵਿੱਚ ਅੱਗ ਲੱਗਣ ਨਾਲ ਭਾਜਪਾ ਨੇਤਾ ਦਾ ਬੇਟਾ ਜਿੰਦਾ ਸੜਿਆ

bjp neta son
ਅਬੋਹਰ, 17 ਫਰਵਰੀ (ਪੋਸਟ ਬਿਊਰੋ)- ਸਥਾਨਕ ਭਾਜਪਾ ਨੇਤਾ ਧਨਪਤ ਸਿਹਾਗ ਦੇ ਛੋਟੇ ਬੇਟੇ ਦੀ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਭਾਨੀਪੁਰਾ ਥਾਣਾ ਖੇਤਰ ਵਿੱਚ ਬੀਤੇ ਐਤਵਾਰ ਕਾਰ ਵਿੱਚ ਸੜਨ ਕਾਰਨ ਮੌਤ ਹੋ ਗਈ।
ਅਬੋਹਰ ਦੇ ਪਿੰਡ ਵਰਿਆਮ ਖੇੜਾ ਦੀ ਕੋਆਪਰੇਟਿਵ ਬੈਂਕ ਦੇ ਉਪ ਚੇਅਰਮੈਨ ਤੇ ਭਾਜਪਾ ਦੇ ਸੀਨੀਅਰ ਨੇਤਾ ਧਨਪਤ ਸਿਹਾਗ ਦਾ ਚਾਲੀ ਸਾਲਾ ਬੇਟਾ ਰਾਕੇਸ਼ ਚੁਰੂ ਜ਼ਿਲ੍ਹੇ ਵਿੱਚ ਕਿੰਨੂ ਦੇ ਬਾਗ ਦਾ ਹਿਸਾਬ-ਕਿਤਾਬ ਕਰਨ ਗਿਆ ਸੀ, ਪ੍ਰੰਤੂ ਵਾਪਸ ਨਹੀਂ ਮੁੜਿਆ। ਪਰਵਾਰ ਵਾਲੇ ਤਿੰਨ ਦਿਨ ਤੋਂ ਉਸ ਦੀ ਤਲਾਸ਼ ਕਰ ਰਹੇ ਸਨ। ਉਨ੍ਹਾਂ ਨੂੰ ਕੱਲ੍ਹ ਚੁਰੂ ਜ਼ਿਲ੍ਹੇ ਵਿੱਚ ਹੋਈ ਘਟਨਾ ਦਾ ਪਤਾ ਲੱਗਾ ਤਾਂ ਓਥੇ ਪਹੁੰਚੇ ਤੇ ਹੱਥ ਵਿੱਚ ਪਹਿਨੇ ਕੜੇ ਤੋਂ ਬੇਟੇ ਦੀ ਪਛਾਣ ਕੀਤੀ।
12 ਫਰਵਰੀ ਦੀ ਰਾਤ ਨੂੰ ਚੁਰੂ ਜ਼ਿਲ੍ਹੇ ਵਿੱਚ ਭਾਨੀਪੁਰਾ ਥਾਣਾ ਖੇਤਰ ਵਿੱਚ ਸਾਡਾਸਰ ਪਿੰਡ ਦੇ ਨੇੜੇ ਹਾਈਵੇ ਦੀ ਕੁਝ ਦੂਰੀ ‘ਤੇ ਬੰਦ ਪਏ ਭਵਾਨੀ ਹੋਟਲ ਨੇੜੇ ਕੁਝ ਲੋਕਾਂ ਨੇ ਇੱਕ ਕਾਰ ਸੜਦੀ ਦੇਖੀ ਤਾਂ ਪੁਲਸ ਨੂੰ ਸੂਚਨਾ ਦਿੱਤੀ। ਸਰਦਾਰ ਸ਼ਾਹ ਦੇ ਡੀ ਐੱਸ ਪੀ ਦੇਵਾਨੰਦ ਰਾਤ ਲਗਭਗ 9.30 ਵਜੇ ਘਟਨਾ ਵਾਲੀ ਥਾਂ ਪਹੁੰਚੇ। ਅੱਗ ਉੱਤੇ ਕਾਬੂ ਪਾਉਣ ਤੋਂ ਪਹਿਲਾ ਕਾਰ ਪੂਰੀ ਸੜ ਚੁੱਕੀ ਸੀ। ਬਾਅਦ ਵਿੱਚ ਪੁਲਸ ਅਧਿਕਾਰੀਆਂ ਨੇ ਕਾਰ ਦੀ ਜਾਂਚ ਕੀਤੀ ਤਾਂ ਉਸ ਵਿੱਚ ਅੱਗੇ ਦੀ ਸੀਟ ਵਿੱਚ ਸੜਿਆ ਹੋਇਆ ਪਿੰਜਰ ਮਿਲਿਆ। ਕਾਰ ਵਿੱਚ ਇੱਕ ਗੈਸ ਸਿਲੰਡਰ ਵੀ ਫਟਿਆ ਹੋਇਆ ਪਾਇਆ ਗਿਆ ਸੀ। ਪੁਲਸ ਨੇ ਸ਼ੁਰੂਆਤੀ ਦੌਰ ਵਿੱਚ ਇਹ ਸ਼ੱਕ ਜ਼ਾਹਰ ਕੀਤਾ ਸੀ ਕਿ ਇਹ ਮਾਮਲਾ ਹੱਤਿਆ ਦਾ ਹੋ ਸਕਦਾ ਹੈ। ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ।