ਕਾਰ ਤੇ ਟਿੱਪਰ ਦੀ ਟੱਕਰ ਵਿੱਚ ਦੋ ਜਣਿਆਂ ਦੀ ਮੌਤ


ਬਨੂੜ, 6 ਮਈ (ਪੋਸਟ ਬਿਊਰੋ)- ਬਨੂੜ-ਜ਼ੀਰਕਪੁਰ ਹਾਈਵੇ ਉੱਤੇ ਪਿੰਡ ਬਸੀ ਈਸੇ ਖਾਂ ਨੇੜੇ ਵਾਪਰੇ ਹਾਦਸੇ ਵਿੱਚ ਕਾਰ ਸਵਾਰ ਦੋ ਔਰਤਾਂ ਦੀ ਮੌਤ ਹੋ ਗਈ ਤੇ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ।
ਕਾਰ ਸਵਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਬਾਤ (ਜ਼ੀਰਕਪੁਰ) ਵਿਖੇ ਰਹਿੰਦੇ ਕੁੜਮ ਦੀ ਮੌਤ ਹੋ ਗਈ ਸੀ। ਓਥੋਂ ਉਸ ਦੇ ਸਸਕਾਰ ਪਿੱਛੋਂ ਉਨ੍ਹਾਂ ਦਾ ਪਰਵਾਰ ਵਾਪਸ ਆਪਣੇ ਪਿੰਡ ਆਕੜੀ (ਪਟਿਆਲਾ) ਜਾ ਰਿਹਾ ਸੀ ਕਿ ਪਿੰਡ ਬਸੀ ਈਸੇ ਖਾਂ ਨੇੜੇ ਉਨ੍ਹਾਂ ਸੜਕ ਕਿਨਾਰੇ ਮਿੱਟੀ ਦੇ ਬਣੇ ਘੜੇ ਤੇ ਕੈਂਪਰ ਦੇਖੇ। ਜੋਗਿੰਦਰ ਸਿੰਘ ਨੇ ਭਤੀਜੇ ਸੁਰਜੀਤ ਸਿੰਘ ਨੂੰ ਕਿਹਾ ਕਿ ਉਹ ਘਰ ਲਈ ਇੱਕ ਕੈਂਪਰ ਲੈ ਚਲਦੇ ਹਨ। ਉਨ੍ਹਾਂ ਦੇ ਭਤੀਜੇ ਨੇ ਸੜਕ ਕਿਨਾਰੇ ਗੱਡੀ ਰੋਕੀ ਤੇ ਉਹ ਗੱਡੀ ਤੋਂ ਉੱਤਰ ਕੇ ਕੈਂਪਰ ਖਰੀਦਣ ਲੱਗ ਗਏ। ਇੰਨੇ ਵਿੱਚ ਪਿੱਛੋਂ ਆ ਰਿਹਾ ਟਿੱਪਰ ਕਾਰ ਨੂੰ ਸੌ ਫੁੱਟ ਤੱਕ ਘੜੀਸਦਾ ਲੈ ਗਿਆ ਤੇ ਸੱਜੇ ਪਾਸੇ ਸੜਕ ਕਿਨਾਰੇ ਬਣੇ ਡਿਵਾਈਡਰ ‘ਤੇ ਚੜ੍ਹਾ ਦਿੱਤੀ। ਕਾਰ ਵਿੱਚ ਬੈਠੀਆਂ ਤਿੰਨ ਔਰਤਾਂ ਤੇ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਾਰ ਵਿੱਚ ਫਸੇ ਲੋਕਾਂ ਨੂੰ ਰਾਹਗੀਰਾਂ ਨੇ ਬਾਹਰ ਕੱਢਿਆ ਤੇ ਐਂਬੂਲੈਂਸ ਦੀ ਮਦਦ ਨਾਲ ਚੰਡੀਗੜ੍ਹ ਸੈਕਟਰ 32 ਦੇ ਜਨਰਲ ਹਸਪਾਤਲ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਕਰਨੈਲ ਕੌਰ ਪਤਨੀ ਨਛੱਤਰ ਸਿੰਘ ਅਤੇ ਸੁਰਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਹੋਏ ਕਾਰ ਚਾਲਕ ਸੁਰਜੀਤ ਸਿੰਘ ਅਤੇ ਨਸੀਬ ਕੌਰ ਪਤਨੀ ਜੋਗਿੰਦਰ ਸਿੰਘ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ‘ਚ ਜ਼ਿੰਦਗੀ ਮੌਤ ਨਾਲ ਜੂਝ ਰਹੇ ਹਨ। ਏ ਐੱਸ ਆਈ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਜ਼ਖਮੀਆਂ ਦੇ ਬਿਆਨ ਲੈਣ ਲਈ ਹਸਪਤਾਲ ਜਾ ਰਹੇ ਹਨ। ਟਿੱਪਰ ਚਾਲਕ ਟਿੱਪਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਜਿਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ।