ਕਾਰਬਨ ਟੈਕਸ ਦੇ ਪਰਿਵਾਰਾਂ ਉੱਤੇ ਪੈਣ ਵਾਲੇ ਬੋਝ ਦਾ ਵੇਰਵਾ ਦੇਣ ਲਈ ਲਿਬਰਲਾਂ ਉੱਤੇ ਟੋਰੀਜ਼ ਨੇ ਵਧਾਇਆ ਦਬਾਅ

ਓਟਵਾ, 14 ਜੂਨ (ਪੋਸਟ ਬਿਊਰੋ) : ਕੰਜ਼ਰਵੇਟਿਵ ਫਾਇਨਾਂਸ ਕ੍ਰਿਟਿਕ ਪਿਏਰੇ ਪੋਇਲੀਵੀਅਰ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਲਿਬਰਲਾਂ ਨੂੰ ਚੈਨ ਦਾ ਸਾਹ ਨਹੀਂ ਲੈਣ ਦੇਣਗੇ ਜਦੋਂ ਤੱਕ ਉਹ ਉਨ੍ਹਾਂ ਨੂੰ ਇਹ ਨਹੀਂ ਦੱਸਦੇ ਕਿ ਇੱਕ ਟੰਨ ਪਿੱਛੇ 50 ਡਾਲਰ ਕਾਰਬਨ ਟੈਕਸ ਦਾ ਕੈਨੇਡੀਅਨ ਪਰਿਵਾਰ ਉੱਤੇ ਔਸਤ ਕਿੰਨਾ ਬੋਝ ਪਵੇਗਾ।
ਓਨਟਾਰੀਓ ਵਿੱਚ ਡੱਗ ਫੋਰਡ ਦੀ ਜਿੱਤ ਨਾਲ ਖੁਦ ਨੂੰ ਮਜ਼ਬੂਤ ਸਥਿਤੀ ਵਿੱਚ ਮੰਨ ਰਹੇ ਕੰਜ਼ਰਵੇਟਿਵਾਂ ਵੱਲੋਂ ਪੋਇਲੀਵੀਅਰ ਨੇ ਇੱਕ ਮਤਾ ਪੇਸ਼ ਕਰਕੇ ਇਹ ਮੰਗ ਕੀਤੀ ਕਿ ਲਿਬਰਲ ਕਾਰਬਨ ਟੈਕਸ ਸਬੰਧੀ ਇਹ ਵੇਰਵਾ 22 ਜੂਨ ਤੱਕ ਮੁਹੱਈਆ ਕਰਵਾਉਣ। ਜਿ਼ਕਰਯੋਗ ਹੈ ਕਿ ਓਨਟਾਰੀਓ ਵਿੱਚ ਪਿੱਛੇ ਜਿਹੇ ਹੀ ਪ੍ਰੋਵਿੰਸ਼ੀਅਲ ਚੋਣਾਂ ਜਿੱਤੇ ਫੋਰਡ ਨੇ ਓਨਟਾਰੀਓ ਵਾਸੀਆਂ ਨੂੰ ਕੈਪ ਐਂਡ ਟਰੇਡ ਸਿਸਟਮ ਤੋਂ ਖਹਿੜਾ ਛੁਡਾਉਣ ਦਾ ਵਾਅਦਾ ਕੀਤਾ ਸੀ।
ਪੋਇਲੀਵੀਅਰ ਦੇ ਹੋਰ ਕੰਜ਼ਰਵੇਟਿਵ ਕਈ ਹਫਤਿਆਂ ਤੋਂ ਇਸ ਮੁੱਦੇ ਉੱਤੇ ਮਤਾ ਲਿਆਉਣ ਦੀ ਕੋਸਿ਼ਸ਼ ਕਰ ਰਹੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਲਿਬਰਲਾਂ ਵੱਲੋਂ ਅਗਲੇ ਸਾਲ ਤੋਂ ਹਰੇਕ ਪ੍ਰੋਵਿੰਸ ਤੋਂ 20 ਡਾਲਰ ਪ੍ਰਤੀ ਟੰਨ ਦੇ ਹਿਸਾਬ ਨਾਲ ਕਾਰਬਨ ਟੈਕਸ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ। 2022 ਤੱਕ ਇਹ ਰਕਮ 50 ਡਾਲਰ ਪ੍ਰਤੀ ਟੰਨ ਹੋ ਜਾਵੇਗੀ। ਫੈਡਰਲ ਕਾਰਬਨ ਕੀਮਤ ਤੈਅ ਕਰਨ ਲਈ ਬਿੱਲ ਅਜੇ ਲਿਆਂਦਾ ਜਾਣਾ ਹੈ ਤੇ ਇਸ ਨੂੰ ਫਿਰ ਉਨ੍ਹਾਂ ਪ੍ਰੋਵਿੰਸਾਂ ਉੱਤੇ ਲਾਗੂ ਕੀਤਾ ਜਾਵੇਗਾ ਜਿਹੜੇ ਸਹਿਯੋਗ ਨਹੀਂ ਕਰਨਗੇ।
ਐਨਵਾਇਰਮੈਂਟ ਮੰਤਰੀ ਕੈਥਰੀਨ ਮੈਕੈਨਾ ਦਾ ਤਰਕ ਇਹ ਹੈ ਕਿ ਪਰਿਵਾਰਾਂ ਉੱਤੇ ਕਾਰਬਨ ਟੈਕਸ ਦਾ ਪੈਣ ਵਾਲਾ ਬੋਝ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਪ੍ਰੋਵਿੰਸ ਕਾਰਬਨ ਟੈਕਸ ਦੀ ਆਮਦਨ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਨ। ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਓਨਟਾਰੀਓ ਦੇ ਲੋਕਾਂ ਨੇ ਉਸ ਸਮੇਂ ਕਾਰਬਨ ਟੈਕਸ ਦੇ ਆਈਡੀਆ ਨੂੰ ਰੱਦ ਕਰ ਦਿੱਤਾ ਜਦੋਂ ਉਨ੍ਹਾਂ ਪਿਛਲੇ ਹਫਤੇ ਫੋਰਡ ਨੂੰ ਚੁਣਿਆ।