ਕਾਮਨਵੈੱਲਥ ਖੇਡਾਂ ਮੁੱਕਣ ਤੋਂ ਪਹਿਲੇ ਦਿਨ ਭਾਰਤ ਵਲੋਂ ਗੋਲਡ ਮੈਡਲਾਂ ਦੀ ਝੜੀ


ਗੋਲਡ ਕੋਸਟ, 15 ਅਪਰੈਲ, (ਪੋਸਟ ਬਿਊਰੋ)- ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋ ਰਹੀਆਂ ਕਾਮਨਵੈੱਲਥ ਖੇਡਾਂ ਦੇ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਭਾਰਤੀ ਮੁੱਕੇਬਾਜ਼ਾਂ ਐਮ ਸੀ ਮੈਰੀਕਾਮ (48 ਕਿਲੋਗ੍ਰਾਮ), ਵਿਕਾਸ ਕ੍ਰਿਸ਼ਨ (75 ਕਿਲੋਗ੍ਰਾਮ), ਗੌਰਵ ਸੋਲੰਕੀ (52 ਕਿਲੋਗ੍ਰਾਮ) ਨੇ ਸੋਨੇ ਤਗ਼ਮੇ ਜਿੱਤੇ ਤੇ ਸਤੀਸ਼ ਕੁਮਾਰ (91 ਕਿਲੋਗ੍ਰਾਮ), ਅਮਿਤ ਪੰਗਾਲ (49 ਕਿਲੋਗ੍ਰਾਮ) ਤੇ ਮਨੀਸ਼ ਕੌਸ਼ਿਕ (60 ਕਿਲੋਗ੍ਰਾਮ) ਨੇ ਚਾਂਦੀ ਦੇ ਤਗ਼ਮੇ ਲਏ। ਭਾਰਤ ਦੇ ਮੁੱਕੇਬਾਜ਼ਾਂ ਨੇ ਇਸ ਵਾਰੀ ਨੌਂ ਤਗ਼ਮੇ ਜਿੱਤ ਕੇ ਹੁਣ ਤੱਕ ਦੀ ਬਿਹਤਰੀਨ ਕਾਰਗੁਜ਼ਾਰੀ ਪੇਸ਼ ਕੀਤੀ ਹੈ।
ਜੈਵਲਿਨ-ਥ੍ਰੋਅ ਮੁਕਾਬਲੇ ਵਿੱਚ ਭਾਰਤੀ ਅਥਲੀਟ ਨੀਰਜ ਚੋਪੜਾ ਨੇ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ ਹੈ। ਇਹ ਜਿੱਤ ਹਾਸਲ ਵਾਲਾ ਉਹ ਪਹਿਲਾ ਭਾਰਤੀ ਹੈ। ਉਸ ਨੇ ਫਾਈਨਲ ਵਿੱਚ ਸੈਸ਼ਨ ਦਾ ਸਰਵੋਤਮ 86.47 ਮੀਟਰ ਜੈਵਲਿਨ ਸੁੱਟ ਕੇ ਸਭ ਨੂੰ ਹੈਰਾਨ ਕਰ ਦਿੱਤਾ। ਨਿਸ਼ਾਨੇਬਾਜ਼ੀ ਦੇ 50 ਮੀਟਰ ਰਾਈਫਲ ਦੇ ਪੁਰਸ਼ ਮੁਕਾਬਲੇ ਵਿੱਚ ਭਾਰਤ ਦੇ ਸੰਜੀਵ ਰਾਜਪੂਤ ਨੇ ਸੋਨ ਤਗ਼ਮਾ ਜਿੱਤਿਆ। ਕੁਸ਼ਤੀ ਵਿੱਚ ਸੁਮਿਤ ਮਲਿਕ ਨੇ 125 ਕਿੱਲੋ ਵਰਗ ਤੇ ਵਿਨੇਸ਼ ਫੋਗਾਟ ਨੇ 50 ਕਿੱਲੋ ਵਰਗ ਵਿੱਚ ਦੋ ਸੋਨ ਤਗ਼ਮੇ ਆਪਣੇ ਦੇਸ਼ ਨੂੰ ਦਿਵਾਏ, ਪਰ ਸਾਕਸ਼ੀ ਮਲਿਕ ਨੇ 62 ਕਿੱਲੋ ਭਾਰ ਵਰਗ ਵਿੱਚ ਸਿਰਫ ਕਾਂਸੀ ਦਾ ਤਗ਼ਮਾ ਹੀ ਜਿੱਤ ਸਕੀ। ਬੈਡਮਿੰਟਨ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਭਾਰਤ ਦੀ ਮਨਿਕਾ ਬੱਤਰਾ ਨੇ ਸਿੰਗਾਪੁਰ ਦੀ ਯੂ ਮੈਂਗਯੂ ਨੂੰ 4-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਸਕੂਐਸ਼ ਦੇ ਮਿਕਸਡ ਡਬਲਜ਼ ਵਿੱਚ ਭਾਰਤ ਦੇ ਸੌਰਭ ਘੋਸ਼ਾਲ ਤੇ ਦੀਪਿਕਾ ਪੱਲੀਕਲ ਦੀ ਜੋੜੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਮਹਿਲਾ ਹਾਕੀ ਦੇ ਤੀਸਰੇ ਥਾਂ ਦੇ ਮੁਕਾਬਲੇ ਵਿਚ ਇੰਗਲੈਂਡ ਤੋਂ 6-0 ਨਾਲ ਹਾਰ ਤੋਂ ਬਾਅਦ ਭਾਰਤੀ ਟੀਮ ਚੌਥੇ ਥਾਂ ਰਹੀ। ਪੂਲ ਮੁਕਾਬਲਿਆਂ ਵਿਚ ਭਾਰਤ ਦੀ ਟੀਮ ਨੇ ਇੰਗਲੈਂਡ ਨੂੰ 2.1 ਨਾਲ ਹਰਾਇਆ ਸੀ, ਪਰ ਅੱਜ ਉਸ ਕੋਲੋਂ ਹਾਰ ਕੇ ਲਗਾਤਾਰ ਤੀਜੀ ਵਾਰ ਕਾਮਨਵੈੱਲਥ ਖੇਡਾਂ ਤੋਂ ਖ਼ਾਲੀ ਹੱਥ ਰਹੀ ਹੈ। ਪੁਰਸ਼ ਵਰਗ ਵਿੱਚ ਵੀ ਭਾਰਤੀ ਹਾਕੀ ਟੀਮ ਇੰਗਲੈਂਡ ਤੋਂ ਹੀ ਤੀਸਰੇ ਥਾਂ ਦੇ ਮੁਕਾਬਲੇ ਵਿੱਚ ਹਾਰ ਗਈ ਅਤੇ ਇਸ ਤਰ੍ਹਾਂ ਹਾਕੀ ਦਾ ਪੱਲੜਾ ਖਾਲੀ ਰਿਹਾ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਭਾਰਤ ਦੇ 15 ਸਾਲਾ ਅਨੀਸ਼ ਭਨਵਾਲਾ ਨੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਰਿਕਾਰਡ ਬਣਾ ਕੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਬਣਾ ਦਿੱਤਾ। ਉਹ ਕਾਮਨਵੈੱਲਥ ਖੇਡਾਂ ਵਿੱਚ ਸੋਨਾ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਭਾਰਤੀ ਨਿਸ਼ਾਨੇਬਾਜ਼ ਬਣ ਗਿਆ ਅਤੇ ਉਸ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ 30 ਅੰਕਾਂ ਨਾਲ ਗੋਲਡ ਮੈਡਲ ਜਿੱਤਿਆ। 37 ਸਾਲਾ ਤੇਜਸਵਿਨੀ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮੁਕਾਬਲੇ ਦੇ ਫਾਈਨਲ ਵਿੱਚ ਕਾਮਨਵੈੱਲਥ ਖੇਡਾਂ ਦਾ ਰਿਕਾਰਡ ਬਣਾ ਕੇ 457.9 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤ ਲਿਆ ਤੇ ਭਾਰਤ ਦੀ ਅੰਜੁਮ ਮੋਦਗਿਲ ਨੇ ਚਾਂਦੀ ਤਗ਼ਮਾ ਜਿੱਤਿਆ।
ਭਾਰਤ ਦੇ ਬਜਰੰਗ ਪੂਨੀਆ ਨੇ ਕੁਸ਼ਤੀ ਦਾ 65 ਕਿਲੋ ਫਰੀ ਸਟਾਇਲ ਦਾ ਸੋਨ ਤਗ਼ਮਾ ਜਿੱਤਿਆ। ਮੌਸਮ ਖੱਤਰੀ (97 ਕਿਲੋ) ਤੇ ਪੂਜਾ ਢਾਂਡਾ (57 ਕਿਲੋ) ਨੇ ਚਾਂਦੀ ਤੇ ਦਿਵਿਆ ਕਾਕਰਾਨ (68 ਕਿਲੋ) ਨੇ ਕਾਂਸੇ ਮੈਡਲ ਜਿੱਤੇ। ਬਜਰੰਗ ਨੇ ਕਾਮਨਵੈੱਲਥ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਗ਼ਮਾ ਹਾਸਲ ਕੀਤਾ। ਦਿਵਿਆ ਨੇ 68 ਕਿਲੋ ਵਰਗ ਵਿੱਚ ਬੰਗਲਾ ਦੇਸ਼ ਦੀ ਸ਼ੈਰੀਨ ਸੁਲਤਾਨਾ ਨੂੰ ਹਰਾ ਕੇ ਦੇਸ਼ ਨੂੰ ਇੱਕ ਹੋਰ ਤਗ਼ਮਾ ਦਿਵਾਇਆ।
ਟੇਬਲ ਟੈਨਿਸ ਵਿੱਚ ਮਾਨਿਕਾ ਬਤਰਾ ਤੇ ਮਾਉਮਾ ਦਾਸ ਦੀ ਜੋੜੀ ਮਹਿਲਾ ਡਬਲਜ਼ ਮੁਕਾਬਲੇ ਦੇ ਫਾਈਨਲ ਵਿੱਚ ਹਾਰ ਗਈ ਤੇ ਚਾਂਦੀ ਦਾ ਮੈਡਲ ਮਿਲਿਆ। ਤਿੰਨ ਮੁੱਕੇਬਾਜ਼ਾਂ ਨਮਨ ਤੰਵਰ, ਮਨੋਜ ਕੁਮਾਰ ਅਤੇ ਮੁਹੰਮਦ ਹੁਸਾਮੁਦੀਨ ਵੀ ਸੈਮੀ ਫਾਈਨਲ ਵਿੱਚ ਹਾਰ ਕੇ ਕਾਂਸੀ ਦੇ ਤਗ਼ਮੇ ਤੱਕ ਸੀਮਤ ਹੋ ਗਏ।