ਕਾਮਨਵੈੱਲਥ ਖੇਡਾਂ : ਮੀਰਾਬਾਈ ਚਾਨੂ ਨੇ ਰਿਕਾਰਡ ਬਣਾਉਣ ਨਾਲ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ


* ਵੇਟ ਲਿਫਟਿੰਗ ਦੇ ਸਿਲਵਰ ਮੈਡਲ ਨਾਲ ਗੁਰੂਰਾਜਾ ਨੇ ਖਾਤਾ ਖੋਲ੍ਹਿਆ
ਨਵੀਂ ਦਿੱਲੀ, 5 ਅਪਰੈਲ, (ਪੋਸਟ ਬਿਊਰੋ)- ਆਸਟ੍ਰੇਲੀਆ ਵਿਚ ਹੋ ਰਹੀਆਂ ਕਾਮਨਵੈੱਲਥ ਖੇਡਾਂ ਦੇ ਪਹਿਲੇ ਦਿਨ ਭਾਰਤ ਨੇ ਸਿਲਵਰ ਮੈਡਲ ਹਾਸਲ ਕਰ ਕੇ ਆਪਣਾ ਖਾਤਾ ਖੋਲ੍ਹਣ ਪਿੱਛੋਂ ਇਕ ਗੋਲਡ ਮੈਡਲ ਵੀ ਜਿੱਤ ਲਿਆ। ਇਨ੍ਹਾ ਖੇਡਾਂ ਵਿਚ ਭਾਰਤ ਲਈ ਪਹਿਲਾ ਗੋਲਡ ਮੈਡਲ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਨੇ ਵੇਟਲਿਫ਼ਟਿੰਗ ਵਿੱਚ 48 ਕਿੱਲੋ ਵਰਗ ਵਿਚ ਦਿਵਾਇਆ, ਪਰ ਖਾਤਾ ਖੋਲ੍ਹਣ ਵਾਲਾ ਸਿਲਵਰ ਮੈਡਲ ਗੁਰੂਰਾਜਾ ਨੇ ਜਿੱਤਿਆ।
ਵੇਟਲਿਫਟਿੰਗ ਸਨੈਚ ਵਿਚ ਭਾਰਤ ਦੀ ਮੀਰਾਬਾਈ ਚਾਨੂ ਨੇ (80 ਕਿੱਲੋ, 84 ਕਿੱਲੋ, 86 ਕਿੱਲੋ) ਭਾਰ ਚੁੱਕਿਆ ਤੇ ਕਲੀਨ ਐਂਡ ਜਰਕ ਦੇ ਪਹਿਲੇ ਯਤਨ ਵਿਚ 103 ਕਿੱਲੋਗ੍ਰਾਮ ਭਾਰ ਚੁੱਕਿਆ। ਦੂਜੇ ਯਤਨ ਵਿਚ 107 ਕਿੱਲੋਗ੍ਰਾਮ ਅਤੇ ਤੀਜੇ ਵਿਚ 110 ਕਿੱਲੋਗ੍ਰਾਮ ਚੁੱਕਿਆ। 80 ਕਿੱਲੋਗ੍ਰਾਮ ਭਾਰ ਚੁੱਕਦੇ ਸਾਰ ਉਸ ਨੇ ਕਾਮਨਵੈੱਲਥ ਖੇਡਾਂ ਦਾ ਨਵਾਂ ਰਿਕਾਰਡ ਬਣਾ ਦਿਤਾ। ਇਸ ਤੋਂ ਬਾਅਦ ਅਪਣੇ ਤੀਜੇ ਤੇ ਆਖ਼ਰੀ ਯਤਨ ਵਿਚ ਉਸ ਨੇ 86 ਕਿੱਲੋ ਭਾਰ ਚੁੱਕ ਕੇ ਕਾਮਨਵੈੱਲਥ ਖੇਡਾਂ ਵਿਚ ਅਪਣੇ ਹੀ ਸਰਬ ਸ਼੍ਰੇਸਠ ਪ੍ਰਦਰਸ਼ਨ (85 ਕਿੱਲੋਗ੍ਰਾਮ) ਨੂੰ ਪਿੱਛੇ ਛੱਡ ਦਿਤਾ।
ਮੀਰਾਬਾਈ ਚਾਨੂੰ ਨੇ ਵੀਰਵਾਰ ਨੂੰ ਗੋਲਡ ਕੋਸਟ ਦੀ ਸ਼ੁਰੂਆਤ ਕਾਮਨਵੈੱਲਥ ਖੇਡਾਂ ਦਾ ਰਿਕਾਰਡ ਬਣਾਉਣ ਨਾਲ ਕੀਤੀ ਹੈ। ਉਨ੍ਹਾਂ ਨੇ 81 ਕਿੱਲੋ ਭਾਰ ਉਠਾ ਕੇ 77 ਕਿੱਲੋ ਦਾ ਪਿਛਲਾ ਰਿਕਾਰਡ ਤੋੜ ਦਿਤਾ। ਇਸ ਪਿੱਛੋਂ ਅਗਲੇ ਦੋ ਯਤਨਾਂ ਵਿਚ ਆਪਣਾ ਹੀ ਰਿਕਾਰਡ ਸੁਧਾਰ ਲਿਆ। ਦੂਜੇ ਯਤਨ ਵਿਚ ਉਸ ਨੇ 84 ਕਿੱਲੋਗ੍ਰਾਮ ਭਾਰ ਚੁੱਕਿਆ ਤੇ ਤੀਜੇ ਵਿਚ 86 ਕਿੱਲੋਗ੍ਰਾਮ ਚੁੱਕ ਲਿਆ। ਇਸ ਦੇ ਨਾਲ ਉਸ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਚੁੱਕੇ ਆਪਣੇ 85 ਕਿੱਲੋਗ੍ਰਾਮ ਦੇ ਰਿਕਾਰਡ ਨੂੰ ਸੁਧਾਰ ਲਿਆ। ਉਸ ਨੂੰ ਸ਼ੁਰੂ ਤੋਂ ਹੀ ਗੋਲਡ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਚਾਨੂ ਨੇ 2014 ਦੀਆਂ ਪਿਛਲਾ ਰਿਕਾਰਡ ਖੇਡਾਂ ਵਿਚ ਵੀ ਸਿਲਵਰ ਮੈਡਲ ਜਿੱਤਿਆ ਸੀ।
ਇਸ ਤੋਂ ਪਹਿਲਾਂ ਕਾਮਨਵੈੱਲਥ ਖੇਡਾਂ ਵਿੱਚ ਅੱਜ ਭਾਰਤ ਦੇ ਵੇਟਲਿਫ਼ਟਰ ਗੁਰੂਰਾਜਾ ਨੇ ਆਪਣੇ ਦੇਸ਼ ਲਈ ਪਹਿਲਾ ਮੈਡਲ ਮਰਦਾਂ ਦੇ 56 ਕਿੱਲੋ ਵਰਗ ਵਿੱਚ ਜਿੱਤਿਆ। ਭਾਰਤੀ ਹਵਾਈ ਫ਼ੌਜ ਦੇ ਹੇਠਲੀ ਸ਼੍ਰੇਣੀ ਦਾ ਮੁਲਾਜ਼ਮ ਗੁਰੂਰਾਜਾ ਇੱਕ ਟਰੱਕ ਡਰਾਈਵਰ ਦੇ ਬੇਟਾ ਹੈ। ਉਹ ਪਹਿਲਵਾਨ ਬਣਨਾ ਚਾਹੁੰਦਾ ਸੀ, ਪਰ ਕੋਚ ਨੂੰ ਉਸ ਵਿਚ ਵੇਟਲਿਫਟਰ ਦੀ ਯੋਗਤਾ ਨਜ਼ਰ ਆਈ ਤੇ ਇਸ ਖੇਡ ਵਿਚ ਉਹ ਸਫਲ ਹੋ ਗਿਆ। ਗੁਰੂਰਾਜਾ ਨੇ ਅਪਣਾ ਸਰਬ ਸ਼੍ਰੇਸਠ ਪ੍ਰਦਰਸ਼ਨ ਦੁਹਰਾਉਂਦੇ ਹੋਏ 249 ਕਿੱਲੋ (111 ਤੇ 138 ਕਿੱਲੋ) ਭਾਰ ਚੁੱਕਿਆ। ਮਲੇਸ਼ੀਆ ਦੇ ਤਿੰਨ ਵਾਰ ਦੇ ਚੈਂਪੀਅਨ ਮੁਹੰਮਦ ਇਜ਼ਹਾਰ ਅਹਿਮਦ ਨੇ ਖੇਡਾਂ ਦਾ ਨਵਾਂ ਰਿਕਾਰਡ ਬਣਾਉਂਦੇ ਹੋਏ 261 ਕਿੱਲੋ (117 ਅਤੇ 144) ਵਜ਼ਨ ਉਠਾ ਕੇ ਗੋਲਡ ਮੈਡਲ ਅਪਣੇ ਨਾਮ ਕੀਤਾ। ਗੁਰੂਰਾਜਾ ਸਨੈਚ ਤੋਂ ਬਾਅਦ ਤੀਜੇ ਸਥਾਨ ਉੱਤੇ ਸੀ। ਕਲੀਨ ਤੇ ਜਰਕ ਦੇ ਪਹਿਲੇ ਦੋ ਯਤਨਾਂ ਵਿਚ ਉਹ ਨਾਕਾਮ ਰਿਹਾ, ਪਰ ਆਖ਼ਰੀ ਯਤਨ ਵਿਚ 138 ਕਿੱਲੋ ਵਜ਼ਨ ਚੁੱਕ ਕੇ ਸਿਲਵਰ ਮੈਡਲ ਜਿੱਤ ਲਿਆ। ਅਹਿਮਦ ਨੇ ਅਪਣੇ ਦੇਸ਼ ਦੇ ਹਾਮਿਜ਼ਾਨ ਅਮੀਰੁਲ ਇਬਰਾਹੀਮ ਦਾ 116 ਕਿੱਲੋ ਦਾ ਸਾਲ 2010 ਦਾ ਹੀ ਸਨੈਚ ਰਿਕਾਰਡ ਤੋੜਿਆ। ਉਸ ਨੇ 2010 ਦਿੱਲੀ ਰਾਸ਼ਟਰ ਮੰਡਲ ਖੇਡਾਂ ਵਿਚ ਬਣਾਇਆ ਸੀ।