ਕਾਬੁਲ ਵਿੱਚ ਹੋਟਲ ਅੱਗੇ ਆਤਮਘਾਤੀ ਹਮਲੇ ਵਿੱਚ 18 ਹਲਾਕ


ਕਾਬੁਲ, 17 ਨਵੰਬਰ (ਪੋਸਟ ਬਿਊਰੋ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਇੱਕ ਰੈਸਟੋਰੈਂਟ ਮੂਹਰੇ ਕੱਲ੍ਹ ਵਿਆਹ ਸਮਾਗਮ ਦੌਰਾਨ ਆਤਮਘਾਤੀ ਹਮਲਾ ਹੋਇਆ। ਅਫਗਾਨ ਮੀਡੀਆ ‘ਟੋਲੋ ਨਿਊਜ਼’ ਮੁਤਾਬਕ ਇਸ ਹਮਲੇ ਵਿੱਚ 18 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਅੱਠ ਪੁਲਸ ਵਾਲੇ ਅਤੇ 10 ਆਮ ਨਾਗਰਿਕ ਸਨ।
ਪੁਲਸ ਬੁਲਾਰੇ ਮੁਤਾਬਕ ਹਮਲਾਵਰ ਰੈਸਟੋਰੈਂਟ ਵਿੱਚ ਦਾਖਲ ਹੋਣਾ ਚਾਹੁੰਦਾ ਸੀ, ਪਰ ਸੁਰੱਖਿਆ ਮੁਲਾਜ਼ਮ ਨੇ ਉਸ ਨੂੰ ਦਰਵਾਜ਼ੇ ਉੱਤੇ ਹੀ ਰੋਕ ਦਿੱਤਾ। ਉਸ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਇਸ ਘਟਨਾ ਵਿੱਚ ਨੇੜੇ ਖੜੀਆਂ ਦੋ ਕਾਰਾਂ ਨੂੰ ਅੱਗ ਲੱਗ ਗਈ। ਹਾਲੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਬੁਲ ਵਿੱਚ ਲਬ-ਏ-ਜ਼ਾਰ ਸਕੇਇਰ ਨੇੜੇ ਖੈਰ ਖਾਨਾ ਪੈਲੇਸ ਅੱਗੇ ਧਮਾਕਾ ਹੋਇਆ। ਪ੍ਰਤੱਖ ਦਰਸ਼ੀਆਂ ਮੁਤਾਬਕ ਧਮਾਕੇ ਤੋਂ ਬਾਅਦ ਜਮੀਅਤ-ਏ-ਇਸਲਾਮੀ ਪਾਰਟੀ ਦੇ ਅਧਿਕਾਰੀ ਅਤੇ ਕਈ ਲੋਕ ਮੌਕੇ ਉੱਤੇ ਪੁੱਜੇ। ਵਰਨਣ ਯੋਗ ਹੈ ਕਿ ਪਿਛਲੇ ਇੱਕ ਸਾਲ ਤੋਂ ਲਗਾਤਾਰ ਅੱਤਵਾਦੀ ਹਮਲੇ ਤੇਜ਼ ਹੋ ਰਹੇ ਹਨ। ਅਮਰੀਕਾ ਨੇ ਜਦੋਂ ਤੋਂ ਅਫਗਾਨਿਸਤਾਨ ਵਿਰੁੱਧ ਆਪਣੀ ਲੜਾਈ ਤੇਜ਼ ਕੀਤੀ ਹੈ, ਉਦੋਂ ਤੋਂ ਅੱਤਵਾਦੀ ਘਟਨਾਵਾਂ ਵੱਧ ਗਈਆਂ ਹਨ ਅਤੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।